DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੋਸ਼ਣ ਵੱਲ ਪੁੱਟਿਆ ਕਦਮ

ਹਰਿਆਣਾ ਦੇ ਇੱਕ ਸਰਕਾਰੀ ਸਕੂਲ ਵਿੱਚ ਵਿਟਾਮਿਨ ਡੀ-ਯੁਕਤ ਲੱਡੂਆਂ ਦੀ ਸਫ਼ਲਤਾ ਦੀ ਕਹਾਣੀ ਜਨਤਕ ਸਿਹਤ ਨੀਤੀ ਦਾ ਇੱਕ ਮਹੱਤਵਪੂਰਨ ਸਬਕ ਹੈ: ਜ਼ਰੂਰੀ ਨਹੀਂ ਕਿ ਹੱਲ ਹਮੇਸ਼ਾ ਮਹਿੰਗੇ ਜਾਂ ਗੁੰਝਲਦਾਰ ਹੋਣ। ਕਈ ਵਾਰ ਲੋੜ ਸਿਰਫ ਐਨੀ ਹੁੰਦੀ ਹੈ ਕਿ ਉਹ ਜੜ੍ਹਾਂ...

  • fb
  • twitter
  • whatsapp
  • whatsapp
Advertisement

ਹਰਿਆਣਾ ਦੇ ਇੱਕ ਸਰਕਾਰੀ ਸਕੂਲ ਵਿੱਚ ਵਿਟਾਮਿਨ ਡੀ-ਯੁਕਤ ਲੱਡੂਆਂ ਦੀ ਸਫ਼ਲਤਾ ਦੀ ਕਹਾਣੀ ਜਨਤਕ ਸਿਹਤ ਨੀਤੀ ਦਾ ਇੱਕ ਮਹੱਤਵਪੂਰਨ ਸਬਕ ਹੈ: ਜ਼ਰੂਰੀ ਨਹੀਂ ਕਿ ਹੱਲ ਹਮੇਸ਼ਾ ਮਹਿੰਗੇ ਜਾਂ ਗੁੰਝਲਦਾਰ ਹੋਣ। ਕਈ ਵਾਰ ਲੋੜ ਸਿਰਫ ਐਨੀ ਹੁੰਦੀ ਹੈ ਕਿ ਉਹ ਜੜ੍ਹਾਂ ਨਾਲ ਜੁੜੇ ਤੇ ਵਿਗਿਆਨਕ ਤੌਰ ’ਤੇ ਸਹੀ ਹੋਣ ਅਤੇ ਸੂਝ-ਬੂਝ ਨਾਲ ਲਾਗੂ ਕੀਤੇ ਜਾਣ। ਵਿਟਾਮਿਨ ਡੀ ਦੀ ਕਮੀ ਭਾਰਤ ਵਿਚ ਸਭ ਤੋਂ ਵੱਧ ਨਜ਼ਰਅੰਦਾਜ਼ ਕੀਤੀਆਂ ਜਾਣ ਵਾਲੀਆਂ ਸਿਹਤ ਚੁਣੌਤੀਆਂ ਵਿੱਚੋਂ ਇੱਕ ਹੈ, ਖ਼ਾਸ ਕਰ ਕੇ ਕਿਸ਼ੋਰ ਲੜਕੀਆਂ ਵਿੱਚ। ਭਰਪੂਰ ਧੁੱਪ ਹੋਣ ਦੇ ਬਾਵਜੂਦ ਜੀਵਨ ਸ਼ੈਲੀ ਵਿੱਚ ਤਬਦੀਲੀਆਂ, ਬਾਹਰੀ ਗਤੀਵਿਧੀਆਂ ਨੂੰ ਸੀਮਤ ਕਰਨ ਵਾਲੀਆਂ ਸਮਾਜਿਕ ਮਾਨਤਾਵਾਂ ਅਤੇ ਖੁਰਾਕ ਵਿੱਚ ਵੰਨ-ਸਵੰਨਤਾ ਦੀ ਘਾਟ ਵਰਗੇ ਕਾਰਨਾਂ ਕਰ ਕੇ ਇਹ ਕਮੀ ਆਮ ਹੈ। ਇਹ ਘਾਟ ਹੱਡੀਆਂ ਦੀ ਮਜ਼ਬੂਤੀ, ਰੋਗ ਤੋਂ ਬਚਣ ਦੀ ਸਮਰੱਥਾ ਅਤੇ ਲੰਮੇ ਸਮੇਂ ਲਈ ਸਮੁੱਚੀ ਤੰਦਰੁਸਤੀ ’ਤੇ ਮਾੜਾ ਪ੍ਰਭਾਵ ਪਾਉਂਦੀ ਹੈ।

​ਇਸ ਸਭ ਦੇ ਮੱਦੇਨਜ਼ਰ ਹਰਿਆਣਾ ਦਾ ਇਹ ਪ੍ਰਯੋਗ, ਜਿੱਥੇ ‘ਫੋਰਟੀਫਾਈਡ’ (ਪੋਸ਼ਕ ਤੱਤਾਂ ਨਾਲ ਭਰਪੂਰ) ਲੱਡੂਆਂ ਨੇ ਸਕੂਲੀ ਲੜਕੀਆਂ ਵਿੱਚ ਵਿਟਾਮਿਨ ਡੀ ਦੇ ਪੱਧਰ ਵਿੱਚ ਕਾਫ਼ੀ ਸੁਧਾਰ ਕੀਤਾ ਹੈ, ਆਪਣੀ ਸਾਦਗੀ ਅਤੇ ਪ੍ਰਭਾਵਸ਼ੀਲਤਾ ਕਾਰਨ ਵੱਖਰੀ ਛਾਪ ਛੱਡਦਾ ਹੈ। ਇਸ ਇਲਾਜ ਦੀ ਤਾਕਤ ਇਸ ਦੀ ਸੱਭਿਆਚਾਰਕ ਸਾਂਝ ਵਿੱਚ ਲੁਕੀ ਹੋਈ ਹੈ। ਲੱਡੂਆਂ ਨੂੰ ਪੂਰਕ ਖੁਰਾਕ ਜਾਂ ਦਵਾਈਆਂ ਵਜੋਂ ਨਹੀਂ, ਸਗੋਂ ਭੋਜਨ ਵਜੋਂ ਦੇਖਿਆ ਜਾਂਦਾ ਹੈ। ਇਹ ਗੱਲ ਯਕੀਨੀ ਬਣਾਉਂਦੀ ਹੈ ਕਿ ਬੱਚੇ ਇਸ ਨੂੰ ਖੁਸ਼ੀ ਨਾਲ ਖਾਣ, ਕਿਸੇ ਕਿਸਮ ਦੀ ਹਿਚਕਿਚਾਹਟ ਨਾ ਰਹੇ ਅਤੇ ਪੋਸ਼ਣ ਰੋਜ਼ਾਨਾ ਦੀ ਰੁਟੀਨ ਵਿੱਚ ਸਹਿਜੇ ਹੀ ਸ਼ਾਮਲ ਹੋ ਜਾਵੇ। ‘ਬਾਇਓਫੋਰਟੀਫਾਈਡ’ ਖੁੰਬਾਂ (ਮਸ਼ਰੂਮ) ਦੀ ਵਰਤੋਂ ਕਰ ਕੇ, ਇਹ ਪਹਿਲਕਦਮੀ ਇਹ ਵੀ ਦਰਸਾਉਂਦੀ ਹੈ ਕਿ ਕਿਵੇਂ ਸਥਾਨਕ ਖੋਜ ਸੰਸਥਾਵਾਂ ਰੋਜ਼ਾਨਾ ਦੀਆਂ ਸਮੱਸਿਆਵਾਂ ਦੇ ਵਿਹਾਰਕ ਹੱਲ ਸੁਝਾਉਣ ਵਿੱਚ ਯੋਗਦਾਨ ਪਾ ਸਕਦੀਆਂ ਹਨ। ਇਸ ਪਾਇਲਟ ਪ੍ਰੋਜੈਕਟ ਦੀ ਸਫਲਤਾ ਨੂੰ ਸਾਵਧਾਨੀ ਅਤੇ ਵਚਨਬੱਧਤਾ ਦੇ ਨਾਲ ਵੱਡੇ ਪੱਧਰ ’ਤੇ ਲਾਗੂ ਕੀਤਾ ਜਾਣਾ ਚਾਹੀਦਾ ਹੈ। ਪੋਸ਼ਣ ਸਬੰਧੀ ਉਪਾਵਾਂ ਨੂੰ ਪਾਰਦਰਸ਼ੀ ਅੰਕੜਿਆਂ, ਨਿਯਮਤ ਨਿਗਰਾਨੀ ਅਤੇ ਗੁਣਵੱਤਾ ਦੇ ਮਿਆਰ ਦਾ ਸਾਥ ਮਿਲਣਾ ਚਾਹੀਦਾ ਹੈ। ‘ਫੋਰਟੀਫਿਕੇਸ਼ਨ’ ਬਾਕੀ ਵਿਆਪਕ ਰਣਨੀਤੀਆਂ ਜਿਵੇਂ ਕਿ ਧੁੱਪ ਵਿੱਚ ਰਹਿਣ ਲਈ ਉਤਸ਼ਾਹਿਤ ਕਰਨ, ਮਿੱਡ-ਡੇਅ ਮੀਲ ਵਿੱਚ ਸੁਧਾਰ ਅਤੇ ਕਿਸ਼ੋਰ ਸਿਹਤ ਸੇਵਾਵਾਂ ਨੂੰ ਮਜ਼ਬੂਤ ​​ਕਰਨ ਦਾ ਪੂਰਕ ਹੋਣੀ ਚਾਹੀਦੀ ਹੈ, ਨਾ ਕਿ ਉਸ ਦਾ ਬਦਲ।

Advertisement

​ਇਸ ਵਿੱਚ ਇੱਕ ਵੱਡਾ ਨੀਤੀਗਤ ਸੁਨੇਹਾ ਵੀ ਹੈ। ਕੁਪੋਸ਼ਣ ਵਿਰੁੱਧ ਭਾਰਤ ਦੀ ਲੜਾਈ ਅਕਸਰ ਕੈਲਰੀ ਅਤੇ ਪ੍ਰੋਟੀਨ ’ਤੇ ਕੇਂਦਰਿਤ ਰਹੀ ਹੈ, ਜਦੋਂ ਕਿ ਸੂਖਮ ਪੋਸ਼ਕ ਤੱਤਾਂ ਦੀ ਕਮੀ ਵੱਲ ਸਿਰਫ਼ ਕਦੇ-ਕਦਾਈਂ ਹੀ ਧਿਆਨ ਦਿੱਤਾ ਜਾਂਦਾ ਹੈ। ਇਹ ਅਸੰਤੁਲਨ ਆਸ ਮੁਤਾਬਕ ਨਤੀਜਿਆਂ ਦੇ ਰਾਹ ਵਿਚ ਰੁਕਾਵਟ ਬਣਦਾ ਹੈ। ਓਹਲੇ ਰਹਿ ਜਾਂਦੀ ਇਸ ਘਾਟ ਨੂੰ ਦੂਰ ਕਰਨ ਲਈ ਖੁਰਾਕ ਵਿਗਿਆਨ, ਸਕੂਲ ਆਧਾਰਿਤ ਇਲਾਜਾਂ ਅਤੇ ਨਵੇਂ ਉਪਾਵਾਂ ਵਿੱਚ ਨਿਰੰਤਰ ਨਿਵੇਸ਼ ਦੀ ਲੋੜ ਹੈ। ਹਰਿਆਣਾ ਮਾਡਲ ਨੂੰ ਮੌਜੂਦਾ ਸਕੀਮਾਂ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਨਾਲ ਸਿਹਤ ਸੰਭਾਲ ਖੇਤਰ ਵਿਚ ਸਕੂਲ ਰੋਕਥਾਮ ਦੇ ਮੋਹਰੀ ਸਥਾਨ ਬਣ ਕੇ ਉੱਭਰ ਸਕਦੇ ਹਨ। ਆਖਰਕਾਰ, ਪੋਸ਼ਣ ਦਾ ਮਤਲਬ ਹੀ ਭਵਿੱਖ ਦਾ ਨਿਰਮਾਣ ਕਰਨਾ ਹੈ।

Advertisement

Advertisement
×