ਸਾਲ ਪਹਿਲਾਂ ਇਸੇ ਹਫ਼ਤੇ (11 ਮਾਰਚ 2020) ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਨੇ ਕੋਵਿਡ-19 ਨੂੰ ਮਹਾਮਾਰੀ ਕਰਾਰ ਦਿੱਤਾ ਸੀ। ਇਕ ਸਾਲ ’ਚ ਮਨੁੱਖਤਾ ਨੂੰ ਪ੍ਰਭਾਵਿਤ ਕਰਨ ਵਾਲੀਆਂ ਵੱਡੀਆਂ ਤਬਦੀਲੀਆਂ ਹੋਈਆਂ ਜਿਨ੍ਹਾਂ ਵਿਚ ਸਾਂਝੀ ਗੱਲ ਇਹ ਹੈ ਕਿ ਇਸ ਮਹਾਮਾਰੀ ਨੇ ਲਗਭਗ ਹਰ ਮਨੁੱਖ ਅਤੇ ਮਨੁੱਖੀ ਜੀਵਨ ਨਾਲ ਜੁੜੇ ਹਰ ਸ਼ੋਹਬੇ ਨੂੰ ਪ੍ਰਭਾਵਿਤ ਕੀਤਾ ਹੈ। ਦੁਨੀਆ ਵਿਚ ਵੱਡੀਆਂ ਤਾਲਾਬੰਦੀਆਂ ਹੋਈਆਂ, ਕਰੋੜਾਂ ਨੌਕਰੀਆਂ ਜਾਂਦੀਆਂ ਰਹੀਆਂ, ਕਰੋੜਾਂ ਲੋਕ ਭੁੱਖਮਰੀ ਦਾ ਸ਼ਿਕਾਰ ਹੋਏ ਅਤੇ ਕੰਮ-ਕਾਜ ਕਰਨ ਦੇ ਤਰੀਕੇ ਬਦਲੇ। ਚਿਹਰਿਆਂ ’ਤੇ ਲੱਗੇ ਮਾਸਕ, ਹੱਥ ਨਾ ਮਿਲਾਉਣਾ, ਵਾਰ ਵਾਰ ਹੱਥ ਧੋਣਾ, ਸੈਨੇਟਾਈਜ਼ਰ ਵਰਤਣਾ, ਇਕ-ਦੂਸਰੇ ਤੋਂ ਸਰੀਰਕ ਦੂਰੀ ਬਣਾ ਕੇ ਰੱਖਣਾ, ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਘੱਟ ਜਾਣਾ, ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦਾ ਬੰਦ ਹੋਣਾ, ਸਫ਼ਰ ਤੇ ਸੈਰ-ਸਪਾਟਾ ਘਟਾਉਣਾ, ਸਮਾਜਿਕ ਸਮਾਗਮਾਂ ਅਤੇ ਮਜਲਿਸਾਂ ਦਾ ਘਟਣਾ, ਕਾਰੋਬਾਰੀ ਅਦਾਰਿਆਂ ਵਿਚ ਘਰ ਤੋਂ ਕੰਮ ਕਰਨਾ ਆਦਿ ਸਾਡੇ ਸਮਾਜਿਕ ਵਿਹਾਰ ਦੇ ਸੁਭਾਵਿਕ ਅੰਗ ਬਣ ਗਏ। ਸ਼ੁਰੂ ਵਿਚ ਹੋਈਆਂ ਤਾਲਾਬੰਦੀਆਂ ਅਤੇ ਕੋਵਿਡ-19 ਬਾਰੇ ਸਮਝ ਦੀ ਘਾਟ ਨੇ ਅਜਿਹੀ ਦਹਿਸ਼ਤ ਫੈਲਾਈ ਕਿ ਸਦੀਆਂ ਤੋਂ ਭਿਆਨਕ ਮਹਾਮਾਰੀਆਂ ਦੌਰਾਨ ਮਨੁੱਖਤਾ ਦੀ ਸੇਵਾ ਕਰਦੇ ਆ ਰਹੇ ਡਾਕਟਰਾਂ, ਹਕੀਮਾਂ ਅਤੇ ਵੈਦਾਂ ਨੇ ਆਪਣੇ ਕਿੱਤੇ ਤੋਂ ਮੂੰਹ ਮੋੜ ਲਿਆ। ਦਹਿਸ਼ਤ ਨੇ ਮਨੁੱਖਾਂ ਨੂੰ ਅਣਮਨੁੱਖੀ ਵਰਤਾਰਿਆਂ ਵੱਲ ਧੱਕਿਆ। ਕਈ ਘਰਾਂ-ਪਰਿਵਾਰਾਂ ਵਿਚ ਆਪਣਿਆਂ ਨੇ ਰਿਸ਼ਤੇਦਾਰਾਂ ਅਤੇ ਨਜ਼ਦੀਕੀਆਂ ਦੀ ਸਾਰ ਨਾ ਲਈ ਅਤੇ ਕਈ ਥਾਵਾਂ ’ਤੇ ਮ੍ਰਿਤਕ ਦੇਹਾਂ ਦੀਆਂ ਅੰਤਿਮ ਰਸਮਾਂ ਵੀ ਬੇਗ਼ਾਨਿਆਂ ਨੇ ਨਿਭਾਈਆਂ।
ਮਨੁੱਖਾਂ ਦੀ ਆਪਣੇ ਭੈਣ-ਭਰਾਵਾਂ ਦੀ ਬਾਂਹ ਫੜਨ ਅਤੇ ਦੁੱਖ ਵੰਡਾਉਣ ਦੀ ਭਾਵਨਾ ਭਾਵੇਂ ਪਹਿਲਾਂ ਪਹਿਲਾਂ ਕਈ ਥਾਵਾਂ ’ਤੇ ਘਟੀ ਪਰ ਬਾਅਦ ’ਚ ਇਹੀ ਜਜ਼ਬੇ ਮਨੁੱਖਾਂ ਦੇ ਮਨ ’ਚ ਪ੍ਰਬਲ ਹੋਏ; ਲੋਕਾਂ ਨੇ ਲੰਗਰ ਲਗਾਏ, ਲੋੜਵੰਦਾਂ ਦੀ ਸਹਾਇਤਾ ਕੀਤੀ ਅਤੇ ਅਜਿਹੇ ਕਾਰਜਾਂ ਲਈ ਧਨ ਦਾ ਪ੍ਰਬੰਧ ਵੀ ਕੀਤਾ। ਤਾਲਾਬੰਦੀ ਕਾਰਨ ਪਰਵਾਸੀ ਮਜ਼ਦੂਰਾਂ ਨਾਲ ਸਬੰਧਿਤ ਵੱਡਾ ਦੁਖਾਂਤ ਵਾਪਰਿਆ ਜਦ ਮਹਾਂਨਗਰਾਂ ਤੇ ਵੱਡੇ ਸ਼ਹਿਰਾਂ ’ਚ ਵਸਦੇ ਲੱਖਾਂ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਪੈਦਲ ਹੀ ਆਪਣੇ ਘਰਾਂ ਵੱਲ ਚਾਲੇ ਪਾ ਦਿੱਤੇ। ਸੈਂਕੜੇ ਲੋਕ ਮੌਤ ਦਾ ਸ਼ਿਕਾਰ ਹੋਏ। ਸਰਕਾਰਾਂ ਲੋਕਾਂ ਦੀ ਬਾਂਹ ਫੜਨ ਦੇ ਅਸਮਰੱਥ ਦਿਖਾਈ ਦਿੱਤੀਆਂ। ਪ੍ਰਸ਼ਾਸਨ ਅਤੇ ਸਿਆਸੀ ਜਮਾਤ ਨੇ ਅੰਤਾਂ ਦੀ ਅਸੰਵੇਦਨਸ਼ੀਲਤਾ ਦਿਖਾਈ।
ਬਹੁਤ ਸਾਰੇ ਬਦਲਾਉ ਹੋਣ ਦੇ ਬਾਵਜੂਦ ਕਈ ਵਰਤਾਰੇ ਬਿਲਕੁਲ ਨਹੀਂ ਬਦਲੇ। ਮਨੁੱਖੀ ਲਾਲਚ ਅਤੇ ਲੋਭ ਘਟਣ ਦੀ ਥਾਂ ’ਤੇ ਵਧੇ। ਅਜਿਹੇ ਮਨੁੱਖੀ ਦੁਖਾਂਤ ਦੇ ਸਮਿਆਂ ਵਿਚ ਕਾਰਪੋਰੇਟ ਅਦਾਰਿਆਂ ਦੇ ਮੁਨਾਫ਼ੇ ਵਧੇ ਅਤੇ ਉਨ੍ਹਾਂ ਨੇ ਸਰਕਾਰਾਂ ਨੂੰ ਅਜਿਹੇ ਕਾਨੂੰਨ ਬਣਾਉਣ ਲਈ ਪ੍ਰੇਰਿਆ ਜਿਨ੍ਹਾਂ ਨਾਲ ਉਨ੍ਹਾਂ ਦੇ ਹਿੱਤ ਹੋਰ ਸੁਰੱਖਿਅਤ ਹੋ ਜਾਣ। ਭਾਰਤ ਵਿਚ ਕੇਂਦਰ ਸਰਕਾਰ ਨੇ ਦਹਾਕਿਆਂ ਦੇ ਸੰਘਰਸ਼ ਨਾਲ ਹਾਸਲ ਕੀਤੇ ਸਨਅਤੀ ਕਾਮਿਆਂ ਦੇ ਹੱਕ ਸੀਮਤ ਕਰ ਦਿੱਤੇ। ਖੇਤੀ ਖੇਤਰ ਵਿਚ ਕਾਰਪੋਰੇਟ ਅਦਾਰਿਆਂ ਦਾ ਦਖ਼ਲ ਵਧਾਉਣ ਲਈ ਖੇਤੀ ਕਾਨੂੰਨ ਬਣਾਏ ਗਏ। ਪੰਜਾਬ ਨੇ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਨ ਵਿਚ ਮੋਹਰੀ ਭੂਮਿਕਾ ਨਿਭਾਈ ਜਿਸ ਨੇ ਇਸ ਜਮੂਦ ਕਿ ਇਸ ਸਰਕਾਰ ਦੀ ਕਿਸੇ ਵੀ ਨਾਂਹ-ਪੱਖੀ ਪਹਿਲਕਦਮੀ ਦਾ ਵਿਰੋਧ ਨਹੀਂ ਕੀਤਾ ਜਾ ਸਕਦਾ, ਨੂੰ ਤੋੜਿਆ। ਇਸ ਅੰਦੋਲਨ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਨਾਲ ਨਾਲ ਕਾਰਪੋਰੇਟ ਵਿਕਾਸ ਮਾਡਲ ’ਤੇ ਸਵਾਲ ਖੜ੍ਹੇ ਕੀਤੇ। ਸਾਰੀ ਦੁਨੀਆ ਦਾ ਧਿਆਨ ਇਸ ਅੰਦੋਲਨ ’ਤੇ ਇਸ ਲਈ ਕੇਂਦਰਿਤ ਹੈ ਕਿਉਂਕਿ ਦੁਨੀਆ ਭਰ ਵਿਚ ਇਹ ਇਕੱਲਾ ਅੰਦੋਲਨ ਹੈ ਜਿਸ ਨੇ ਕੋਵਿਡ-19 ਦੀ ਆੜ ਵਿਚ ਸਰਕਾਰਾਂ ਵੱਲੋਂ ਲਏ ਜਾ ਰਹੇ ਲੋਕ ਵਿਰੋਧੀ ਫ਼ੈਸਲਿਆਂ ਵਿਰੁੱਧ ਏਨੀ ਵੱਡੀ ਪੱਧਰ ’ਤੇ ਆਢਾ ਲਾਇਆ ਹੈ। ਇਸ ਅੰਦੋਲਨ ਦਾ ਸ਼ਾਂਤਮਈ ਖ਼ਾਸਾ, ਸੰਜਮ, ਸਿਦਕ ਅਤੇ ਸਿਰੜ ਮਿਸਾਲੀ ਹੋ ਨਬਿੜੇ ਹਨ। ਜ਼ਬਤ ਤੇ ਵੇਗ ਦੇ ਸੰਗਮ ਨੇ ਮਾਨਵਤਾ ਦੀ ਉਹ ਮਸ਼ਾਲ ਬਾਲੀ ਹੈ ਜਿਸ ਦੀ ਲੋਅ ਸਾਰੀ ਦੁਨੀਆਂ ਵਿਚ ਫੈਲ ਰਹੀ ਹੈ। ਚਾਨਣ ਅਤੇ ਹਨੇਰਾ ਬ੍ਰਹਿਮੰਡੀ ਵਰਤਾਰੇ ਹਨ ਪਰ ਅਸੀਂ ਪ੍ਰੰਪਰਿਕ ਰੂਪ ਵਿਚ ਚਾਨਣ ਨੂੰ ਜੀਵਨ ਦੇ ਸਕਾਰਾਤਮਕ ਪੱਖਾਂ ਅਤੇ ਹਨੇਰੇ ਨੂੰ ਨਕਾਰਾਤਮਕ ਪੱਖਾਂ ਨਾਲ ਜੋੜ ਕੇ ਵੇਖਦੇ ਹਾਂ। ਇਨ੍ਹਾਂ ਅਰਥਾਂ ਅਨੁਸਾਰ ਕਿਹਾ ਜਾ ਸਕਦਾ ਹੈ ਕਿ ਕੋਵਿਡ-19 ਦੇ ਹਨੇਰੇ ਸਮਿਆਂ ਵਿਚ ਕਿਸਾਨ ਅੰਦੋਲਨ ਚਾਨਣ ਦਾ ਸਰੋਤ ਬਣ ਕੇ ਉੱਭਰਿਆ ਹੈ ਜਿਸ ਨੇ ਲੋਕਾਂ ਦੇ ਮਨਾਂ ਵਿਚ ਮਾਨਵਤਾ ਪ੍ਰਤੀ ਆਸਵੰਦ ਹੋਣ ਦੇ ਦੀਵੇ ਜਗਾਏ ਹਨ।