ਖੁਰਾਕੀ ਵਸਤਾਂ ’ਚ ਮਿਲਾਵਟ
ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਿਟੀ (ਐੱਫ ਐੱਸ ਐੱਸ ਏ ਆਈ) ਸਭ ਗੱਲਾਂ ਵਧੀਆ ਤਰੀਕੇ ਨਾਲ ਸਹੀ ਸਹੀ ਆਖਦੀ ਹੈ, ਪਰ ਯੋਜਨਾਵਾਂ ਲਾਗੂ ਕਰਨ ਦੇ ਪੜਾਅ ’ਤੇ ਇਸ ਰੈਗੂਲੇਟਰੀ ਏਜੰਸੀ ਦੀ ਅਕਸਰ ਮੂਧੇ ਮੂੰਹ ਡਿੱਗਣ ਵਾਲੀ ਗੱਲ ਹੁੰਦੀ ਹੈ। ਇਸ...
ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਿਟੀ (ਐੱਫ ਐੱਸ ਐੱਸ ਏ ਆਈ) ਸਭ ਗੱਲਾਂ ਵਧੀਆ ਤਰੀਕੇ ਨਾਲ ਸਹੀ ਸਹੀ ਆਖਦੀ ਹੈ, ਪਰ ਯੋਜਨਾਵਾਂ ਲਾਗੂ ਕਰਨ ਦੇ ਪੜਾਅ ’ਤੇ ਇਸ ਰੈਗੂਲੇਟਰੀ ਏਜੰਸੀ ਦੀ ਅਕਸਰ ਮੂਧੇ ਮੂੰਹ ਡਿੱਗਣ ਵਾਲੀ ਗੱਲ ਹੁੰਦੀ ਹੈ। ਇਸ ਨੇ ਹੁਣ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦੁੱਧ ਤੇ ਦੁੱਧ ਤੋਂ ਬਣੇ ਉਤਪਾਦਾਂ, ਖਾਣ ਵਾਲੇ ਤੇਲਾਂ, ਮਸਾਲਿਆਂ ਅਤੇ ਸ਼ਹਿਦ ਵਰਗੀਆਂ ਉੱਚ-ਜੋਖ਼ਮ ਵਾਲੀਆਂ ਖੁਰਾਕੀ ਵਸਤੂਆਂ ਦੀ ਜਾਂਚ ’ਤੇ ਵਧੇਰੇ ਧਿਆਨ ਕੇਂਦਰਿਤ ਕਰਨ ਅਤੇ ਜ਼ਮੀਨੀ ਪੱਧਰ ’ਤੇ ਨਿਯਮ ਲਾਗੂ ਕਰਨ ਲਈ ਕਿਹਾ ਹੈ। ਇਹ ਸੰਸਥਾ ਖੁਰਾਕੀ ਪਦਾਰਥਾਂ ਦੇ ਕਾਰੋਬਾਰੀਆਂ ਨੂੰ ਰੋਜ਼ਾਨਾ ਉਤਪਾਦਨ ਅਤੇ ਸਟੋਰੇਜ ਰਿਕਾਰਡ ਰੱਖਣ ਦੇ ਪਾਬੰਦ ਕਰਨ ਬਾਰੇ ਵੀ ਯੋਜਨਾ ਬਣਾ ਰਹੀ ਹੈ। ਵਿਆਪਕ ਪੱਧਰ ’ਤੇ ਹੋ ਰਹੀ ਮਿਲਾਵਟਖੋਰੀ ਨੂੰ ਰੋਕਣ ਦਾ ਇਰਾਦਾ ਚੰਗਾ ਹੈ, ਪਰ ਇਸ ਸੰਸਥਾ ਦੇ ਕੰਮ ਢੰਗ ਦੇ ਮੱਦੇਨਜ਼ਰ ਕੋਈ ਵੀ ਨਿਰਦੇਸ਼ ਮਹੱਤਵਪੂਰਨ ਤਬਦੀਲੀਆਂ ਕੀਤੇ ਬਿਨਾਂ ਖੁਰਾਕੀ ਵਸਤਾਂ ਦੀ ਸੁਰੱਖਿਆ ਸਬੰਧੀ ਨਿਯਮਾਂ ਦੀ ਪਾਲਣਾ ਕਿਵੇਂ ਕਰਵਾ ਸਕਦਾ ਹੈ? ਜਨਤਕ ਸਿਹਤ ਦੀ ਥਾਂ ਮੁਨਾਫ਼ੇ ਨੂੰ ਤਰਜੀਹ ਦੇਣਾ ਆਮ ਗੱਲ ਬਣ ਗਿਆ ਹੈ। ਇਸ ਲਈ ਐੱਫ ਐੱਸ ਐੱਸ ਏ ਆਈ ਨੂੰ ਭਰੋਸੇਯੋਗਤਾ ਦਾ ਸੰਕਟ ਦਰਪੇਸ਼ ਹੈ।
ਐੱਫ ਐੱਸ ਐੱਸ ਏ ਆਈ ਤੋਂ ਮਿਲਿਆ ਲਾਇਸੈਂਸ ਸਬੰਧਿਤ ਖੁਰਾਕੀ ਵਸਤਾਂ ਦਾ ਉਤਪਾਦਨ ਅਤੇ ਇਨ੍ਹਾਂ ਦੀ ਵਿਕਰੀ ਕਰਨ ਵਾਲਿਆਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨ ਅਤੇ ਖੁਰਾਕੀ ਵਸਤਾਂ ਦੀ ਸੁਰੱਖਿਆ ਸਬੰਧੀ ਨਿਯਮਾਂ ਦੀ ਪਾਲਣਾ ਕਰਨ ਦੇ ਪਾਬੰਦ ਬਣਾਉਂਦਾ ਹੈ, ਪਰ ਹੁਣ ਇਹ ਬਿਨਾਂ ਕਿਸੇ ਰੋਕ-ਟੋਕ ਤੋਂ ਕੰਮ ਕਰਨ ਦਾ ਪਰਮਿਟ ਬਣ ਗਿਆ ਜਾਪਦਾ ਹੈ। ਹੋਲੀ ਮੌਕੇ ਮਠਿਆਈਆਂ ਦੀ ਭਰਮਾਰ ਹੁੰਦੀ ਹੈ ਤਾਂ ਇਹ ਤਲਖ਼ ਹਕੀਕਤ ਹੋਰ ਵੀ ਗੰਭੀਰਤਾ ਨਾਲ ਸਾਡੇ ਸਾਹਮਣੇ ਆਉਂਦੀ ਹੈ। ਮਹਿਜ਼ ਤਿਉਹਾਰਾਂ ਸਮੇਂ ਕੀਤੀ ਜਾਣ ਵਾਲੀ ਸਖ਼ਤ ਕਾਰਵਾਈ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਥੋੜ੍ਹੇ ਸਮੇਂ ਲਈ ਹੀ ਰੋਕਦੀ ਹੈ। ਮਿਲਾਵਟਖੋਰੀ ਨੂੰ ਇੱਕ ਗੰਭੀਰ ਅਪਰਾਧ ਮੰਨਿਆ ਜਾਣਾ ਚਾਹੀਦਾ ਹੈ। ਮਿਲਾਵਟਖੋਰਾਂ ਨੂੰ ਸਖ਼ਤ ਸਜ਼ਾਵਾਂ ਦਿੱਤੇ ਅਤੇ ਉਨ੍ਹਾਂ ਦੇ ਲਾਇਸੈਂਸ ਰੱਦ ਕੀਤੇ ਬਿਨਾਂ ਨਿਯਮਾਂ ਨੂੰ ਲਾਗੂ ਕਰਨ ਦੀ ਗੱਲ ਆਖਣਾ ਮਹਿਜ਼ ਬਿਆਨਬਾਜ਼ੀ ਹੀ ਜਾਪਦਾ ਹੈ। ਇਹ ਚੰਗੀ ਗੱਲ ਹੈ ਕਿ ਰੈਗੂਲੇਟਰੀ ਸੰਸਥਾ ਨੇ ਸੂਬਿਆਂ ਨੂੰ ਆਪਣੇ ਭੋਜਨ ਸੁਰੱਖਿਆ ਖੇਤਰ ਵਿੱਚ ਕਾਮਿਆਂ ਦੀ ਗਿਣਤੀ ਵਧਾਉਣ ਲਈ ਕਿਹਾ ਹੈ, ਪਰ ਇਹ ਯਕੀਨੀ ਕੌਣ ਬਣਾਏਗਾ ਜਾਂ ਅਨੁਸ਼ਾਸਨ ਤੇ ਜਵਾਬਦੇਹੀ ਦਾ ਮਾਹੌਲ ਵੀ ਕੌਣ ਬਣਾਏਗਾ?
ਵਿਆਪਕ ਮਿਲਾਵਟਖੋਰੀ ਪ੍ਰਤੀ ਕੇਂਦਰੀ ਅਤੇ ਸੂਬਾਈ ਸਰਕਾਰਾਂ ਦੀ ਉਦਾਸੀਨਤਾ ਸਮਝ ਤੋਂ ਪਰ੍ਹੇ ਹੈ। ਗਲੀਆਂ ਮੁਹੱਲਿਆਂ ਵਿਚਲੀਆਂ ਦੁਕਾਨਾਂ ਹੀ ਖਪਤਕਾਰਾਂ ਨੂੰ ਨਿਰਾਸ਼ ਨਹੀਂ ਕਰ ਰਹੀਆਂ, ਵੱਡੀਆਂ ਕੰਪਨੀਆਂ ਨੂੰ ਵੀ ਵਿਦੇਸ਼ਾਂ ਵਿੱਚ ਲਾਗੂ ਕੀਤੇ ਜਾਂਦੇ ਮਿਆਰਾਂ ਵਾਂਗ ਭਾਰਤ ਵਿੱਚ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ। ਪੈਕ ਦੇ ਮੂਹਰਲੇ ਹਿੱਸੇ ’ਤੇ ਨਮਕ, ਖੰਡ ਜਾਂ ਚਰਬੀ ਦੇ ਉੱਚ ਪੱਧਰ ਨੂੰ ਦਰਸਾਉਂਦੀ ਲੇਬਲਿੰਗ ਨੂੰ ਯਕੀਨੀ ਬਣਾਉਣਾ ਕਿੰਨੀ ਕੁ ਵੱਡੀ ਮੁਸ਼ਕਿਲ ਹੈ?

