DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਹਵਾਈ ਫ਼ੌਜ ਦੀ ਉੱਚੀ ਉਡਾਣ

ਪਿਛਲੇ ਸਾਲ ਅਪਰੇਸ਼ਨ ਸਿੰਧੂਰ ਦੌਰਾਨ ਆਪਣੀ ਤਾਕਤ ਦਾ ਲੋਹਾ ਮਨਵਾਉਣ ਵਾਲੀ ਭਾਰਤੀ ਹਵਾਈ ਫ਼ੌਜ ਨੇ ਦੁਨੀਆ ਦੀਆਂ ਸਭ ਤੋਂ ਮੋਹਰੀ ਹਵਾਈ ਸ਼ਕਤੀਆਂ ਵਿੱਚ ਲਗਾਤਾਰ ਆਪਣੀ ਪੈਂਠ ਬਣਾਈ ਹੋਈ ਹੈ। ਵਰਲਡ ਡਾਇਰੈਕਟਰੀ ਔਫ ਮਾਡਰਨ ਮਿਲਟਰੀ ਏਅਰਕ੍ਰਾਫਟ ਨੇ ਸਾਲ 2026 ਦੀਆਂ ਆਲਮੀ...

  • fb
  • twitter
  • whatsapp
  • whatsapp
Advertisement

ਪਿਛਲੇ ਸਾਲ ਅਪਰੇਸ਼ਨ ਸਿੰਧੂਰ ਦੌਰਾਨ ਆਪਣੀ ਤਾਕਤ ਦਾ ਲੋਹਾ ਮਨਵਾਉਣ ਵਾਲੀ ਭਾਰਤੀ ਹਵਾਈ ਫ਼ੌਜ ਨੇ ਦੁਨੀਆ ਦੀਆਂ ਸਭ ਤੋਂ ਮੋਹਰੀ ਹਵਾਈ ਸ਼ਕਤੀਆਂ ਵਿੱਚ ਲਗਾਤਾਰ ਆਪਣੀ ਪੈਂਠ ਬਣਾਈ ਹੋਈ ਹੈ। ਵਰਲਡ ਡਾਇਰੈਕਟਰੀ ਔਫ ਮਾਡਰਨ ਮਿਲਟਰੀ ਏਅਰਕ੍ਰਾਫਟ ਨੇ ਸਾਲ 2026 ਦੀਆਂ ਆਲਮੀ ਹਵਾਈ ਸ਼ਕਤੀਆਂ ਦੀ ਦਰਜਾਬੰਦੀ ਵਿੱਚ ਭਾਰਤੀ ਹਵਾਈ ਫ਼ੌਜ ਨੂੰ ਛੇਵਾਂ ਸਥਾਨ ਦਿੱਤਾ ਹੈ। ਇਸ ਸੂਚੀ ਵਿੱਚ ਅਮਰੀਕੀ ਹਵਾਈ ਫ਼ੌਜ ਸਭ ਤੋਂ ਉੱਪਰ ਹੈ, ਜਿਸ ਤੋਂ ਬਾਅਦ ਅਮਰੀਕੀ ਨੇਵੀ, ਰੂਸੀ ਹਵਾਈ ਫ਼ੌਜ, ਅਮਰੀਕੀ ਆਰਮੀ ਅਤੇ ਅਮਰੀਕੀ ਮੈਰੀਨ ਕੋਰ ਦਾ ਨੰਬਰ ਆਉਂਦਾ ਹੈ। ਇਸ ਤਰ੍ਹਾਂ ਸਿਰਫ਼ ਅਮਰੀਕਾ ਅਤੇ ਰੂਸ ਹੀ ਭਾਰਤ ਤੋਂ ਅੱਗੇ ਹਨ। ਲਗਾਤਾਰ ਪੰਜਵੇਂ ਸਾਲ ਭਾਰਤੀ ਹਵਾਈ ਫ਼ੌਜ ਨੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਏਅਰ ਫੋਰਸ ਨੂੰ ਪਛਾੜਿਆ ਹੈ, ਜੋ ਸੱਤਵੇਂ ਨੰਬਰ ’ਤੇ ਹੈ (ਜਦੋਂਕਿ ਪਾਕਿਸਤਾਨੀ ਹਵਾਈ ਫ਼ੌਜ 18ਵੇਂ ਸਥਾਨ ’ਤੇ ਹੈ)।

ਇਹ ਦਰਜਾਬੰਦੀ ਸਿਰਫ਼ ਹਵਾਈ ਜਹਾਜ਼ਾਂ ਦੀ ਗਿਣਤੀ ਦੇ ਆਧਾਰ ’ਤੇ ਨਹੀਂ ਕੀਤੀ ਗਈ, ਸਗੋਂ ਇਹ ਜੰਗੀ ਸਮਰੱਥਾ, ਤਕਨੀਕੀ ਆਧੁਨਿਕੀਕਰਨ, ਰਸਦ-ਪਾਣੀ ਅਤੇ ਫ਼ੌਜ ਦੀ ਬਣਤਰ ਦਾ ਮੁਕੰਮਲ ਮੁਲਾਂਕਣ ਹੈ। ਭਾਰਤੀ ਹਵਾਈ ਫ਼ੌਜ ਕੋਲ 1,700 ਤੋਂ ਵੱਧ ਵੱਖ-ਵੱਖ ਜਹਾਜ਼ਾਂ ਦਾ ਬੇੜਾ ਹੈ, ਜਿਸ ਵਿੱਚ ਲੜਾਕੂ ਜਹਾਜ਼, ਮਾਲਵਾਹਕ ਜਹਾਜ਼, ਹੈਲੀਕਾਪਟਰ, ਟ੍ਰੇਨਰ ਅਤੇ ਖ਼ਾਸ ਮੁਹਿੰਮਾਂ ਵਾਲੇ ਪਲੈਟਫਾਰਮ ਸ਼ਾਮਿਲ ਹਨ, ਜੋ ਇਸ ਦੀ ਸੰਤੁਲਿਤ ਤਾਕਤ ਨੂੰ ਦਰਸਾਉਂਦਾ ਹੈ। ਐੱਚ ਏ ਐੱਲ ਧਰੁਵ ਅਤੇ ਤੇਜਸ ਮਾਰਕ-1ਏ ਵਰਗੇ ਦੇਸੀ ਪਲੈਟਫਾਰਮ ਰੱਖਿਆ ਉਤਪਾਦਨ ਦੇ ਖੇਤਰ ਵਿੱਚ ਭਾਰਤ ਦੀ ਆਤਮ-ਨਿਰਭਰਤਾ ਦੀ ਮੁਹਿੰਮ ਨੂੰ ਵੱਡਾ ਹੁਲਾਰਾ ਦੇ ਰਹੇ ਹਨ। ਡਬਲਯੂ ਡੀ ਐੱਮ ਐੱਮ ਏ ਵੱਲੋਂ ਸਥਾਨਕ ਪੱਧਰ ’ਤੇ ਹਵਾਈ ਜਹਾਜ਼ਾਂ ਦੇ ਉਤਪਾਦਨ ਉੱਤੇ ਦਿੱਤੇ ਗਏ ਜ਼ੋਰ ਨੇ ਭਾਰਤ ਦੀ ਰੱਖਿਆ ਦੇ ਖੇਤਰ ਵਿੱਚ ਆਤਮ-ਨਿਰਭਰ ਮੁਹਿੰਮ ਦੀ ਰਣਨੀਤਕ ਅਹਿਮੀਅਤ ’ਤੇ ਮੋਹਰ ਲਾਈ ਹੈ। ਇਸ ਸ਼ਾਨਦਾਰ ਦਰਜਾਬੰਦੀ ਕਾਰਨ ਸਾਨੂੰ ਬੇਫ਼ਿਕਰ ਜਾਂ ਲਾਪਰਵਾਹ ਨਹੀਂ ਹੋਣਾ ਚਾਹੀਦਾ। ਭਾਰਤੀ ਹਵਾਈ ਫ਼ੌਜ ਅਜੇ ਵੀ ਜੰਗੀ ਪੱਧਰ ’ਤੇ ਕਈ ਅਹਿਮ ਕਮੀਆਂ ਦਾ ਸਾਹਮਣਾ ਕਰ ਰਹੀ ਹੈ। ਲੜਾਕੂ ਜਹਾਜ਼ਾਂ ਦੀਆਂ ਪ੍ਰਵਾਨਿਤ 42 ਸਕੁਐਡਰਨਾਂ ਦੇ ਮੁਕਾਬਲੇ ਇਸ ਵੇਲੇ ਹਵਾਈ ਫ਼ੌਜ ਕੋਲ ਸਿਰਫ਼ 29 ਸਕੁਐਡਰਨਾਂ ਹੀ ਸਰਗਰਮ ਹਨ, ਜਿਸ ਕਾਰਨ ਇੱਕੋ ਵੇਲੇ ਕਈ ਮੋਰਚਿਆਂ ’ਤੇ ਲੰਮੇ ਸਮੇਂ ਤੱਕ ਜੰਗ ਲੜਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਇਸ ਤੋਂ ਇਲਾਵਾ ਫ਼ੌਜੀ ਤਾਕਤ ਨੂੰ ਕਈ ਗੁਣਾ ਵਧਾਉਣ ਵਾਲੇ ਸਾਧਨਾਂ ਜਿਵੇਂ ਕਿ ਹਵਾ ਵਿੱਚ ਹੀ ਦੁਸ਼ਮਣ ’ਤੇ ਨਜ਼ਰ ਰੱਖਣ ਵਾਲੇ ਸਿਸਟਮ (ਏਅਰਬੋਰਨ ਅਰਲੀ ਵਾਰਨਿੰਗ ਐਂਡ ਕੰਟਰੋਲ), ਹਵਾ ਵਿੱਚ ਈਂਧਣ ਭਰਨ ਵਾਲੇ ਟੈਂਕਰ, ਇਲੈਕਟ੍ਰਾਨਿਕ ਵਾਰਫੇਅਰ ਯੰਤਰ ਅਤੇ ISTAR-ਖ਼ੁਫ਼ੀਆ, ਨਿਗਰਾਨੀ ਅਤੇ ਟਾਰਗੈੱਟ ਦੀ ਪਛਾਣ ਕਰਨ ਵਾਲੇ ਪਲੈਟਫਾਰਮ ਦੀ ਘਾਟ ਨੂੰ ਵੀ ਤੁਰੰਤ ਦੂਰ ਕਰਨ ਦੀ ਲੋੜ ਹੈ। ਅਜੋਕੇ ਦੌਰ ਦੀ ਜੰਗ ਵਿੱਚ ਇਹ ਸਾਰੀਆਂ ਸਮਰੱਥਾਵਾਂ ਬੇਹੱਦ ਜ਼ਰੂਰੀ ਹਨ, ਜਿੱਥੇ ਜਾਣਕਾਰੀ ’ਚ ਸਰਦਾਰੀ ਅਤੇ ਦੂਰ ਤੱਕ ਮਾਰ ਕਰਨ ਦੀ ਸਮਰੱਥਾ ਹੀ ਅਕਸਰ ਜਿੱਤ-ਹਾਰ ਦਾ ਫ਼ੈਸਲਾ ਕਰਦੀ ਹੈ। ਸਰਕਾਰ ਨੇ ਵੱਡੇ ਪੱਧਰ ’ਤੇ ਖ਼ਰੀਦ ਪ੍ਰਕਿਰਿਆਵਾਂ ਸ਼ੁਰੂ ਕਰਕੇ ਇਨ੍ਹਾਂ ਕਮੀਆਂ ਨੂੰ ਸੁਧਾਰਨ ਦੇ ਯਤਨ ਵਿੱਢ ਦਿੱਤੇ ਹਨ। ਸਮੇਂ ਸਿਰ ਨਵੇਂ ਸਾਧਨਾਂ ਦੀ ਖ਼ਰੀਦ, ਦੇਸੀ ਕਾਢਾਂ ਅਤੇ ਆਧੁਨਿਕੀਕਰਨ ਦੀ ਰਫ਼ਤਾਰ ਨੂੰ ਤੇਜ਼ ਕਰਕੇ ਹੀ ਭਾਰਤੀ ਹਵਾਈ ਫ਼ੌਜ ਦੀ ਜੰਗੀ ਤਿਆਰੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ। ਭਾਰਤ ਦੇ ਆਸਮਾਨ ਦੀ ਰਾਖੀ ਲਈ ਦੁਸ਼ਮਣ ਦੇ ਨਾਪਾਕ ਇਰਾਦਿਆਂ ਨੂੰ ਪਛਾੜਨ ਅਤੇ ਉਸ ਦੇ ਦਿਲ ਵਿੱਚ ਡਰ ਪੈਦਾ ਕਰਨ ਦੀ ਸਮਰੱਥਾ ਹੋਣਾ ਬੇਹੱਦ ਲਾਜ਼ਮੀ ਹੈ।

Advertisement

Advertisement

Advertisement
×