DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਹਿਮਦਾਬਾਦ ਹਾਦਸਾ: ਅਣਸੁਲਝੇ ਸਵਾਲ

ਬੀਤੇ ਸਾਲ 12 ਜੂਨ 2025 ਨੂੰ ਅਹਿਮਦਾਬਾਦ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਫਲਾਈਟ 171 ਨਾਲ ਵਾਪਰੇ ਭਿਆਨਕ ਹਾਦਸੇ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਹ ਜਹਾਜ਼ ਉਡਾਣ ਭਰਨ ਦੇ ਇੱਕ ਮਿੰਟ ਤੋਂ ਵੀ ਘੱਟ ਸਮੇਂ...

  • fb
  • twitter
  • whatsapp
  • whatsapp
Advertisement

ਬੀਤੇ ਸਾਲ 12 ਜੂਨ 2025 ਨੂੰ ਅਹਿਮਦਾਬਾਦ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਫਲਾਈਟ 171 ਨਾਲ ਵਾਪਰੇ ਭਿਆਨਕ ਹਾਦਸੇ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਹ ਜਹਾਜ਼ ਉਡਾਣ ਭਰਨ ਦੇ ਇੱਕ ਮਿੰਟ ਤੋਂ ਵੀ ਘੱਟ ਸਮੇਂ ਅੰਦਰ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸਵਾਰ ਲੋਕਾਂ ਵਿੱਚੋਂ ਸਿਰਫ਼ ਇੱਕ ਵਿਅਕਤੀ ਨੂੰ ਛੱਡ ਕੇ ਬਾਕੀ ਸਭ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਜ਼ਮੀਨ ’ਤੇ ਮੌਜੂਦ 19 ਹੋਰ ਲੋਕਾਂ ਦੀ ਵੀ ਜਾਨ ਚਲੀ ਗਈ, ਜਿਸ ਕਾਰਨ ਕੁੱਲ ਮੌਤਾਂ ਦੀ ਗਿਣਤੀ 260 ਤੱਕ ਪਹੁੰਚ ਗਈ। ਅਜਿਹੇ ਮਾਮਲਿਆਂ ਵਿੱਚ ਇਹੀ ਮੁੱਢਲੀ ਉਮੀਦ ਹੁੰਦੀ ਹੈ ਕਿ ਨਿਰਧਾਰਤ ਸਮੇਂ ਅੰਦਰ ਨਿਰਪੱਖ ਅਤੇ ਤੱਥਾਂ ’ਤੇ ਆਧਾਰਿਤ ਜਾਂਚ ਹੋਵੇ। ਪਰ 1985 ਦੇ ‘ਕਨਿਸ਼ਕ’ ਬੰਬ ਧਮਾਕੇ ਤੋਂ ਬਾਅਦ ਏਅਰ ਇੰਡੀਆ ਦੇ ਇਤਿਹਾਸ ਦੇ ਇਸ ਸਭ ਤੋਂ ਦਰਦਨਾਕ ਹਾਦਸੇ ਦੇ ਕਾਰਨਾਂ ਬਾਰੇ ਅੱਜ ਇੱਕ ਸਾਲ ਬੀਤ ਜਾਣ ਤੋਂ ਬਾਅਦ ਵੀ ਜਵਾਬਾਂ ਨਾਲੋਂ ਜ਼ਿਆਦਾ ਸਵਾਲ ਖੜ੍ਹੇ ਹੋ ਰਹੇ ਹਨ। ਇਸ ਹਾਦਸੇ ਦੀ ਜਾਂਚ ਦੇਸ਼-ਵਿਦੇਸ਼ ਵਿੱਚ ਲਗਾਤਾਰ ਤਿੱਖੇ ਵਿਵਾਦਾਂ ਦੇ ਘੇਰੇ ਵਿੱਚ ਹੈ। ਬੇਸ਼ੱਕ, ਅਜਿਹੀ ਕਿਸੇ ਵੀ ਘਟਨਾ ਦੀ ਪੜਤਾਲ ਬੇਹੱਦ ਪੇਚੀਦਾ ਹੁੰਦੀ ਹੈ, ਪਰ ਇਸ ਮਾਮਲੇ ਦਾ ਸਭ ਤੋਂ ਚਿੰਤਾਜਨਕ ਪਹਿਲੂ ਇਹ ਹੈ ਕਿ ਇਸ ਬਾਰੇ ਅਫ਼ਵਾਹਾਂ ਅਤੇ ਕਿਆਸਅਰਾਈਆਂ ਦਾ ਬਾਜ਼ਾਰ ਅੱਜ ਵੀ ਗਰਮ ਹੈ। ਲੋਕਾਂ ਵੱਲੋਂ ਕੰਪਨੀ ਦੇ ਅਸਰ-ਰਸੂਖ ਅਤੇ ਸਿਆਸੀ ਦਬਾਅ ਦੇ ਦੋਸ਼ ਲਾਏ ਜਾ ਰਹੇ ਹਨ, ਜਿਸ ਕਰਕੇ ਹੁਣ ਅਜਿਹੀਆਂ ਉੱਚ ਪੱਧਰੀ ਪੜਤਾਲਾਂ ਦੇ ਢੰਗ-ਤਰੀਕਿਆਂ ’ਤੇ ਸਵਾਲ ਉੱਠਣ ਲੱਗ ਪਏ ਹਨ।

ਘਟਨਾ ਤੋਂ ਇੱਕ ਮਹੀਨੇ ਬਾਅਦ ਭਾਰਤ ਦੇ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਓਰੋ ਵੱਲੋਂ ਜਾਰੀ ਕੀਤੀ ਗਈ ਸ਼ੁਰੂਆਤੀ ਰਿਪੋਰਟ ਕਾਫ਼ੀ ਵਿਵਾਦਪੂਰਨ ਰਹੀ। ਕਿਸੇ ਵੀ ਟ੍ਰਾਂਸਕ੍ਰਿਪਟ (ਗੱਲਬਾਤ ਦੀ ਲਿਖਤ) ਜਾਂ ਇਹ ਦੱਸੇ ਬਿਨਾਂ ਕਿ ਕੌਣ ਬੋਲ ਰਿਹਾ ਸੀ, ਜਾਰੀ ਕੀਤੇ ਗਏ ਇਸ ਸੰਖੇਪ ਬਿਆਨ ਕਾਰਨ ਪਾਇਲਟਾਂ ਦੀ ਭੂਮਿਕਾ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਕਿਆਫ਼ੇ ਲਗਾਏ ਜਾਣ ਲੱਗੇ। ਕਿਸੇ ਵੀ ਹਵਾਈ ਹਾਦਸੇ ਦੀ ਜਾਂਚ ਦਾ ਅਸਲ ਮਕਸਦ ਸਹੀ ਕਾਰਨਾਂ ਦਾ ਪਤਾ ਲਗਾਉਣਾ ਅਤੇ ਮੁਸਾਫ਼ਿਰਾਂ ਦੀ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਉਸ ਤੋਂ ਸਬਕ ਸਿੱਖਣਾ ਹੁੰਦਾ ਹੈ, ਪਰ ਏ ਆਈ 171 ਦੇ ਮਾਮਲੇ ਵਿੱਚ ਸਾਹਮਣੇ ਲਿਆਂਦੀ ਗਈ ਜਾਣਕਾਰੀ ਦਾ ਉਲਟਾ ਅਸਰ ਦੇਖਣ ਨੂੰ ਮਿਲਿਆ। ਪਾਇਲਟਾਂ ਦੀਆਂ ਜਥੇਬੰਦੀਆਂ, ਸੁਰੱਖਿਆ ਮੁਹਿੰਮ ਚਲਾਉਣ ਵਾਲਿਆਂ ਅਤੇ ਪੀੜਤ ਪਰਿਵਾਰਾਂ ਨੇ ਚਿਤਾਵਨੀ ਦਿੱਤੀ ਕਿ ਜਾਂਚ ਪ੍ਰਕਿਰਿਆ ਪੂਰੀ ਹੋਣ ਤੋਂ ਪਹਿਲਾਂ ਹੀ ਬਣਾਏ ਜਾ ਰਹੇ ਮਨਘੜਤ ਬਿਰਤਾਂਤ ਜਾਂਚ ਦੀ ਨਿਰਪੱਖਤਾ ਨੂੰ ਨੁਕਸਾਨ ਪਹੁੰਚਾ ਰਹੇ ਹਨ। ਅਜਿਹੇ ਮੌਕੇ ਵਧੇਰੇ ਅਨੁਸ਼ਾਸਿਤ ਅਤੇ ਪੇਸ਼ੇਵਰ ਪਹੁੰਚ ਮਦਦਗਾਰ ਸਾਬਿਤ ਹੋ ਸਕਦੀ ਸੀ। ਇਸ ਹਾਦਸੇ ਦੀ ਅੰਤਿਮ ਰਿਪੋਰਟ ਕਈ ਪ੍ਰੇਸ਼ਾਨ ਕਰਨ ਵਾਲੇ ਤੱਥ ਸਾਹਮਣੇ ਲਿਆ ਸਕਦੀ ਹੈ। ਬੋਇੰਗ ਦਾ 787 ਡ੍ਰੀਮਲਾਈਨਰ ਮਾਡਲ ਸਾਲ 2011 ਤੋਂ ਸੇਵਾਵਾਂ ਵਿੱਚ ਹੈ। ਦੁਨੀਆ ਭਰ ਵਿੱਚ ਇਸ ਜਹਾਜ਼ ਨਾਲ ਵਾਪਰਿਆ ਇਹ ਪਹਿਲਾ ਹਾਦਸਾ ਹੈ। ਇਸ ਦੇ ਨਿਰਮਾਤਾ (ਬੋਇੰਗ ਕੰਪਨੀ) ਲਈ ਜਾਂਚ ਦੇ ਸਿੱਟੇ ਉਸ ਦੀ ਸੁਰੱਖਿਆ, ਗੁਣਵੱਤਾ ਅਤੇ ਇੰਜੀਨੀਅਰਿੰਗ ਨਾਲ ਜੁੜੇ ਫ਼ੈਸਲਿਆਂ ਨੂੰ ਤੈਅ ਕਰਨਗੇ। ਇਸ ਦੇ ਬਾਵਜੂਦ ਇੱਕ ਗੰਭੀਰ ਸਵਾਲ ਅਜੇ ਵੀ ਬਰਕਰਾਰ ਹੈ: ਕੀ ਹੁਣ ਹਵਾਈ ਹਾਦਸਿਆਂ ਦੀ ਜਾਂਚ ਦੇ ਤੌਰ-ਤਰੀਕਿਆਂ ਵਿੱਚ ਇੱਕ ਵੱਖਰੀ ਅਤੇ ਨਵੀਂ ਪਹੁੰਚ ਅਪਣਾਉਣ ਦਾ ਸਮਾਂ ਆ ਗਿਆ ਹੈ?

Advertisement

Advertisement
Advertisement
×