DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਹਵਾ ਸਭ ਦੀ ਸਾਂਝੀ

ਦੀਆ ਮਿਰਜ਼ਾ ਦੀ ਦੀਵਾਲੀ ਵਾਲੀ ਵੀਡੀਓ ਨੂੰ ਹਟਾਉਣ ’ਤੇ ਬੌਂਬੇ ਹਾਈ ਕੋਰਟ ਦੀ ਫਿਟਕਾਰ ਇਸ ਗੱਲ ਦੀ ਯਾਦ ਦਿਵਾਉਂਦੀ ਹੈ ਕਿ ਵਾਤਾਵਰਣ ਜਿਹੇ ਅਹਿਮ ਮੁੱਦਿਆਂ ਨੂੰ ਸਿਆਸੀ ਨਾਖੁਸ਼ਗਵਾਰੀ ਦੀ ਭੇਟ ਨਹੀਂ ਚੜ੍ਹਾਇਆ ਜਾ ਸਕਦਾ। ਇਹ ਅਦਾਕਾਰਾ ਬ੍ਰਿਹਨਮੁੰਬਈ ਮਿਉਂਸਿਪਲ ਕਾਰਪੋਰੇਸ਼ਨ (ਬੀ...

  • fb
  • twitter
  • whatsapp
  • whatsapp
Advertisement

ਦੀਆ ਮਿਰਜ਼ਾ ਦੀ ਦੀਵਾਲੀ ਵਾਲੀ ਵੀਡੀਓ ਨੂੰ ਹਟਾਉਣ ’ਤੇ ਬੌਂਬੇ ਹਾਈ ਕੋਰਟ ਦੀ ਫਿਟਕਾਰ ਇਸ ਗੱਲ ਦੀ ਯਾਦ ਦਿਵਾਉਂਦੀ ਹੈ ਕਿ ਵਾਤਾਵਰਣ ਜਿਹੇ ਅਹਿਮ ਮੁੱਦਿਆਂ ਨੂੰ ਸਿਆਸੀ ਨਾਖੁਸ਼ਗਵਾਰੀ ਦੀ ਭੇਟ ਨਹੀਂ ਚੜ੍ਹਾਇਆ ਜਾ ਸਕਦਾ। ਇਹ ਅਦਾਕਾਰਾ ਬ੍ਰਿਹਨਮੁੰਬਈ ਮਿਉਂਸਿਪਲ ਕਾਰਪੋਰੇਸ਼ਨ (ਬੀ ਐੱਮ ਸੀ) ਦੀ ਉਸ ਮੁਹਿੰਮ ਨਾਲ ਜੁੜੀ ਸੀ, ਜਿਸ ਵਿੱਚ ਲੋਕਾਂ ਨੂੰ ਸੜਕਾਂ ’ਤੇ ਪਟਾਕੇ ਨਾ ਚਲਾਉਣ ਦੀ ਅਪੀਲ ਕੀਤੀ ਗਈ ਸੀ। ਇਹ ਮੁਹਿੰਮ ਹਾਈ ਕੋਰਟ ਦੇ ਨਿਰਦੇਸ਼ਾਂ ਤਹਿਤ ਸ਼ੁਰੂ ਕੀਤੀ ਗਈ ਸੀ ਪਰ ਦੀਆ ਮਿਰਜ਼ਾ ਨੂੰ ‘ਹਿੰਦੂ ਵਿਰੋਧੀ’ ਦੱਸਦਿਆਂ ਸਿਆਸੀ ਇਤਰਾਜ਼ ਜਤਾਏ ਗਏ। ਇਸ ਤੋਂ ਬਾਅਦ ਨਗਰ ਨਿਗਮ ਨੇ ਬਾਕੀ ਉੱਘੀਆਂ ਹਸਤੀਆਂ ਦੀਆਂ ਵੀਡੀਓਜ਼ ਤਾਂ ਰੱਖੀਆਂ ਪਰ ਦੀਆ ਮਿਰਜ਼ਾ ਵਾਲੀ ਵੀਡੀਓ ਡਿਲੀਟ ਕਰ ਦਿੱਤੀ। ਅਦਾਲਤ ਨੇ ਇਸ ਘਟਨਾ ਨੂੰ ਮੰਦਭਾਗੀ ਕਰਾਰ ਦਿੰਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਇੱਕ ਧਰਮ-ਨਿਰਪੱਖ ਦੇਸ਼ ਹੈ। ਅਦਾਲਤ ਨੇ ਬੀ ਐੱਮ ਸੀ ਨੂੰ ਹੁਕਮ ਦਿੱਤਾ ਕਿ ਉਹ ਉਸ ਵੀਡੀਓ ਨੂੰ ਮੁੜ ਬਹਾਲ ਕਰੇ। ਸਾਡੀ ਕਿੰਨੀ ਤ੍ਰਾਸਦੀ ਹੈ ਕਿ ਹਵਾ ਅਤੇ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਦੀ ਇੱਕ ਅਪੀਲ ਨੂੰ ਧਾਰਮਿਕ ਵਫ਼ਾਦਾਰੀ ਦੀ ਪ੍ਰੀਖਿਆ ਬਣਾ ਦਿੱਤਾ ਗਿਆ। ਅਦਾਲਤ ਨੇ ਟਿੱਪਣੀ ਕੀਤੀ ਹੈ ਕਿ ਹਰ ਕੋਈ ਇੱਕੋ ਹਵਾ ਵਿੱਚ ਸਾਹ ਲੈਂਦਾ ਹੈ; ਵਾਤਾਵਰਣ ਦੀ ਸੁਰੱਖਿਆ ਨਾ ਤਾਂ ਕੋਈ ਸਿਆਸੀ ਮੁੱਦਾ ਹੈ ਅਤੇ ਨਾ ਹੀ ਕਿਸੇ ਇੱਕ ਧਰਮ ਦੀ ਮਲਕੀਅਤ। ਇਸ ਲਈ ਪਟਾਕੇ ਚਲਾਉਣ ਤੋਂ ਵਰਜਣਾ ਲੋਕਾਂ ਦੇ ਦੀਵਾਲੀ ਮਨਾਉਣ ਦੇ ਅਧਿਕਾਰ ਉੱਤੇ ਡਾਕਾ ਮਾਰਨ ਵਰਗੀ ਗੱਲ ਨਹੀਂ ਹੈ।

ਸਾਲ 2020 ਵਿੱਚ ਤਨਿਸ਼ਕ ਨੇ ਇੱਕ ਇਸ਼ਤਿਹਾਰ ਵਾਪਸ ਲੈ ਲਿਆ ਸੀ, ਜਿਸ ਵਿੱਚ ਇੱਕ ਮੁਸਲਮਾਨ ਪਰਿਵਾਰ ਨੂੰ ਆਪਣੀ ਨੂੰਹ ਦੀ ਗੋਦ ਭਰਾਈ (ਹਿੰਦੂ ਰੀਤੀ-ਰਿਵਾਜ ਨਾਲ ਬੱਚੇ ਦੇ ਜੰਮਣ ਤੋਂ ਪਹਿਲਾਂ ਦੀ ਰਸਮ) ਦੀ ਰਸਮ ਨਿਭਾਉਂਦੇ ਹੋਏ ਦਿਖਾਇਆ ਗਿਆ ਸੀ। ਸੋਸ਼ਲ ਮੀਡੀਆ ’ਤੇ ਵਿਰੋਧ ਅਤੇ ਬਾਈਕਾਟ ਦੀ ਕਾਲ ਆਉਣ ਤੋਂ ਬਾਅਦ ਇਸ਼ਤਿਹਾਰ ਵਾਪਸ ਲੈਣ ਦਾ ਕਦਮ ਚੁੱਕਿਆ ਗਿਆ ਸੀ। ਇਸੇ ਤਰ੍ਹਾਂ 2021 ਵਿੱਚ ਫੈਬਇੰਡੀਆ ਨੇ ਆਪਣੇ ਉਰਦੂ ਸਿਰਲੇਖ ‘ਜਸ਼ਨ-ਏ-ਰਿਵਾਜ’ ਉੱਤੇ ਇਤਰਾਜ਼ ਜਤਾਏ ਜਾਣ ਤੋਂ ਬਾਅਦ ਆਪਣੀ ਤਿਉਹਾਰੀ ਮੁਹਿੰਮ ਨੂੰ ਵਾਪਸ ਲੈ ਲਿਆ ਸੀ। ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਕਿਸੇ ਵੀ ਸੁਨੇਹੇ ਜਾਂ ਸਿਰਜਣਾ ਨੂੰ ਇਸ ਦੀਆਂ ਖ਼ੂਬੀਆਂ-ਖ਼ਾਮੀਆਂ ਦੇਖਣ ਦੀ ਬਜਾਏ ਸੱਭਿਆਚਾਰਕ ਨਾਰਾਜ਼ਗੀ ਅਤੇ ਰੰਜਿਸ਼ ਦੇ ਨਜ਼ਰੀਏ ਤੋਂ ਦੇਖਿਆ ਗਿਆ।

Advertisement

ਜਮਹੂਰੀਅਤ ਵਿੱਚ ਅਸਹਿਮਤੀ ਵਾਜਬ ਹੈ ਪਰ ਡਰਾਉਣ-ਧਮਕਾਉਣ ਅਤੇ ਜ਼ਬਰਦਸਤੀ ਦੀਆਂ ਮੁਹਿੰਮਾਂ ਵਾਜਬ ਨਹੀਂ ਹਨ। ਇਸ ਤੋਂ ਵੀ ਵੱਧ ਫ਼ਿਕਰਮੰਦੀ ਦੀ ਗੱਲ ਇਹ ਹੈ ਕਿ ਅਦਾਰਿਆਂ ਵੱਲੋਂ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਸੁਨੇਹੇ ਦਾ ਬਚਾਅ ਕਰਨ ਦੀ ਬਜਾਏ ਪੈਰ ਪਿਛਾਂਹ ਖਿੱਚਣ ਜਾਂ ਝੁਕ ਜਾਣ ਦੀ ਪ੍ਰਵਿਰਤੀ ਦਿਖਾਈ ਜਾਂਦੀ ਹੈ। ਮੁੰਬਈ ਮਿਉਂਸਿਪਲ ਕਾਰਪੋਰੇਸ਼ਨ (ਬੀ ਐੱਮ ਸੀ) ਦਾ ਗੋਡੇ ਟੇਕਣਾ ਗ਼ੈਰ-ਵਾਜਬ ਸੀ ਕਿਉਂਕਿ ਉਸ ਦੀ ਇਹ ਮੁਹਿੰਮ ਅਦਾਲਤੀ ਨਿਰਦੇਸ਼ਾਂ ਤਹਿਤ ਸ਼ੁਰੂ ਹੋਈ ਸੀ ਅਤੇ ਜਨਤਕ ਸਿਹਤ ਦੀ ਭਲਾਈ ਲਈ ਸੀ। ਅਦਾਲਤ ਦੀ ਇਸ ਦਖ਼ਲਅੰਦਾਜ਼ੀ ਤੋਂ ਆਗੂਆਂ ਨੂੰ ਸਬਕ ਲੈਣਾ ਚਾਹੀਦਾ ਹੈ ਕਿ ਉਹ ਮੁੱਦਿਆਂ ਨੂੰ ਫ਼ਿਰਕੂ ਰੰਗ ਦੇਣ ਤੋਂ ਗੁਰੇਜ਼ ਕਰਨ ਜਦੋਂਕਿ ਅਦਾਰਿਆਂ ਨੂੰ ਵੀ ਧਰਮ-ਨਿਰਪੱਖ ਕਦਰਾਂ-ਕੀਮਤਾਂ ਉੱਤੇ ਪਹਿਰਾ ਦੇਣ ਦੀ ਹਿੰਮਤ ਦਿਖਾਉਣੀ ਚਾਹੀਦੀ ਹੈ। ਅਦਾਲਤ ਨੇ ਬਿਲਕੁਲ ਸਪੱਸ਼ਟ ਹੱਦ ਤੈਅ ਕਰ ਦਿੱਤੀ ਹੈ ਕਿ ਵਾਤਾਵਰਣ ਦੇ ਮੁੱਦੇ ਨੂੰ ਫ਼ਿਰਕੂ ਰੰਗ ਨਾ ਦਿੱਤਾ ਜਾਵੇ।

Advertisement

Advertisement
×