ਏ ਆਈ ਖ਼ਤਰਾ ਮਾਈਥੋਸ
ਬੈਂਕਾਂ ਨੂੰ ਸਮੇਂ-ਸਮੇਂ ’ਤੇ ਸਾਈਬਰ ਅਪਰਾਧਾਂ ਦੇ ਖ਼ਤਰੇ ਦਾ ਸਾਹਮਣਾ ਕਰਨਾ ਪਿਆ ਹੈ, ਪਰ ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਨੇ ਇਸ ਖ਼ਤਰੇ ਨੂੰ ਇੱਕ ਨਵੇਂ ਅਤੇ ਗੰਭੀਰ ਪੱਧਰ ’ਤੇ ਪਹੁੰਚਾ ਦਿੱਤਾ ਹੈ। ਹਾਲ ਹੀ ਵਿੱਚ ਐਂਥਰੋਪਿਕ ਦੇ ‘ਮਾਈਥੋਸ’ ਨਾਮੀ ਮਸਨੂਈ ਬੁੱਧੀ...
ਬੈਂਕਾਂ ਨੂੰ ਸਮੇਂ-ਸਮੇਂ ’ਤੇ ਸਾਈਬਰ ਅਪਰਾਧਾਂ ਦੇ ਖ਼ਤਰੇ ਦਾ ਸਾਹਮਣਾ ਕਰਨਾ ਪਿਆ ਹੈ, ਪਰ ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਨੇ ਇਸ ਖ਼ਤਰੇ ਨੂੰ ਇੱਕ ਨਵੇਂ ਅਤੇ ਗੰਭੀਰ ਪੱਧਰ ’ਤੇ ਪਹੁੰਚਾ ਦਿੱਤਾ ਹੈ। ਹਾਲ ਹੀ ਵਿੱਚ ਐਂਥਰੋਪਿਕ ਦੇ ‘ਮਾਈਥੋਸ’ ਨਾਮੀ ਮਸਨੂਈ ਬੁੱਧੀ ਦੇ ਮਾਡਲ ਨੂੰ ਲੈ ਕੇ ਪ੍ਰਗਟਾਈ ਗਈ ਚਿੰਤਾ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਬੈਂਕ ਅਤੇ ਵਿੱਤੀ ਸੰਸਥਾਵਾਂ ਆਖ਼ਰ ਇੰਨੀਆਂ ਚਿੰਤਤ ਕਿਉਂ ਹਨ? ਮਾਈਥੋਸ ਕੋਈ ਆਮ ਚੈਟਬੋਟ ਨਹੀਂ ਹੈ। ਇਸ ਨੂੰ ਇੱਕ ਅਜਿਹਾ ਸ਼ਕਤੀਸ਼ਾਲੀ ‘ਸਾਈਬਰ ਬੁੱਧੀਮਾਨ’ ਦੱਸਿਆ ਗਿਆ ਹੈ, ਜੋ ਖ਼ੁਦਮੁਖ਼ਤਿਆਰ ਤਰੀਕੇ ਨਾਲ ਸੌਫਟਵੇਅਰ ਪ੍ਰਣਾਲੀਆਂ ਵਿੱਚ ਖ਼ਾਮੀਆਂ ਲੱਭ ਸਕਦਾ ਹੈ ਅਤੇ ਉਨ੍ਹਾਂ ਦਾ ਫ਼ਾਇਦਾ ਉਠਾਉਣ ਦੇ ਤਰੀਕੇ ਵੀ ਸੁਝਾਅ ਸਕਦਾ ਹੈ। ਸੌਖੇ ਸ਼ਬਦਾਂ ਵਿੱਚ ਆਖੀਏ ਤਾਂ ਇਹ ਉਹ ਕੰਮ ਕੁਝ ਘੰਟਿਆਂ ਵਿੱਚ ਹੀ ਕਰ ਸਕਦਾ ਹੈ, ਜਿਸ ਨੂੰ ਕਰਨ ਲਈ ਇਨਸਾਨੀ ਹੈਕਰਾਂ ਨੂੰ ਕਈ ਹਫ਼ਤੇ ਲੱਗ ਸਕਦੇ ਹਨ। ਇਹੀ ਗੱਲ ਇਸ ਨੂੰ ਚਿੰਤਾਜਨਕ ਬਣਾਉਂਦੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਖ਼ਤਰੇ ਨੂੰ ‘ਅਣਕਿਆਸਿਆ’ ਕਰਾਰ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਅਜਿਹੀ ਉੱਨਤ ਏ ਆਈ ਤਕਨੀਕ ਲਈ ਬੈਂਕਾਂ ਵਿੱਚ ਵਧੇਰੇ ਚੌਕਸੀ ਅਤੇ ਬਿਹਤਰ ਤਾਲਮੇਲ ਦੀ ਲੋੜ ਹੈ। ਵਿੱਤ ਮੰਤਰਾਲੇ ਨੇ ਬੈਂਕਾਂ ਨੂੰ ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਵਰਗੀਆਂ ਏਜੰਸੀਆਂ ਨਾਲ ਮਿਲ ਕੇ ਕੰਮ ਕਰਨ ਲਈ ਵੀ ਕਿਹਾ ਹੈ ਤਾਂ ਜੋ ਖ਼ਤਰਿਆਂ ਦੀ ਪਛਾਣ ਕਰਕੇ ਉਨ੍ਹਾਂ ਦਾ ਤੁਰੰਤ ਹੱਲ ਕੱਢਿਆ ਜਾ ਸਕੇ।
ਇਹ ਡਰ ਅਸਲੀ ਹੈ ਕਿਉਂਕਿ ਭਾਰਤ ਦਾ ਬੈਂਕਿੰਗ ਸਿਸਟਮ ਅਜੇ ਵੀ ਕਾਫ਼ੀ ਹੱਦ ਤੱਕ ਪੁਰਾਣੀ ਤਕਨੀਕ ’ਤੇ ਨਿਰਭਰ ਹੈ। ਬਹੁਤ ਸਾਰੇ ਬੈਂਕ ਪੁਰਾਣੇ ਸੌਫਟਵੇਅਰ, ਦੇਰੀ ਨਾਲ ਹੋਣ ਵਾਲੇ ਅੱਪਡੇਟ ਅਤੇ ਗੁੰਝਲਦਾਰ ਵੈਂਡਰ ਨੈੱਟਵਰਕ ਦੇ ਸਹਾਰੇ ਚੱਲ ਰਹੇ ਹਨ। ਜੇਕਰ ਮਾਈਥੋਸ ਵਰਗਾ ਕੋਈ ਏ ਆਈ ਟੂਲ ਕੋਈ ਕਮਜ਼ੋਰ ਕੜੀ ਲੱਭ ਲੈਂਦਾ ਹੈ ਤਾਂ ਇਹ ਡੇਟਾ ਚੋਰੀ, ਭੁਗਤਾਨ ਪ੍ਰਣਾਲੀ ਦੇ ਫੇਲ੍ਹ ਹੋਣ, ਏ ਟੀ ਐੱਮ ਬੰਦ ਹੋਣ ਜਾਂ ਗਾਹਕਾਂ ਵਿੱਚ ਦਹਿਸ਼ਤ ਫੈਲਣ ਦਾ ਕਾਰਨ ਬਣ ਸਕਦਾ ਹੈ। ਕਿਸੇ ਇੱਕ ਵੱਡੇ ਬੈਂਕ ’ਤੇ ਸਾਈਬਰ ਹਮਲੇ ਨਾਲ ਪੂਰੇ ਵਿੱਤੀ ਢਾਂਚੇ ’ਤੋਂ ਲੋਕਾਂ ਦਾ ਭਰੋਸਾ ਡੋਲ ਸਕਦਾ ਹੈ। ਇਹ ਚਿੰਤਾ ਸਿਰਫ਼ ਭਾਰਤ ਦੀ ਹੀ ਨਹੀਂ ਹੈ। ਇੱਥੋਂ ਤੱਕ ਕਿ ਕੌਮਾਂਤਰੀ ਮੁਦਰਾ ਫੰਡ (ਆਈ.ਐਮ.ਐਫ.) ਤੇ ਵਰਲਡ ਬੈਂਕ ਦੀਆਂ ਬੈਠਕਾਂ ਵਿੱਚ ਵੀ ਵਿਸ਼ਵ ਨੇਤਾਵਾਂ ਨੇ ਇਸ ਗੱਲ ’ਤੇ ਚਰਚਾ ਕੀਤੀ ਕਿ ਕੀ ਸਾਈਬਰ ਖ਼ਤਰੇ ਹੁਣ ਇੰਨੇ ਵੱਡੇ ਹੋ ਗਏ ਹਨ ਕਿ ਇਕੱਲੇ ਇਨਸਾਨਾਂ ਦਾ ਇਨ੍ਹਾਂ ਨਾਲ ਸਿੱਝਣਾ ਮੁਸ਼ਕਿਲ ਹੈ।
ਇਸ ਸਥਿਤੀ ਦਾ ਦੂੁਜਾ ਪੱਖ ਵੀ ਹੈ ਕਿ ਮਸਨੂਈ ਬੁੱਧੀ ਸੁਰੱਖਿਆ ਛਤਰੀ ਵਜੋਂ ਵੀ ਕੰਮ ਕਰ ਸਕਦੀ ਹੈ। ਇਹੀ ਤਕਨੀਕ ਬੈਂਕਾਂ ਨੂੰ ਧੋਖਾਧੜੀ ਦਾ ਪਤਾ ਲਗਾਉਣ, ਕਮਜ਼ੋਰ ਬਿੰਦੂਆਂ ਦੀ ਪਛਾਣ ਕਰਨ ਅਤੇ ਸੁਰੱਖਿਆ ਨੂੰ ਹੋਰ ਤੇਜ਼ੀ ਨਾਲ ਮਜ਼ਬੂਤ ਕਰਨ ਵਿੱਚ ਮਦਦ ਕਰ ਸਕਦੀ ਹੈ। ਅਸਲ ਲੋੜ ਏ ਆਈ ਦੇ ਹਿਸਾਬ ਨਾਲ ਖ਼ੁਦ ਨੂੰ ਤਿਆਰ ਕਰਨ ਦੀ ਹੈ। ਬੈਂਕਾਂ ਨੂੰ ਆਪਣੇ ਪੁਰਾਣੇ ਸਿਸਟਮ ਦਾ ਨਵੀਨੀਕਰਨ ਕਰਨਾ ਚਾਹੀਦਾ ਹੈ, ਤਤਕਾਲੀ ਨਿਗਰਾਨੀ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਅਤੇ ਖ਼ਤਰੇ ਬਾਰੇ ਜਾਣਕਾਰੀ ਆਪਸ ਵਿੱਚ ਤੇਜ਼ੀ ਨਾਲ ਸਾਂਝੀ ਕਰਨੀ ਚਾਹੀਦੀ ਹੈ। ਅੱਜ, ਸਾਈਬਰ ਸੁਰੱਖਿਆ ਸਿਰਫ਼ ਇੱਕ ਸੂਚਨਾ ਤਕਨਾਲੋਜੀ (ਆਈ ਟੀ) ਦਾ ਮੁੱਦਾ ਨਹੀਂ ਰਹਿ ਗਈ ਹੈ, ਸਗੋਂ ਇਹ ਆਰਥਿਕ ਸਥਿਰਤਾ ਅਤੇ ਜਨਤਾ ਦੇ ਭਰੋਸੇ ਦੀ ਬੁਨਿਆਦ ਬਣ ਚੁੱਕੀ ਹੈ।

