ਏ ਆਈ ਫੋਟੋਆਂ ਤੇ ਨਿੱਜਤਾ
ਪੁਰਾਣੀਆਂ ਯਾਦਾਂ ਤਾਜ਼ਾ ਕਰਨ ਲਈ ਫ਼ੋਟੋਆਂ ਨੂੰ 1980 ਦੇ ਦਹਾਕੇ ਵਰਗਾ ਦਿਖਾਉਣ ਦਾ ਅੱਜਕੱਲ੍ਹ ਕਾਫ਼ੀ ਰੁਝਾਨ ਚੱਲ ਰਿਹਾ ਹੈ। ਪਰ ਇਹ ਇਸ ਗੱਲ ਦਾ ਵੀ ਸਬੂਤ ਹੈ ਕਿ ਲੋਕ ਸਿਰਫ਼ ਕੁਝ ਸਕਿੰਟਾਂ ਦੇ ਮਨੋਰੰਜਨ ਲਈ ਕਿੰਨੀ ਆਸਾਨੀ ਨਾਲ ਆਪਣੀ ਨਿੱਜੀ...
ਪੁਰਾਣੀਆਂ ਯਾਦਾਂ ਤਾਜ਼ਾ ਕਰਨ ਲਈ ਫ਼ੋਟੋਆਂ ਨੂੰ 1980 ਦੇ ਦਹਾਕੇ ਵਰਗਾ ਦਿਖਾਉਣ ਦਾ ਅੱਜਕੱਲ੍ਹ ਕਾਫ਼ੀ ਰੁਝਾਨ ਚੱਲ ਰਿਹਾ ਹੈ। ਪਰ ਇਹ ਇਸ ਗੱਲ ਦਾ ਵੀ ਸਬੂਤ ਹੈ ਕਿ ਲੋਕ ਸਿਰਫ਼ ਕੁਝ ਸਕਿੰਟਾਂ ਦੇ ਮਨੋਰੰਜਨ ਲਈ ਕਿੰਨੀ ਆਸਾਨੀ ਨਾਲ ਆਪਣੀ ਨਿੱਜੀ ਜਾਣਕਾਰੀ ਦੂਜਿਆਂ ਨੂੰ ਸੌਂਪ ਦਿੰਦੇ ਹਨ। ਹਿਸਾਰ ਪੁਲੀਸ ਨੇ ਲੋਕਾਂ ਨੂੰ ਏ ਆਈ ਦੀ ਵਰਤੋਂ ਕਰਕੇ ਬਣਾਈਆਂ ਗਈਆਂ ਪੁਰਾਣੇ ਸਮੇਂ ਦੀਆਂ ਤਸਵੀਰਾਂ ਦੀ ਦੁਰਵਰਤੋਂ ਪ੍ਰਤੀ ਸੁਚੇਤ ਕੀਤਾ ਹੈ, ਇਸੇ ਤਰ੍ਹਾਂ ਬੰਗਲੂਰੂ ਪੁਲੀਸ ਨੇ ਵੀ ਨਿੱਜੀ ਅਤੇ ਚਿਹਰੇ ਦੀ ਪਛਾਣ (ਫੇਸ਼ੀਅਲ ਰਿਕੋਗਨੀਸ਼ਨ) ਵਾਲੇ ਡੇਟਾ ਦੀ ਸੰਭਾਵੀ ਦੁਰਵਰਤੋਂ ਬਾਰੇ ਚਿਤਾਵਨੀ ਜਾਰੀ ਕੀਤੀ ਹੈ। ਇਹ ਚਿੰਤਾ ਹੁਣ ਹੋਰ ਵੀ ਗੰਭੀਰ ਰੂਪ ਧਾਰ ਚੁੱਕੀ ਹੈ। ਓ ਈ ਸੀ ਡੀ ਦੇ ‘ਏ ਆਈ ਇੰਸੀਡੈਂਟ ਮੌਨੀਟਰ’ ਨੇ ਇਸ 1980 ਵਾਲੇ ਫ਼ੋਟੋ ਰੁਝਾਨ ਨੂੰ ਨਿੱਜਤਾ ਅਤੇ ਬਾਇਓਮੈਟ੍ਰਿਕ ਡੇਟਾ ਲਈ ਖ਼ਤਰਾ ਦੱਸਿਆ ਹੈ, ਹਾਲਾਂਕਿ ਨਾਲ ਹੀ ਇਹ ਅਹਿਮ ਫ਼ਰਕ ਵੀ ਸਪੱਸ਼ਟ ਕੀਤਾ ਹੈ ਕਿ ਇਸ ਰੁਝਾਨ ਕਰਕੇ ਹੁਣ ਤੱਕ ਕਿਸੇ ਅਸਲ ਨੁਕਸਾਨ ਦੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ। ਬੀਤੇ ਫ਼ਰਵਰੀ ਮਹੀਨੇ ਵਿੱਚ ਦੁਨੀਆ ਭਰ ਦੇ 61 ਡੇਟਾ ਸੁਰੱਖਿਆ ਅਧਿਕਾਰੀਆਂ ਨੇ ਵੀ ਬਿਨਾਂ ਜਾਣਕਾਰੀ ਜਾਂ ਸਹਿਮਤੀ ਦੇ ਕਿਸੇ ਖ਼ਾਸ ਵਿਅਕਤੀ ਦੀਆਂ ਏ ਆਈ-ਤਸਵੀਰਾਂ ਬਣਾਉਣ ਨਾਲ ਪੈਦਾ ਹੋਣ ਵਾਲੇ ਨਿੱਜਤਾ ਦੇ ਖ਼ਤਰਿਆਂ ਬਾਰੇ ਖ਼ਬਰਦਾਰ ਕੀਤਾ ਸੀ।
ਅਸਲ ਮਸਲਾ ਇਹ ਨਹੀਂ ਹੈ ਕਿ ਹਰ ਏ ਆਈ ਐਪ ਚੁੱਪ-ਚੁਪੀਤੇ ਤਸਵੀਰਾਂ ਇਕੱਠੀਆਂ ਕਰ ਰਹੀ ਹੈ। ਵੱਖ-ਵੱਖ ਪਲੇਟਫਾਰਮਾਂ ਦਾ ਡੇਟਾ ਵਰਤਣ ਦਾ ਤਰੀਕਾ ਵੱਖਰਾ ਹੁੰਦਾ ਹੈ ਅਤੇ ਬਿਨਾਂ ਕਿਸੇ ਠੋਸ ਸਬੂਤ ਦੇ ਡਰ ਫੈਲਾਉਣਾ ਸਹੀ ਨਹੀਂ ਹੈ। ਅਸਲ ਸਮੱਸਿਆ ਇਹ ਹੈ ਕਿ ਉਪਭੋਗਤਾਵਾਂ ਨੂੰ ਅਕਸਰ ਇਹ ਪਤਾ ਹੀ ਨਹੀਂ ਹੁੰਦਾ ਕਿ ਉਹ ਕਿਸ ਗੱਲ ਲਈ ਆਪਣੀ ਸਹਿਮਤੀ ਦੇ ਰਹੇ ਹਨ, ਜਿਵੇਂ ਕਿ ਅਪਲੋਡ ਕੀਤੀ ਗਈ ਫ਼ੋਟੋ ਕਿੰਨਾ ਸਮਾਂ ਰੱਖੀ ਜਾਂਦੀ ਹੈ, ਕੀ ਇਸ ਦੀ ਵਰਤੋਂ ਮਾਡਲਾਂ ਨੂੰ ਬਿਹਤਰ ਬਣਾਉਣ ਲਈ ਕੀਤੀ ਜਾ ਸਕਦੀ ਹੈ, ਇਸ ਤੱਕ ਕਿਸ ਦੀ ਪਹੁੰਚ ਹੈ ਅਤੇ ਕੀ ਇਸ ਨੂੰ ਸੱਚਮੁੱਚ ਮਿਟਾਇਆ ਜਾ ਸਕਦਾ ਹੈ ਜਾਂ ਨਹੀਂ। ਇਸ ਤੋਂ ਇਲਾਵਾ ਇੱਕ ਫ਼ੋਟੋ ਵਿੱਚ ਸਿਰਫ਼ ਚਿਹਰਾ ਹੀ ਨਹੀਂ ਹੁੰਦਾ। ਤਸਵੀਰ ਦੇ ਪਿਛੋਕੜ (ਬੈਕਗ੍ਰਾਊਂਡ) ਤੋਂ ਘਰਾਂ, ਕੰਮ ਕਰਨ ਦੀਆਂ ਥਾਵਾਂ, ਸਕੂਲਾਂ, ਪਰਿਵਾਰਕ ਮੈਂਬਰਾਂ ਅਤੇ ਇੱਥੋਂ ਤੱਕ ਕਿ ਲੋਕੇਸ਼ਨ ਬਾਰੇ ਵੀ ਜਾਣਕਾਰੀ ਮਿਲ ਸਕਦੀ ਹੈ। ਇੱਕ ਵਾਰ ਜਦੋਂ ਏ ਆਈ ਦੁਆਰਾ ਬਣਾਈ ਗਈ ਤਸਵੀਰ ਜਨਤਕ ਤੌਰ ’ਤੇ ਪੋਸਟ ਕਰ ਦਿੱਤੀ ਜਾਂਦੀ ਹੈ ਤਾਂ ਇਸ ਨੂੰ ਬਣਾਉਣ ਵਾਲੇ ਦੇ ਕੰਟਰੋਲ ਤੋਂ ਬਾਹਰ ਜਾ ਕੇ ਕੋਈ ਵੀ ਕਾਪੀ ਕਰ ਸਕਦਾ ਹੈ, ਬਦਲ ਸਕਦਾ ਹੈ ਜਾਂ ਇਸ ਦੀ ਦੁਰਵਰਤੋਂ ਕਰ ਸਕਦਾ ਹੈ।
ਇਹ ਮੁੱਦਾ ਉਦੋਂ ਹੋਰ ਵੀ ਗੰਭੀਰ ਹੋ ਜਾਂਦਾ ਹੈ ਜਦੋਂ ‘ਐਂਥ੍ਰੋਪਿਕ’ ਦੇ ਸੀ ਈ ਓ ਡਾਰੀਓ ਅਮੋਡੀ ਨੇ ਏ ਆਈ ਦੀ ਬੇਕਾਬੂ ਰਫ਼ਤਾਰ ਨੂੰ ਕਾਬੂ ਵਿੱਚ ਰੱਖਣ ਦੀ ਮੰਗ ਕੀਤੀ ਹੈ। ਏ ਆਈ ਰਾਹੀਂ ਪੁਰਾਣੀਆਂ ਯਾਦਾਂ ਤਾਜ਼ਾ ਕਰਨ ’ਤੇ ਪਾਬੰਦੀ ਦੀ ਲੋੜ ਨਹੀਂ ਪਰ ਪਲੇਟਫਾਰਮਾਂ ਨੂੰ ਨਿੱਜਤਾ ਦੀਆਂ ਸ਼ਰਤਾਂ ਸਰਲ ਬਣਾਉਣੀਆਂ ਚਾਹੀਦੀਆਂ ਹਨ ਅਤੇ ਉਪਭੋਗਤਾਵਾਂ ਨੂੰ ਕੁਝ ਵੀ ਅਪਲੋਡ ਕਰਨ ਤੋਂ ਪਹਿਲਾਂ ਸੋਚਣਾ ਪਵੇਗਾ। ਯਾਦ ਰੱਖੋ, ਤੁਹਾਡੇ ਵੱਲੋਂ ਬਣਾਈ ਪੁਰਾਣੇ ਸਮੇਂ ਦੀ ਫ਼ੋਟੋ ਭਾਵੇਂ ਕੁਝ ਪਲਾਂ ਦੀ ਖ਼ੁਸ਼ੀ ਦੇਵੇ ਪਰ ਇਸ ਦਾ ਡਿਜੀਟਲ ਫੁੱਟਪ੍ਰਿੰਟ ਬਹੁਤ ਲੰਮੇ ਸਮੇਂ ਤੱਕ ਕਾਇਮ ਰਹਿੰਦਾ ਹੈ।

