ਖੇਡ ਜਗਤ ’ਤੇ ਧੱਬਾ
ਨਵੇਂ ਸਾਲ ਵਿੱਚ ਦੋ ਪ੍ਰੇਸ਼ਾਨ ਕਰਨ ਵਾਲੇ ਮਾਮਲਿਆਂ ਨੇ ਭਾਰਤੀ ਖੇਡ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹਰਿਆਣਾ ਦੇ ਰੇਵਾੜੀ ਵਿੱਚ ਇੱਕ ਹਾਕੀ ਕੋਚ ਨੂੰ 12ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ-ਜਨਾਹ ਕਰਕੇ ਉਸ ਨੂੰ ਗਰਭਵਤੀ ਕਰਨ ਦੇ ਦੋਸ਼ ਹੇਠ...
ਨਵੇਂ ਸਾਲ ਵਿੱਚ ਦੋ ਪ੍ਰੇਸ਼ਾਨ ਕਰਨ ਵਾਲੇ ਮਾਮਲਿਆਂ ਨੇ ਭਾਰਤੀ ਖੇਡ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹਰਿਆਣਾ ਦੇ ਰੇਵਾੜੀ ਵਿੱਚ ਇੱਕ ਹਾਕੀ ਕੋਚ ਨੂੰ 12ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ-ਜਨਾਹ ਕਰਕੇ ਉਸ ਨੂੰ ਗਰਭਵਤੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਇੱਕ ਕੌਮੀ ਪੱਧਰ ਦੀ ਨਿਸ਼ਾਨੇਬਾਜ਼ ਨੇ ਹਾਲ ਹੀ ਵਿੱਚ ਆਪਣੇ ਕੋਚ ’ਤੇ ਫਰੀਦਾਬਾਦ ’ਚ ਹੋਈ ਕੌਮੀ ਚੈਂਪੀਅਨਸ਼ਿਪ ਦੌਰਾਨ ਉਸ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਹੈ। ਇਹ ਘਟਨਾਵਾਂ ਦੇਸ਼ ਦੇ ਖੇਡ ਜਗਤ ਵਿੱਚ ਔਰਤਾਂ ਨਾਲ ਹੋਣ ਵਾਲੇ ਵਿਹਾਰ ਦੀ ਖੌਫ਼ਨਾਕ ਤਸਵੀਰ ਪੇਸ਼ ਕਰਦੀਆਂ ਹਨ। ਕਹਾਣੀ ਬਹੁਤ ਜਾਣੀ-ਪਛਾਣੀ ਹੈ: ਇੱਕ ਕੋਚ (ਜਾਂ ਇੱਕ ਪ੍ਰਸ਼ਾਸਕ) ਦੇ ਰੂਪ ਵਿੱਚ ਲੁਕਿਆ ਹੋਇਆ ਜਿਨਸੀ ਸ਼ਿਕਾਰੀ ਜੋ ਉਭਰ ਰਹੀਆਂ ਖਿਡਾਰਨਾਂ ਨੂੰ ਨਿਸ਼ਾਨਾ ਬਣਾਉਣ ਲਈ ਆਪਣੀ ਤਾਕਤ ਜਾਂ ਅਧਿਕਾਰ ਦੀ ਦੁਰਵਰਤੋਂ ਕਰਦਾ ਹੈ।
ਦੁੱਖ ਦੀ ਗੱਲ ਇਹ ਹੈ ਕਿ ਪਿਛਲੇ ਮਾਮਲਿਆਂ ਤੋਂ ਕੋਈ ਸਬਕ ਨਹੀਂ ਸਿੱਖਿਆ ਗਿਆ ਹਾਲਾਂਕਿ ਕਈ ਰਿਪੋਰਟਾਂ ਵਿੱਚ ਪਹਿਲਾਂ ਹੀ ਇਸ ਸਮੱਸਿਆ ਦੀ ਗੰਭੀਰਤਾ ਬਾਰੇ ਚਿਤਾਵਨੀ ਦਿੱਤੀ ਜਾ ਚੁੱਕੀ ਹੈ। 2023 ਵਿੱਚ ਪ੍ਰਕਾਸ਼ਿਤ ਸੰਯੁਕਤ ਰਾਸ਼ਟਰ ਮਹਿਲਾ-ਯੂਨੈਸਕੋ ਦੇ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਭਾਰਤ ਵਿੱਚ ਇੱਕ ਤਿਹਾਈ ਮਹਿਲਾ ਐਥਲੀਟਾਂ ਨੇ ਪੁਰਸ਼ ਕੋਚਾਂ ਵੱਲੋਂ ਜਿਨਸੀ ਸ਼ੋਸ਼ਣ, ਪ੍ਰੇਸ਼ਾਨ ਕਰਨ ਜਾਂ ਗ਼ਲਤ ਵਿਵਹਾਰ ਦਾ ਸਾਹਮਣਾ ਕੀਤਾ ਹੈ। ਭਾਜਪਾ ਦੇ ਸਾਬਕਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਕੁਸ਼ਤੀ ਫੈਡਰੇਸ਼ਨ ਆਫ਼ ਇੰਡੀਆ ਦੇ ਮੁਖੀ ਵਜੋਂ ਕਾਰਜਕਾਲ ਕਾਫ਼ੀ ਵਿਵਾਦਪੂਰਨ ਰਿਹਾ ਹੈ। ਬ੍ਰਿਜ ਭੂਸ਼ਣ ਖਿਡਾਰਨਾਂ ਵੱਲੋਂ ਉਸ ’ਤੇ ਲਾਏ ਗੰਭੀਰ ਦੋਸ਼ਾਂ ਨੂੰ ‘ਸਾਜਿਸ਼’ ਦੱਸ ਕੇ ਖਾਰਜ ਕਰਦਾ ਰਿਹਾ ਹੈ। ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤਹਿਤ ਦਿੱਲੀ ਦੀ ਇੱਕ ਅਦਾਲਤ ਵਿੱਚ ਕੇਸ ਵਿਚਾਰ ਅਧੀਨ ਹੋਣ ਦੇ ਬਾਵਜੂਦ ਬ੍ਰਿਜ ਭੂਸ਼ਣ ਕੁਝ ਮਹੀਨੇ ਪਹਿਲਾਂ, ਪ੍ਰੋ ਰੈਸਲਿੰਗ ਲੀਗ ਦੀ ਮੁੜ ਸ਼ੁਰੂਆਤ ਮੌਕੇ ਕਰਵਾਏ ਗਏ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਇਆ ਸੀ।
ਭਾਰਤ ਵੱਲੋਂ 2030 ਦੀਆਂ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰਨ ਅਤੇ 2036 ਦੀਆਂ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਬੋਲੀ ਲਾਉਣ ਦੀਆਂ ਇੱਛਾਵਾਂ ਖੋਖਲੀਆਂ ਹਨ, ਜੇਕਰ ਇਸ ਦੇ ਖਿਡਾਰੀਆਂ ਦਾ ਉਨ੍ਹਾਂ ਲੋਕਾਂ ਹੱਥੋਂ ਹੀ ਸ਼ੋਸ਼ਣ ਹੁੰਦਾ ਰਹੇਗਾ, ਜਿਨ੍ਹਾਂ ਉੱਤੇ ਉਨ੍ਹਾਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਭਰੋਸਾ ਜਤਾਇਆ ਹੈ।
ਬੁਨਿਆਦੀ ਢਾਂਚੇ ਅਤੇ ਸਿਖਲਾਈ ਵਿੱਚ ਨਿਵੇਸ਼ ਮਜ਼ਬੂਤ ਸੁਰੱਖਿਆ ਦਾ ਬਦਲ ਨਹੀਂ ਬਣ ਸਕਦਾ। ਇਸ ਲਈ ਫੈਡਰੇਸ਼ਨਾਂ ਦੀ ਸੁਤੰਤਰ ਨਿਗਰਾਨੀ, ਪਿਛੋਕੜ ਦੀ ਲਾਜ਼ਮੀ ਜਾਂਚ ਅਤੇ ਸਪੱਸ਼ਟ ਆਦਰਸ਼ ਜ਼ਾਬਤੇ ਦੀ ਲੋੜ ਹੈ। ਜਦੋਂ ਵੀ ਕਿਸੇ ਮਾਮਲੇ ਵਿੱਚ ਅਜਿਹੇ ਦੋਸ਼ ਸਾਹਮਣੇ ਆਉਣ ਤਾਂ ਉਨ੍ਹਾਂ ਦੇ ਆਧਾਰ ’ਤੇ ਤੇਜ਼ ਅਤੇ ਪਾਰਦਰਸ਼ੀ ਕਾਰਵਾਈ ਯਕੀਨੀ ਬਣਾਈ ਜਾਣੀ ਚਾਹੀਦੀ ਹੈ।

