ਏ ਆਈ ਨੂੰ ਲੈ ਕੇ ਚਿੰਤਾ
ਮਸਨੂਈ ਬੁੱਧੀ (ਏ ਆਈ) ਨੂੰ ਆਮ ਤੌਰ ’ਤੇ ਅਜਿਹੀ ਤਕਨੀਕ ਵਜੋਂ ਦੇਖਿਆ ਜਾਂਦਾ ਹੈ, ਜੋ ਖ਼ਾਸ ਤੌਰ ’ਤੇ ਨੌਜਵਾਨਾਂ ਲਈ ਬਣੀ ਹੈ। ਉਹ ਡਿਜੀਟਲ ਸਾਧਨਾਂ ਦੀ ਵਰਤੋਂ ਕਰਨ, ਨੌਕਰੀਆਂ ਵਿੱਚ ਨਵੇਂ ਸੌਫਟਵੇਅਰ ਨੂੰ ਜਲਦੀ ਅਪਣਾਉਣ ਅਤੇ ਅਜਿਹੇ ਕੰਮਕਾਜੀ ਮਾਹੌਲ ਵਿੱਚ...
ਮਸਨੂਈ ਬੁੱਧੀ (ਏ ਆਈ) ਨੂੰ ਆਮ ਤੌਰ ’ਤੇ ਅਜਿਹੀ ਤਕਨੀਕ ਵਜੋਂ ਦੇਖਿਆ ਜਾਂਦਾ ਹੈ, ਜੋ ਖ਼ਾਸ ਤੌਰ ’ਤੇ ਨੌਜਵਾਨਾਂ ਲਈ ਬਣੀ ਹੈ। ਉਹ ਡਿਜੀਟਲ ਸਾਧਨਾਂ ਦੀ ਵਰਤੋਂ ਕਰਨ, ਨੌਕਰੀਆਂ ਵਿੱਚ ਨਵੇਂ ਸੌਫਟਵੇਅਰ ਨੂੰ ਜਲਦੀ ਅਪਣਾਉਣ ਅਤੇ ਅਜਿਹੇ ਕੰਮਕਾਜੀ ਮਾਹੌਲ ਵਿੱਚ ਦਾਖ਼ਲ ਹੋਣ ਦੀ ਜ਼ਿਆਦਾ ਸੰਭਾਵਨਾ ਰੱਖਦੇ ਹਨ, ਜਿੱਥੇ ਏ ਆਈ ਪਹਿਲਾਂ ਹੀ ਮੌਜੂਦ ਹੈ। ਹਾਲਾਂਕਿ, ਗਲਾਸਡੋਰ ਦੇ ਇੱਕ ਨਵੇਂ ਸਰਵੇਖਣ ਮੁਤਾਬਿਕ ਜਿਹੜੀ ਪੀੜ੍ਹੀ ਏ ਆਈ ਦੀ ਵਰਤੋਂ ਕਰਨ ਵਿੱਚ ਸਭ ਤੋਂ ਵੱਧ ਸਹਿਜ ਹੈ, ਉਹ ਹੀ ਇਸ ਦੇ ਨੁਕਸਾਨਾਂ ਤੋਂ ਸਭ ਤੋਂ ਵੱਧ ਘਬਰਾਈ ਹੋਈ ਹੈ।
ਇਸ ਔਨਲਾਈਨ ਪਲੈਟਫਾਰਮ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਸਿਰਫ਼ ਇੱਕ-ਤਿਹਾਈ (ਲਗਪਗ 33 ਫ਼ੀਸਦੀ) ‘ਜੈੱਨ-ਜ਼ੀ’ ਕਰਮਚਾਰੀ ਹੀ ਕੰਮ ਵਾਲੀ ਥਾਂ ’ਤੇ ਏ ਆਈ ਦੇ ਪ੍ਰਭਾਵ ਬਾਰੇ ਸਕਾਰਾਤਮਕ ਸੋਚ ਰੱਖਦੇ ਹਨ ਜਦੋਂਕਿ ‘ਜੈੱਨ-ਐਕਸ’ ਦੇ 47 ਫ਼ੀਸਦੀ ਕਰਮਚਾਰੀ ਇਸ ਨਾਲ ਸਹਿਮਤ ਹਨ। ਇਹ ਖੋਜ ਉਸ ਧਾਰਨਾ ਨੂੰ ਚੁਣੌਤੀ ਦਿੰਦੀ ਹੈ ਕਿ ਨੌਜਵਾਨ ਕਰਮਚਾਰੀ ਆਪਣੇ ਆਪ ਤਕਨੀਕੀ ਬਦਲਾਅ ਦਾ ਸਵਾਗਤ ਕਰਦੇ ਹਨ। ਇਸ ਦਾ ਕਾਰਨ ਤਕਨੀਕ ਦੀ ਬਜਾਏ ਆਰਥਿਕ ਹੋ ਸਕਦਾ ਹੈ। ਏ ਆਈ ਦਾ ਪ੍ਰਭਾਵ ਤੇਜ਼ੀ ਨਾਲ ਸ਼ੁਰੂਆਤੀ ਪੱਧਰ ਦੀਆਂ ਨੌਕਰੀਆਂ ’ਤੇ ਪੈ ਰਿਹਾ ਹੈ, ਯਾਨੀ ਉਨ੍ਹਾਂ ਹੀ ਨੌਕਰੀਆਂ ’ਤੇ ਜਿਨ੍ਹਾਂ ਰਾਹੀਂ ਨੌਜਵਾਨ ਆਪਣੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਕਰਦੇ ਹਨ। ਗਲਾਸਡੋਰ ਦੇ ਸੀਨੀਅਰ ਅਰਥ ਸ਼ਾਸਤਰੀ ਕ੍ਰਿਸ ਮਾਰਟਿਨ ਮੁਤਾਬਿਕ ਇਸ ਗੱਲ ਦੇ ਸਬੂਤ ਵਧ ਰਹੇ ਹਨ ਕਿ ਏ ਆਈ ਕੁਝ ਅਜਿਹੀਆਂ ਨੌਕਰੀਆਂ ਨੂੰ ਖ਼ਤਮ ਕਰ ਰਹੀ ਹੈ, ਜੋ ਆਟੋਮੇਸ਼ਨ ਦੇ ਖ਼ਤਰੇ ਹੇਠ ਹਨ।
ਵੱਡੀ ਉਮਰ ਦੇ ਅਤੇ ਤਜਰਬੇਕਾਰ ਕਰਮਚਾਰੀ ਏ ਆਈ ਪ੍ਰਣਾਲੀਆਂ ਦੀ ਨਿਗਰਾਨੀ ਕਰਨ ਅਤੇ ਗ਼ਲਤੀਆਂ ਦਾ ਪਤਾ ਲਗਾਉਣ ਵਿੱਚ ਅਕਸਰ ਜ਼ਿਆਦਾ ਸਮਰੱਥ ਹੁੰਦੇ ਹਨ। ਨੌਜਵਾਨ ਕਰਮਚਾਰੀਆਂ ਨੂੰ ਤਕਨਾਲੋਜੀ ਦੀਆਂ ਗ਼ਲਤੀਆਂ ਪਛਾਣਨ ਵਿੱਚ ਵੱਡੀਆਂ ਮੁਸ਼ਕਿਲਾਂ ਆ ਸਕਦੀਆਂ ਹਨ, ਜਿਸ ਕਾਰਨ ਉਨ੍ਹਾਂ ਲਈ ਖ਼ਤਰਾ ਅਤੇ ਜੋਖ਼ਮ ਹੋਰ ਵੀ ਵਧ ਜਾਂਦਾ ਹੈ। ਇਹ ਚਿੰਤਾਵਾਂ ਸਿਰਫ਼ ਨੌਕਰੀਆਂ ਜਾਣ ਤੱਕ ਸੀਮਿਤ ਨਹੀਂ ਹਨ। ਕਰਮਚਾਰੀਆਂ ਨੇ ਜ਼ਬਰਦਸਤੀ ਏ ਆਈ ਅਪਣਾਉਣ ਅਤੇ ਕੰਮ ਵਾਲੀ ਥਾਂ ’ਤੇ ਗੱਲਬਾਤ ਜਾਂ ਕਰਮਚਾਰੀਆਂ ਦੀ ਨਿਗਰਾਨੀ ਲਈ ਇਸ ਦੀ ਵਰਤੋਂ ’ਤੇ ਵੀ ਇਤਰਾਜ਼ ਜ਼ਾਹਿਰ ਕੀਤਾ ਹੈ। ਤਕਨੀਕੀ ਖੇਤਰ ਦੇ ਮੋਹਰੀਆਂ ਵਿੱਚ ਚੱਲ ਰਹੀ ਬਹਿਸ ਇਸ ਅਨਿਸ਼ਚਿਤਤਾ ਨੂੰ ਉਜਾਗਰ ਕਰਦੀ ਹੈ। ਬਿਲ ਗੇਟਸ ਨੇ ਚਿਤਾਵਨੀ ਦਿੱਤੀ ਹੈ ਕਿ ਏ ਆਈ ਨਾਬਰਾਬਰੀ ਨੂੰ ਡੂੰਘਾ ਕਰ ਸਕਦੀ ਹੈ ਅਤੇ ਕਮਜ਼ੋਰ ਕਰਮਚਾਰੀਆਂ ਦੇ ਮਨੋਬਲ ਤੇ ਪੇਸ਼ੇਵਰ ਜੀਵਨ ਨੂੰ ਢਾਹ ਲਾ ਸਕਦੀ ਹੈ। ਐਨਵੀਡੀਆ ਦੇ ਸੀ ਈ ਓ ਜੇਨਸਨ ਹੁਆਂਗ ਨੇ ਵਿਆਪਕ ਉਥਲ-ਪੁਥਲ ਨੂੰ ਸਵੀਕਾਰ ਕਰਦਿਆਂ ਇਹ ਤਰਕ ਦਿੱਤਾ ਹੈ ਕਿ ਅੰਤ ਵਿੱਚ ਏ ਆਈ ਨੌਕਰੀਆਂ ਪੈਦਾ ਕਰਨ ਦਾ ਕੰਮ ਕਰੇਗੀ। ਮੁੱਖ ਸਵਾਲ ਇਹ ਹੈ: ਕੀ ਸੰਸਥਾਵਾਂ ਇਹ ਯਕੀਨੀ ਬਣਾ ਸਕਦੀਆਂ ਹਨ ਕਿ ਉਤਪਾਦਕਤਾ ਵਿੱਚ ਹੋਣ ਵਾਲਾ ਵਾਧਾ ਰੁਜ਼ਗਾਰ ਦੇ ਮੌਕਿਆਂ ਵਿੱਚ ਤਬਦੀਲ ਹੋਵੇਗਾ? ਨੌਜਵਾਨ ਕਰਮਚਾਰੀ ਏ ਆਈ ਦੇ ਵਿਰੋਧੀ ਹਰਗਿਜ਼ ਨਹੀਂ ਹਨ, ਉਹ ਸਿਰਫ਼ ਇਹ ਸੋਚਦੇ ਹਨ ਕਿ ਇਸ ਦਾ ਸਭ ਤੋਂ ਵੱਧ ਅਸਰ ਉਨ੍ਹਾਂ ਉੱਤੇ ਹੀ ਪਵੇਗਾ।

