‘ਆਪ’ ਦਾ ਅੰਦਰੂਨੀ ਕਲੇਸ਼
ਆਮ ਆਦਮੀ ਪਾਰਟੀ ਵਿੱਚ ਸਭ ਅੱਛਾ ਨਹੀਂ ਹੈ। ਰਾਜ ਸਭਾ ਮੈਂਬਰ ਰਾਘਵ ਚੱਢਾ, ਅਰਵਿੰਦ ਕੇਜਰੀਵਾਲ ਸਣੇ ‘ਆਪ’ ਦੇ ਸਿਖਰਲੇ ਆਗੂਆਂ ਵਿਚਾਲੇ ਨਾਰਾਜ਼ਗੀ ਪਾਰਟੀ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ ਕਿਉਂਕਿ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਕ ਸਾਲ...
ਆਮ ਆਦਮੀ ਪਾਰਟੀ ਵਿੱਚ ਸਭ ਅੱਛਾ ਨਹੀਂ ਹੈ। ਰਾਜ ਸਭਾ ਮੈਂਬਰ ਰਾਘਵ ਚੱਢਾ, ਅਰਵਿੰਦ ਕੇਜਰੀਵਾਲ ਸਣੇ ‘ਆਪ’ ਦੇ ਸਿਖਰਲੇ ਆਗੂਆਂ ਵਿਚਾਲੇ ਨਾਰਾਜ਼ਗੀ ਪਾਰਟੀ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ ਕਿਉਂਕਿ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਕ ਸਾਲ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ। ‘ਆਪ’ ਹਾਈ ਕਮਾਂਡ ਨੇ ਰਾਘਵ ਚੱਢਾ ਨੂੰ ਰਾਜ ਸਭਾ ਵਿੱਚੋਂ ਪਾਰਟੀ ਦੇ ਉਪ ਨੇਤਾ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਹੈ। ਕਿਆਸ ਲਾਏ ਜਾ ਰਹੇ ਹਨ ਕਿ ਉਨ੍ਹਾਂ ਨੇ ਉਪਰਲੇ ਸਦਨ ਵਿੱਚ ਪਾਰਟੀ ਦੀ ਵਿਚਾਰਧਾਰਾ ਤੋਂ ਹਟ ਕੇ ਕੰਮ ਕੀਤਾ ਹੈ। ਇਸ ਫ਼ੈਸਲੇ ਤੋਂ ਤੁਰੰਤ ਬਾਅਦ ਰਾਘਵ ਚੱਢਾ ਨੇ ਆਖਿਆ ਕਿ ਉਸ ਨੂੰ ਚੁੱਪ ਕਰਵਾਇਆ ਗਿਆ ਹੈ, ਪਰ ਉਸ ਨੂੰ ਹਰਾਇਆ ਨਹੀਂ ਜਾ ਸਕਦਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਅਤੇ ਦਿੱਲੀ ਇਕਾਈ ਦੇ ਪ੍ਰਧਾਨ ਸੌਰਭ ਭਾਰਦਵਾਜ ਵਰਗੇ ਪਾਰਟੀ ਦੇ ਸੀਨੀਅਰ ਆਗੂਆਂ ਨੇ ਚੱਢਾ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ’ਤੇ ਵੋਟਰ ਸੂਚੀਆਂ ਦੀ ਵਿਆਪਕ ਸੁਧਾਈ (ਐੱਸ ਆਈ ਆਰ) ਅਤੇ ਵਿਰੋਧੀ ਧਿਰ ਤੇ ਪਾਰਟੀ ਨਾਲ ਸਬੰਧਿਤ ਅਹਿਮ ਮਸਲਿਆਂ ’ਤੇ ਰਾਜ ਸਭਾ ਵਿੱਚ ਚੁੱਪ ਰਹਿਣ ਦੇ ਦੋਸ਼ ਲਗਾਏ ਹਨ। ਹੈਰਾਨੀ ਦੀ ਗੱਲ ਹੈ ਕਿ ਰਾਘਵ ਚੱਢਾ ਸੰਸਦ ਦੇ ਅੰਦਰ ਅਤੇ ਬਾਹਰ ਹਵਾਈ ਸਫ਼ਰ ਲਈ ਕਿਰਾਏ ਦੇ ਵਾਧੇ ਖ਼ਿਲਾਫ਼, ਗਿੱਗ ਵਰਕਰਾਂ ਦੀਆਂ ਮੰਗਾਂ ਅਤੇ ਮੋਬਾਈਲ ਡੇਟਾ ਰਿਚਾਰਜ ਸਕੀਮਾਂ ਬਾਰੇ ਬੋਲਦੇ ਰਹੇ ਹਨ। ਦਰਅਸਲ, ਰਾਘਵ ਚੱਢਾ ਦਾ ਮੋਦੀ ਸਰਕਾਰ ਖ਼ਿਲਾਫ਼ ਬੋਲਣ ਤੋਂ ਝਿਜਕਣਾ ਅਤੇ ਵਿਰੋਧੀ ਧਿਰ ਦੇ ਵਾਕਆਊਟ ਵਿੱਚ ਸ਼ਾਮਲ ਨਾ ਹੋਣਾ ‘ਆਪ’ ਲੀਡਰਸ਼ਿਪ ਨੂੰ ਪਸੰਦ ਨਹੀਂ ਆਇਆ ਜਾਪਦਾ।
ਤਕਰੀਬਨ ਇੱਕ ਮਹੀਨਾ ਪਹਿਲਾਂ ਦਿੱਲੀ ਦੀ ਅਦਾਲਤ ਵੱਲੋਂ ਆਬਕਾਰੀ ਨੀਤੀ ਮਾਮਲੇ ਵਿੱਚ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ‘ਆਪ’ ਦੇ ਹੋਰ ਆਗੂਆਂ ਨੂੰ ਬਰੀ ਕਰਨ ਦੇ ਮਾਮਲੇ ’ਚ ਰਾਘਵ ਚੱਢਾ ਵੱਲੋਂ ਕੁਝ ਨਾ ਬੋਲਣਾ ਅਤੇ ਲਗਾਤਾਰ ਚੁੱਪ ਰਹਿਣਾ ਇਸ ਦਿਸ਼ਾ ’ਚ ਸਪੱਸ਼ਟ ਸੰਕੇਤ ਸੀ। ਇਸੇ ਤਰ੍ਹਾਂ ਸ੍ਰੀ ਚੱਢਾ ਪਹਿਲੀ ਮਾਰਚ ਨੂੰ ਜੰਤਰ-ਮੰਤਰ ’ਤੇ ਹੋਈ ਅਰਵਿੰਦ ਕੇਜਰੀਵਾਲ ਦੀ ਰੈਲੀ ’ਚੋਂ ਵੀ ਗ਼ੈਰਹਾਜ਼ਰ ਰਹੇ ਸਨ।
ਪਿਛਲੇ ਸਾਲ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਹਾਰਨ ਵਾਲੀ ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾ ’ਚ ਬਣੇ ਰਹਿਣ ਦੀ ਕੋਸ਼ਿਸ਼ ਨੂੰ ਇਸ ਅੰਦਰੂਨੀ ਤਣਾਅ ਕਾਰਨ ਕਮਜ਼ੋਰ ਨਹੀਂ ਪੈਣ ਦੇਣਾ ਚਾਹੇਗੀ। ਪਾਰਟੀ ਦਾ ਅੰਦਰੂਨੀ ਕਲੇਸ਼ ਅਤੇ ਸਿਆਸੀ ਵਿਰੋਧੀ ‘ਆਪ’ ਦੀਆਂ ਮੁਸ਼ਕਿਲਾਂ ਨੂੰ ਵਧਾ ਸਕਦੇ ਹਨ- ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ, ਅਕਾਲੀ ਦਲ (ਵਾਰਿਸ ਪੰਜਾਬ ਦੇ) ਸੱਤਾਧਾਰੀ ਧਿਰ ਲਈ ਸਿਰਦਰਦੀ ਬਣ ਸਕਦੇ ਹਨ। ਅਜਿਹੇ ਹਾਲਾਤ ਵਿੱਚ ਪਾਰਟੀ ’ਤੇ ਇਹ ਜ਼ਿੰਮੇਵਾਰੀ ਹੈ ਕਿ ਉਹ ਨਾਰਾਜ਼ ਆਗੂਆਂ ਨਾਲ ਰਾਬਤਾ ਕਾਇਮ ਕਰੇ ਅਤੇ ਆਪਣੇ ਸਮਰਥਕਾਂ ਨੂੰ ਇੱਕਜੁਟ ਰੱਖੇ। ਅਜਿਹਾ ਨਾ ਹੋਵੇ ਕਿ ਬਹੁਤ ਦੇਰ ਹੋ ਜਾਵੇ।

