ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਜਪਾ ਆਗੂਆਂ ਦੇ ਘਿਰਾਓ ਅਤੇ ਦੂਸਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਸਵਾਲ ਪੁੱਛਣ ਦੇ ਐਲਾਨ ’ਤੇ ਅਮਲ ਹੋਣ ਨਾਲ ਕਈ ਆਗੂਆਂ ਨੂੰ ਤਣਾਅ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਪਿੰਡਾਂ ’ਚ ਸਿਆਸੀ ਪਾਰਟੀਆਂ ਦੇ ਕਾਰਕੁਨਾਂ ਅਤੇ ਕਿਸਾਨ ਅੰਦੋਲਨ ਨਾਲ ਅਮਲੀ ਤੇ ਭਾਵਨਾਤਮਕ ਪੱਧਰ ’ਤੇ ਜੁੜੇ ਕਾਰਕੁਨਾਂ ਦਰਮਿਆਨ ਕਹਾ-ਸੁਣੀ ਵੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਜਾਰੀ ਪ੍ਰੈੱਸ ਬਿਆਨ ’ਚ ਸਵਾਲ ਪੁੱਛਣ ਵਾਲਿਆਂ ਨੂੰ ਕਿਸਾਨਾਂ ਦੇ ਭੇਸ ਵਿਚ ਸਮਾਜ ਵਿਰੋਧੀ ਅਨਸਰ ਕਰਾਰ ਦੇਣਾ ਸਥਿਤੀ ਦੀ ਨਾਜ਼ੁਕਤਾ ਨੂੰ ਨਾ ਸਮਝਣ ਵੱਲ ਸੰਕੇਤ ਕਰਦਾ ਹੈ। ਇਸੇ ਤਰ੍ਹਾਂ ਕਾਂਗਰਸ ਦੇ ਮੰਤਰੀਆਂ ਵੱਲੋਂ ਸਵਾਲ ਪੁੱਛਣ ਵਾਲੇ ਕਿਸਾਨਾਂ ਨੂੰ ਅਕਾਲੀ ਦਲ ਅਤੇ ਆਪ ਦੇ ਸਮਰਥਕ ਵਜੋਂ ਪੇਸ਼ ਕੀਤੇ ਜਾਣਾ ਸਮੱਸਿਆ ਦਾ ਹੱਲ ਨਹੀਂ ਹੈ। ਕਿਸਾਨ ਅੰਦੋਲਨ ਦੇ ਸੰਦਰਭ ਵਿਚ ਇਹ ਸਮਝਣਾ ਨਿਹਾਇਤ ਜ਼ਰੂਰੀ ਹੈ ਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਾਧਾਰਨ ਚੋਣਾਂ ਵਰਗੀਆਂ ਨਹੀਂ ਹੋਣਗੀਆਂ।
ਨੌਂ ਮਹੀਨੇ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਹੱਦਾਂ ’ਤੇ ਖੁੱਲ੍ਹੀ ਕਿਸਾਨ ਯੂਨੀਵਰਸਿਟੀ ਨੇ ਲੋਕਾਂ ਨੂੰ ਜਾਗਰੂਕ ਕੀਤਾ ਹੈ। ਇਸ ਨੇ ਸਮਝਦਾਰੀ ਅਤੇ ਦਲੇਰੀ ਦੀਆਂ ਭਾਵਨਾਵਾਂ ਪ੍ਰਫੁਲਿਤ ਕੀਤੀਆਂ ਹਨ। ਆਜ਼ਾਦੀ ਦੇ 75ਵੇਂ ਵਰ੍ਹੇ ਤੱਕ ਪਹੁੰਚਦਿਆਂ ਕਿਸਾਨ ਅਤੇ ਹੋਰ ਲੋਕ ਰਵਾਇਤੀ ਪਾਰਟੀਆਂ ਦੀ ਕਾਰਗੁਜ਼ਾਰੀ ਤੋਂ ਪ੍ਰੇਸ਼ਾਨ ਹੋ ਚੁੱਕੇ ਹਨ। ਕੋਈ ਬਦਲ ਨਾ ਹੋਣ ਕਾਰਨ ਕਿਸੇ ਇਕ ਪਾਰਟੀ ਨੂੰ ਵੋਟ ਪਾ ਕੇ ਜਿਤਾਉਣਾ ਉਨ੍ਹਾਂ ਦੀ ਮਜਬੂਰੀ ਹੈ। ਕਿਸਾਨ ਅੰਦੋਲਨ ਵਿਚ ਪੜ੍ਹੇ ਕਾਰਕੁਨ ਜਦੋਂ ਹਰ ਪਾਰਟੀ ਨੂੰ ਉਸ ਦੀਆਂ ਨੀਤੀਆਂ ਅਤੇ ਕਾਰਗੁਜ਼ਾਰੀ ਬਾਰੇ ਸਵਾਲ ਕਰਦੇ ਹਨ ਤਾਂ ਵਿਰੋਧੀ ਧਿਰਾਂ ਚਾਹੁੰਦੀਆਂ ਹਨ ਕਿ ਸਵਾਲ ਸਿਰਫ਼ ਕੈਪਟਨ ਸਰਕਾਰ ਦੀ ਪੰਜ ਸਾਲਾਂ ਦੀ ਕਾਰਗੁਜ਼ਾਰੀ ’ਤੇ ਹੀ ਪੁੱਛੇ ਜਾਣ। ਕਿਸਾਨ ਹਰ ਪਾਰਟੀ ਤੋਂ ਉਸ ਦੀ ਨੀਤੀਗਤ ਪਹੁੰਚ ਬਾਰੇ ਪ੍ਰਸ਼ਨ ਪੁੱਛ ਰਹੇ ਹਨ।
ਸਿਆਸੀ ਪਾਰਟੀਆਂ ਤੇ ਜਥੇਬੰਦੀਆਂ ਲਈ ਜ਼ਰੂਰੀ ਹੈ ਕਿ ਵੋਟਰਾਂ ਤੇ ਆਗੂਆਂ ਦਰਮਿਆਨ ਸਲੀਕੇਦਾਰ ਸੰਵਾਦ ਰਚਾਉਣ ਦਾ ਕੋਈ ਢਾਂਚਾਗਤ ਪ੍ਰਬੰਧ ਕੀਤਾ ਜਾਵੇ। ਸਿਆਸੀ ਆਗੂ ਸੰਯੁਕਤ ਕਿਸਾਨ ਮੋਰਚੇ ਦੀ ਇਸ ਗੱਲ ਕਿ ਭਾਜਪਾ ਤੋਂ ਬਿਨਾ ਕਿਸੇ ਹੋਰ ਪਾਰਟੀ ਦੇ ਆਗੂਆਂ ਦਾ ਘਿਰਾਓ ਨਹੀਂ ਕੀਤਾ ਜਾਵੇਗਾ, ਨੂੰ ਢਾਲ ਬਣਾਉਣ ਦੀ ਕੋਸ਼ਿਸ਼ ’ਚ ਹਨ। ਕਿਸਾਨ ਆਗੂਆਂ ਨੇ ਤਾਂ ਇਹ ਅਪੀਲ ਵੀ ਕੀਤੀ ਹੈ ਕਿ ਦੋ-ਤਿੰਨ ਮਹੀਨੇ ਲਈ ਚੋਣ ਮੁਹਿੰਮ ਤੋਂ ਗੁਰੇਜ਼ ਕੀਤਾ ਜਾਵੇ। ਸਿਆਸੀ ਆਗੂ ਅਜੇ ਤੱਕ ਖ਼ੁਦ ਨੂੰ ਲੋਕਾਂ ਪ੍ਰਤੀ ਜਵਾਬਦੇਹ ਹੋਣ ਵਾਲੀ ਪ੍ਰਕਿਰਿਆ ਵਿਚ ਪਾਉਣ ਲਈ ਤਿਆਰ ਨਹੀਂ ਹਨ। ਸਵਾਲ ਪੁੱਛਣ ਸਮੇਂ ਸਵਾਲ-ਜਵਾਬ ਲਈ ਕੋਈ ਜਗ੍ਹਾ ਜਾਂ ਸਮਾਂ ਨੀਯਤ ਨਾ ਹੋਣ ਕਰਕੇ ਲੋਕ ਸਿਆਸੀ ਆਗੂਆਂ ਨੂੰ ਸੜਕਾਂ ਉੱਤੇ ਘੇਰ ਕੇ ਸਵਾਲ ਪੁੱਛਣ ਦੀ ਕੋਸ਼ਿਸ਼ ਕਰਦੇ ਹਨ। ਇਸ ਨਾਲ ਟਕਰਾਅ ਵਾਲਾ ਮਾਹੌਲ ਬਣਨ ਦੀ ਨੌਬਤ ਆ ਜਾਂਦੀ ਹੈ। ਅਜਿਹਾ ਟਕਰਾਅ ਪੰਜਾਬ ਦੇ ਹਿੱਤ ਵਿਚ ਨਹੀਂ ਹੈ। ਇਸ ਲਈ ਸਬੰਧਿਤ ਧਿਰਾਂ ਨੂੰ ਸੰਵਾਦ ਰਚਾਉਣ ਦੇ ਸਹੀ ਮੰਚ ਅਤੇ ਪ੍ਰਕਿਰਿਆ ਲੱਭਣ ਪ੍ਰਤੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।