ਏ ਆਈ ਦੀਆਂ ਹੱਦਾਂ
ਆਸਟਰੇਲੀਆ ਦੀ ਇੱਕ ਤਾਜ਼ਾ ਘਟਨਾ, ਜਿਸ ਵਿੱਚ ਇੱਕ ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਏਜੰਟ ਨੇ ਸਰਕਾਰੀ ਸਿਹਤ ਪੋਰਟਲ ਤੱਕ ਬਿਨਾਂ ਇਜਾਜ਼ਤ ਦੇ ਪਹੁੰਚ ਕਰ ਲਈ ਸੀ, ਇੱਕ ਅਜਿਹੀ ਖ਼ਤਰੇ ਦੀ ਘੰਟੀ ਹੈ, ਜਿਸ ਨੂੰ ਭਾਰਤ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਇਸ ਘਟਨਾ...
ਆਸਟਰੇਲੀਆ ਦੀ ਇੱਕ ਤਾਜ਼ਾ ਘਟਨਾ, ਜਿਸ ਵਿੱਚ ਇੱਕ ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਏਜੰਟ ਨੇ ਸਰਕਾਰੀ ਸਿਹਤ ਪੋਰਟਲ ਤੱਕ ਬਿਨਾਂ ਇਜਾਜ਼ਤ ਦੇ ਪਹੁੰਚ ਕਰ ਲਈ ਸੀ, ਇੱਕ ਅਜਿਹੀ ਖ਼ਤਰੇ ਦੀ ਘੰਟੀ ਹੈ, ਜਿਸ ਨੂੰ ਭਾਰਤ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਇਸ ਘਟਨਾ ਨੇ ਦਿਖਾਇਆ ਹੈ ਕਿ ਕਿਵੇਂ ਇੱਕ ਸਹੀ ਅਤੇ ਜਾਇਜ਼ ਕੰਮ ਵਿੱਚ ਲੱਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਵੀ ਆਪਣੇ ਲਈ ਤੈਅ ਕੀਤੀਆਂ ਗਈਆਂ ਹੱਦਾਂ ਨੂੰ ਪਾਰ ਕਰ ਸਕਦਾ ਹੈ। ਇਹ ਘਟਨਾ ਇੱਕ ਵੱਡਾ ਸਵਾਲ ਖੜ੍ਹਾ ਕਰਦੀ ਹੈ ਕਿ ਉਦੋਂ ਕੀ ਹੋਵੇਗਾ ਜਦੋਂ ਏ ਆਈ ਆਪਣੇ ਆਪ ਕੰਮ ਕਰਨ ਦੇ ਸਮਰੱਥ ਹੋ ਜਾਵੇਗਾ?
ਅੱਜ ਦੇ ਡਿਜੀਟਲ ਯੁੱਗ ਵਿੱਚ, ਭਾਰਤ ਦੇ ਕਰੋੜਾਂ ਲੋਕ ਆਪਣੀ ਰੋਜ਼ਾਨਾ ਜ਼ਿੰਦਗੀ ਦੀਆਂ ਮੂਲ ਲੋੜਾਂ ਜਿਵੇਂ ਕਿ ਬੈਂਕਿੰਗ ਸੇਵਾਵਾਂ, ਆਨਲਾਈਨ ਪੈਸੇ ਦੇ ਲੈਣ-ਦੇਣ, ਵੱਖ-ਵੱਖ ਸਰਕਾਰੀ ਸਹੂਲਤਾਂ, ਸਿਹਤ ਸੰਭਾਲ ਅਤੇ ਹੋਰ ਜ਼ਰੂਰੀ ਕੰਮਾਂ ਲਈ ਪੂਰੀ ਤਰ੍ਹਾਂ ਡਿਜੀਟਲ ਪ੍ਰਣਾਲੀਆਂ ’ਤੇ ਨਿਰਭਰ ਹੋ ਚੁੱਕੇ ਹਨ। ਦੇਸ਼ ਵਿੱਚ ‘ਉਮੰਗ’ ਵਰਗੇ ਵਿਸ਼ਾਲ ਪਲੇਟਫਾਰਮ ਮੌਜੂਦ ਹਨ, ਜੋ ਹਜ਼ਾਰਾਂ ਵੱਖ-ਵੱਖ ਸਰਕਾਰੀ ਸੇਵਾਵਾਂ ਨੂੰ ਇੱਕੋ ਛੱਤ ਹੇਠ ਜਾਂ ਇੱਕੋ ਪਲੇਟਫਾਰਮ ’ਤੇ ਇਕੱਠਾ ਕਰਦੇ ਹਨ। ਜਿਵੇਂ-ਜਿਵੇਂ ਅਜਿਹੇ ਡਿਜੀਟਲ ਅਤੇ ਤਕਨੀਕੀ ਸਿਸਟਮ ਆਪਸ ਵਿੱਚ ਹੋਰ ਜ਼ਿਆਦਾ ਜੁੜਦੇ ਜਾਣਗੇ, ਉਨ੍ਹਾਂ ਦਾ ਘੇਰਾ ਓਨਾ ਹੀ ਵਿਸ਼ਾਲ ਹੁੰਦਾ ਜਾਵੇਗਾ। ਪਰ ਇਸ ਦੇ ਨਾਲ ਹੀ ਇਸ ਨੈੱਟਵਰਕ ਦੇ ਕਿਸੇ ਇੱਕ ਵੀ ਹਿੱਸੇ ਜਾਂ ਪਲੇਟਫਾਰਮ ਵਿੱਚਲੀ ਕੋਈ ਮਾਮੂਲੀ ਕਮਜ਼ੋਰੀ ਦਾ ਨਾਜਾਇਜ਼ ਫ਼ਾਇਦਾ ਉਠਾਉਣ ’ਤੇ ਹੋਣ ਵਾਲਾ ਨੁਕਸਾਨ ਬਹੁਤ ਵੱਡੇ ਪੱਧਰ ’ਤੇ ਹੋ ਸਕਦਾ ਹੈ।
ਖ਼ਤਰਾ ਇਹ ਨਹੀਂ ਹੈ ਕਿ ਏ ਆਈ ਅਚਾਨਕ ‘ਬੁਰਾ’ ਬਣ ਜਾਵੇਗਾ। ਇਸ ਤੋਂ ਵੱਡੀ ਚਿੰਤਾ ਇਹ ਹੈ ਕਿ ਇੱਕ ਮਸ਼ੀਨ ਨੂੰ ਕੋਈ ਖ਼ਾਸ ਕੰਮ ਦਿੱਤਾ ਜਾ ਸਕਦਾ ਹੈ ਅਤੇ ਉਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿੱਚ ਉਹ ਅਜਿਹਾ ਰਸਤਾ ਅਪਣਾ ਸਕਦੀ ਹੈ, ਜਿਸ ਬਾਰੇ ਉਸ ਦੇ ਮਨੁੱਖੀ ਉਪਭੋਗਤਾਵਾਂ ਨੇ ਕਦੇ ਸੋਚਿਆ ਵੀ ਨਾ ਹੋਵੇ। ਇਨਸਾਨ ਜਾਣਦਾ ਹੈ ਕਿ ਬੰਦ ਦਰਵਾਜ਼ਾ ਇੱਕ ਰੁਕਾਵਟ ਹੁੰਦਾ ਹੈ, ਪਰ ਇੱਕ ਏ ਆਈ ਏਜੰਟ ਇਸ ਨੂੰ ਹੱਲ ਕੀਤੇ ਜਾਣ ਵਾਲੀ ਇੱਕ ਸਮੱਸਿਆ ਸਮਝ ਸਕਦਾ ਹੈ। ਭਾਰਤ ਪਹਿਲਾਂ ਹੀ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਏ ਆਈ ਦੀ ਵਰਤੋਂ ਕਰ ਰਿਹਾ ਹੈ, ਪਰ ਇਹੀ ਤਕਨੀਕ ਸਾਈਬਰ ਹਮਲਿਆਂ ਨੂੰ ਹੋਰ ਵੀ ਤੇਜ਼ ਅਤੇ ਜ਼ਿਆਦਾ ਗੁੰਝਲਦਾਰ ਬਣਾ ਸਕਦੀ ਹੈ।
ਪਰ ਇਸ ਦਾ ਹੱਲ ਏ ਆਈ ਦੀ ਵਰਤੋਂ ਬੰਦ ਕਰਨਾ ਨਹੀਂ ਹੈ, ਸਗੋਂ ਖ਼ੁਦਮੁਖ਼ਤਿਆਰ (ਆਪਣੇ ਆਪ ਕੰਮ ਕਰਨ ਵਾਲੇ) ਸਿਸਟਮਾਂ ਦੀਆਂ ਹੱਦਾਂ ਤੈਅ ਕਰਨਾ ਹੈ। ਇੱਕ ਏ ਆਈ ਏਜੰਟ ਨੂੰ ਸਿਰਫ਼ ਓਨੀ ਹੀ ਪਹੁੰਚ ਮਿਲਣੀ ਚਾਹੀਦੀ ਹੈ ਜਿੰਨੀ ਦੀ ਉਸ ਨੂੰ ਲੋੜ ਹੋਵੇ, ਸੰਵੇਦਨਸ਼ੀਲ ਜਾਣਕਾਰੀ ਨਾਲ ਕੰਮ ਕਰਦਿਆਂ ਉਸ ’ਤੇ ਤਿੱਖੀ ਨਜ਼ਰ ਰੱਖੀ ਜਾਣੀ ਚਾਹੀਦੀ ਹੈ ਅਤੇ ਅਸਾਧਾਰਨ ਵਿਵਹਾਰ ਕਰਨ ’ਤੇ ਉਸ ਨੂੰ ਆਪਣੇ-ਆਪ ਰੋਕਿਆ ਜਾਣਾ ਚਾਹੀਦਾ ਹੈ। ਇਸ ਦੇ ਕੰਮਾਂ ਲਈ ਜ਼ਿੰਮੇਵਾਰ ਇੱਕ ਸਪੱਸ਼ਟ ਅਥਾਰਿਟੀ ਜਾਂ ਸੰਸਥਾ ਵੀ ਹੋਣੀ ਚਾਹੀਦੀ ਹੈ। ਸਾਡੇ ਡਿਜੀਟਲ ਬਦਲਾਅ ਨੇ ਬਹੁਤ ਵੱਡੇ ਲਾਭ ਪਹੁੰਚਾਏ ਹਨ। ਜਿਵੇਂ-ਜਿਵੇਂ ਏ ਆਈ ਆਪਣੇ ਆਪ ਫ਼ੈਸਲੇ ਲੈਣ ਦੇ ਸਮਰੱਥ ਹੋ ਰਿਹਾ ਹੈ, ਸਿਸਟਮ ਨੂੰ ਵਰਤਣ ਦੀ ਖੁੱਲ੍ਹ ਨੂੰ ਕਦੇ ਵੀ ਮਾਲਕੀ ਜਾਂ ਫ਼ੈਸਲੇ ਲੈਣ ਦਾ ਅਧਿਕਾਰ ਨਹੀਂ ਸਮਝਿਆ ਜਾਣਾ ਚਾਹੀਦਾ। ਤਕਨੀਕੀ ਤਰੱਕੀ ਉਨ੍ਹਾਂ ਦਾਇਰਿਆਂ ਵਿੱਚ ਹੀ ਕੰਮ ਕਰਨੀ ਚਾਹੀਦੀ ਹੈ ਜੋ ਇਨਸਾਨਾਂ ਵੱਲੋਂ ਤੈਅ ਕੀਤੇ ਜਾਣ ਨਾ ਕਿ ਮਸ਼ੀਨਾਂ ਵੱਲੋਂ।

