ਬੁੱਧਵਾਰ 5 ਅਗਸਤ ਨੂੰ ਪ੍ਰਧਾਨ ਮੰਤਰੀ ਨੇ ਅਯੁੱਧਿਆ ਵਿਚ ਰਾਮ ਮੰਦਰ ਦਾ ਭੂਮੀ ਪੂਜਨ ਕਰ ਕੇ ਇਸ ਦਿਨ ਨੂੰ ਨਵੀਂ ਇਤਿਹਾਸਕਤਾ ਦਿੱਤੀ। ਇਸੇ ਦਿਨ 2019 ਵਿਚ ਜੰਮੂ-ਕਸ਼ਮੀਰ ਸੂਬੇ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡਿਆ ਗਿਆ ਸੀ। ਇਸ ਸਮਾਗਮ ਨੂੰ ਕਰੋੜਾਂ ਲੋਕਾਂ ਨੇ ਟੈਲੀਵਿਜ਼ਨ ’ਤੇ ਵੇਖਿਆ। ਕੋਵਿਡ-19 ਦੀ ਮਹਾਮਾਰੀ ਕਾਰਨ ਘੱਟ ਲੋਕਾਂ ਨੂੰ ਸੱਦਿਆ ਗਿਆ ਸੀ ਅਤੇ ਸਮਾਗਮ ਦੌਰਾਨ ਸਰੀਰਕ ਦੂਰੀ ਬਣਾ ਕੇ ਰੱਖਣ ਦੀ ਕੋਸ਼ਿਸ਼ ਵੀ ਸਪੱਸ਼ਟ ਦਿਖਾਈ ਦਿੱਤੀ। ਪ੍ਰਧਾਨ ਮੰਤਰੀ ਪੀਤਾਂਬਰ ਰੰਗ ਦਾ ਲਬਿਾਸ ਪਹਿਨ ਕੇ ਆਏ ਤੇ ਪਹਿਲਾਂ ਹਨੂੰਮਾਨ ਮੰਦਰ ਵਿਚ ਪੂਜਾ ਕੀਤੀ। ਇਸ ਤੋਂ ਬਾਅਦ ਰਾਮ ਲੱਲਾ ਬਿਰਾਜਮਾਨ ਅਸਥਾਨ ’ਤੇ ਦੰਡਵਤ ਪ੍ਰਣਾਮ ਕੀਤਾ ਅਤੇ ਬਾਅਦ ਵਿਚ ਭੂਮੀ ਪੂਜਨ ਦੇ ਸਮਾਗਮ ਵਿਚ ਹਿੱਸਾ ਲਿਆ। ਮੁੱਖ ਪੁਜਾਰੀ ਨੇ ਪ੍ਰਧਾਨ ਮੰਤਰੀ ਨੂੰ ਚੱਕਰਵਰਤੀ ਜਜਮਾਨ ਦੱਸਿਆ ਅਤੇ ਇਹ ਵੀ ਕਿਹਾ ਕਿ ਇਹੋ ਜਿਹੇ ਚੱਕਰਵਰਤੀ ਜਜਮਾਨ ਕਦੇ ਕਦੇ ਹੀ ਮਿਲਦੇ ਹਨ। ਭੂਮੀ ਪੂਜਨ ਖ਼ਤਮ ਹੋਣ ’ਤੇ ਮੁੱਖ ਪੁਜਾਰੀ ਨੇ ਕਿਹਾ ਕਿ ਬ੍ਰਾਹਮਣ ਦੇਵਤਾ ਸਾਰਿਆਂ ਨੂੰ ਸੁੱਖ-ਸਮਰਿਧੀ ਪ੍ਰਦਾਨ ਕਰਨ।
ਆਪਣੇ ਸਵਾਗਤੀ ਭਾਸ਼ਨ ਵਿਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਇਹੋ ਜਿਹਾ ਮਹਾਨ ਕੰਮ ਸਿਰਫ਼ ਮੋਦੀ ਵਰਗੇ ਮਹਾਨ ਨੇਤਾ ਦੀ ਅਗਵਾਈ ਵਿਚ ਹੀ ਮੁਕੰਮਲ ਹੋ ਸਕਦਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਭਾਸ਼ਨ ਸ਼ੁਰੂ ਕਰਦਿਆਂ ਯੋਗੀ ਆਦਿੱਤਿਆਨਾਥ ਨੂੰ ‘‘ਊਰਜਾਵਾਨ, ਯਸ਼ਮਈ ਤੇ ਹਰਮਨਪਿਆਰਾ ਮੁੱਖ ਮੰਤਰੀ’’ ਅਤੇ ਰਾਸ਼ਟਰੀ ਸਵੈਮਸੇਵਕ ਸੰਘ ਦੇ ਸਰਸੰਘਚਾਲਕ ਮੋਹਨ ਭਾਗਵਤ ਨੂੰ ‘‘ਸਾਡੇ ਸਾਰਿਆਂ ਦੇ ਸ਼ਰਧਾ ਦੇ ਪਾਤਰ’’ ਦੱਸਿਆ। ਮੋਦੀ ਨੇ ਕਿਹਾ ਕਿ ਇਹ ਉਸ ਦੀ ਖੁਸ਼ਕਿਸਮਤੀ ਹੈ ਕਿ ਸ੍ਰੀਰਾਮ ਜਨਮਭੂਮੀ ਤੀਰਥ ਟਰੱਸਟ ਖੇਤਰ ਨੇ ਉਨ੍ਹਾਂ ਨੂੰ ‘‘ਇਸ ਇਤਿਹਾਸਕ ਪਲ ਦਾ ਸਾਖ਼ਸ਼ੀ’’ ਹੋਣ ਲਈ ਸੱਦਾ ਦਿੱਤਾ ਅਤੇ ਆਪਣੇ ਆਉਣ ਨੂੰ ‘‘ਬਹੁਤ ਸੁਭਾਵਿਕ’’ ਦੱਸਿਆ। ਸਿਆਸੀ ਮਾਹਿਰਾਂ ਅਨੁਸਾਰ ਮੋਦੀ ਨੇ ਬਹੁਤ ਦੇਰ ਤਕ ਅਯੁੱਧਿਆ ਵਿਚ ਪਰਵੇਸ਼ ਨਹੀਂ ਸੀ ਕੀਤਾ ਅਤੇ ਹਮੇਸ਼ਾ ਇਹ ਕਹਿੰਦਾ ਸੀ ਕਿ ਉੱਥੇ ਕੀ ਕਰਨ ਜਾਣਾ ਹੈ ਜਿਸ ਦੇ ਅਰਥ ਇਹ ਕੱਢੇ ਜਾਂਦੇ ਸਨ ਕਿ ਮੋਦੀ ਉੱਥੇ ਉਦੋਂ ਹੀ ਜਾਣਾ ਚਾਹੁੰਦੇ ਸਨ ਜਦ ਰਾਮ ਮੰਦਰ ਬਣਨ ਦਾ ਰਸਤਾ ਸਾਫ਼ ਹੋ ਜਾਵੇ। ਆਪਣੇ ਸਵਾਗਤੀ ਭਾਸ਼ਨ ਵਿਚ ਮੁੱਖ ਮੰਤਰੀ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਇਹ ਮੰਦਰ ਸੰਵਿਧਾਨ ਅਤੇ ਨਿਆਂਪਾਲਿਕਾ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਜਮਹੂਰੀ ਅਤੇ ਸ਼ਾਂਤਮਈ ਤਰੀਕੇ ਨਾਲ ਬਣਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਬੁੱਧਵਾਰ ਦੇ ਦਿਨ ਨੂੰ ਸਰਯੂ ਨਦੀ ਦੇ ਕਿਨਾਰੇ ਸਵਰਨ ਯੁੱਗ ਦੀ ਸ਼ੁਰੂਆਤ ਦੱਸਦਿਆਂ ਕਿਹਾ ਕਿ ਅੱਜ ਨਾ ਸਿਰਫ਼ ਭਾਰਤ ਦੇ ਵਸਨੀਕ ਸਗੋਂ ਵਿਸ਼ਵ ਭਰ ਵਿਚ ਵਸਦੇ ‘ਭਾਰਤ ਭਗਤ ਅਤੇ ਰਾਮ ਭਗਤ’ ਜੈ-ਘੋਸ਼ ਕਰ ਰਹੇ ਹਨ।
ਮੋਦੀ ਨੇ ਕਿਹਾ ‘‘ਸ੍ਰੀਰਾਮ ਦਾ ਮੰਦਰ ਸਾਡੀ ਸੰਸਕ੍ਰਿਤੀ ਦਾ ਆਧੁਨਿਕ ਪ੍ਰਤੀਕ ਬਣੇਗਾ, ਸਾਡੀ ਸਾਸ਼ਵਤ ਆਸਥਾ ਦਾ ਪ੍ਰਤੀਕ ਬਣੇਗਾ, ਸਾਡੀ ਰਾਸ਼ਟਰੀ ਭਾਵਨਾ ਦਾ ਪ੍ਰਤੀਕ ਬਣੇਗਾ।’’ ਇਸ ਤਰ੍ਹਾਂ ਧਰਮ ਅਤੇ ਰਾਸ਼ਟਰ ਨੂੰ ਜੋੜ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਦਾ ਹਵਾਲਾ ਦਿੰਦਿਆਂ 15 ਅਗਸਤ ਨੂੰ ਲੋਕਾਂ ਦੇ ਅਥਾਹ ਤਪ ਅਤੇ ਬਲੀਦਾਨ ਦਾ ਪ੍ਰਤੀਕ ਦੱਸਿਆ। ਪ੍ਰਧਾਨ ਮੰਤਰੀ ਕਿਹਾ ‘‘ਜਿਸ ਤਰ੍ਹਾਂ ਦਲਿਤਾਂ, ਪਛੜੇ ਵਰਗਾਂ ਦੇ ਲੋਕ, ਆਦਿਵਾਸੀਆਂ, ਸਮਾਜ ਦੇ ਹਰ ਵਰਗ ਨੇ ਆਜ਼ਾਦੀ ਦੀ ਲੜਾਈ ਵਿਚ ਗਾਂਧੀ ਜੀ ਨੂੰ ਸਹਿਯੋਗ ਦਿੱਤਾ, ਉਸੇ ਤਰ੍ਹਾਂ ਅੱਜ ਦੇਸ਼ ਭਰ ਦੇ ਲੋਕਾਂ ਦੇ ਸਹਿਯੋਗ ਨਾਲ ਰਾਮ ਮੰਦਰ ਦੇ ਨਿਰਮਾਣ ਦਾ ਪੁੰਨ ਭਰਿਆ ਕੰਮ ਸ਼ੁਰੂ ਹੋਇਆ ਹੈ।’’ ਇਸ ਤਰ੍ਹਾਂ ਇਹ ਸਾਫ਼ ਸੰਕੇਤ ਦਿੱਤਾ ਗਿਆ ਕਿ 5 ਅਗਸਤ ਨੂੰ 15 ਅਗਸਤ ਨਾਲ ਜੋੜ ਕੇ ਇਸ ਨੂੰ ਨਵੇਂ ਇਤਿਹਾਸਕ ਅਰਥ ਦਿੱਤੇ ਜਾ ਰਹੇ ਹਨ। ਸਮਾਗਮ ਵਿਚ ਆਰਐੱਸਐੱਸ ਅਤੇ ਭਾਜਪਾ ਦਾ ਪ੍ਰਤੱਖ ਦਿਖਾਈ ਦਿੰਦਾ ਗ਼ਲਬਾ ਵੀ ਇਕ ਖ਼ਾਸ ਤਰ੍ਹਾਂ ਦੀ ਸਿਆਸਤ ਦੀ ਗਵਾਹੀ ਭਰਦਾ ਹੈ।
ਨਵੀਂ ਇਤਿਹਾਸਕਤਾ ਦੇ ਨਾਲ ਨਾਲ ਬੁੱਧਵਾਰ ਦਾ ਸਮਾਗਮ ਪ੍ਰਧਾਨ ਮੰਤਰੀ ਦੀ ਸ਼ਖ਼ਸੀਅਤ ਉੱਤੇ ਕੇਂਦਰਿਤ ਰਿਹਾ। ਟੈਲੀਵਿਜ਼ਨ ’ਤੇ ਕਈ ਵਕਤਿਆਂ ਨੇ ਇਸ ਗੱਲ ਵੱਲ ਧਿਆਨ ਦਿਵਾਇਆ। ਇਹ ਵੀ ਦੱਸਿਆ ਗਿਆ ਕਿ ਹਿੰਦੂ ਧਰਮ ਦੇ ਕਈ ਪੰਥਾਂ ਦੇ ਧਾਰਮਿਕ ਨੁਮਾਇੰਦੇ, ਜਿਨ੍ਹਾਂ ਵਿਚ ਸ਼ੰਕਰਾਚਾਰੀਆ ਅਤੇ ਕਈ ਹੋਰ ਪ੍ਰਥਾਵਾਂ ਦੇ ਪ੍ਰਤੀਨਿਧੀ ਸ਼ਾਮਲ ਹਨ, ਇਸ ਸਮਾਗਮ ਵਿਚ ਨਹੀਂ ਸੱਦੇ ਗਏ ਸਨ। ਕਈਆਂ ਨੇ ਇਸ ਦਾ ਕਾਰਨ ਕੋਵਿਡ-19 ਦੱਸਿਆ। ਕੁਝ ਸਿਆਸੀ ਮਾਹਿਰਾਂ ਨੇ ਇਸ ਗੱਲ ਵੱਲ ਵੀ ਧਿਆਨ ਦਿਵਾਇਆ ਕਿ 6 ਦਸੰਬਰ 1992 (ਜਿਸ ਦਿਨ ਬਾਬਰੀ ਮਸਜਿਦ ਢਾਹੀ ਗਈ) ਵਾਲੇ ਦਿਨ ਆਰਐੱਸਐੱਸ ਅਤੇ ਭਾਜਪਾ ਦਾ ਨਾਇਕ ਲਾਲ ਕ੍ਰਿਸ਼ਨ ਅਡਵਾਨੀ ਸੀ ਅਤੇ 5 ਅਗਸਤ 2020 ਨੂੰ ਨਰਿੰਦਰ ਮੋਦੀ।
ਅਯੁੱਧਿਆ ਤੋਂ ਲਗਭਗ 1400 ਕਿਲੋਮੀਟਰ ਦੂਰ ਕਸ਼ਮੀਰ ਦੀ ਵਾਦੀ ਵਿਚ ਭਾਜਪਾ ਨੇ ਇਸ ਦਿਨ ਨੂੰ ਸੰਵਿਧਾਨ ਦੀ ਧਾਰਾ 370 ਮਨਸੂਖ਼ ਕੀਤੇ ਜਾਣ ਦੀ ਵਰ੍ਹੇਗੰਢ ਵਜੋਂ ਮਨਾਇਆ। ਦੋ ਦਿਨ ਪਹਿਲਾਂ ਕਸ਼ਮੀਰ ਵਾਦੀ ਵਿਚ ਕਰਫ਼ਿਊ ਲਗਾ ਦਿੱਤਾ ਗਿਆ ਸੀ ਪਰ ਗਈ ਰਾਤ ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫ਼ਿਊ ਹਟਾਇਆ ਗਿਆ ਪਰ ਪਾਬੰਦੀਆਂ ਵਿਆਪਕ ਪੱਧਰ ’ਤੇ ਜਾਰੀ ਰਹੀਆਂ। 3 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ਅਤੇ ਤੁਰਨ-ਫਿਰਨ ’ਤੇ ਲਾਈ ਗਈ ਪਾਬੰਦੀ ਨਾਲ ਮਾਹੌਲ ਕਰਫ਼ਿਊ ਵਰਗਾ ਹੀ ਹੈ। ਸੁੰਨਸਾਨ ਸੜਕਾਂ ਅਤੇ ਬਾਜ਼ਾਰ ਕਸ਼ਮੀਰੀ ਲੋਕਾਂ ਦੀ ਚੁੱਪ ਅਤੇ ਬੇਗ਼ਾਨਗੀ ਦੀ ਗਵਾਹੀ ਭਰਦੇ ਰਹੇ। 15 ਨਵੰਬਰ 2015 ਨੂੰ ਆਪਣੇ ਇਕ ਭਾਸ਼ਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 4-ਜੀ ਇੰਟਰਨੈੱਟ ਨੂੰ ਕਸ਼ਮੀਰ ਦੇ ਨੌਜਵਾਨਾਂ ਦੀ ਤਰੱਕੀ ਦਾ ਵਾਹਨ ਦੱਸਿਆ ਸੀ। ਬੁੱਧਵਾਰ ਹੋਰ ਪਾਬੰਦੀਆਂ ਦੇ ਨਾਲ ਨਾਲ 4-ਜੀ ਇੰਟਰਨੈੱਟ ’ਤੇ ਲਾਈ ਗਈ ਪਾਬੰਦੀ ਦਾ ਇਕ ਵਰ੍ਹਾ ਵੀ ਪੂਰਾ ਹੋ ਗਿਆ। ਲੱਖਾਂ ਵਿਦਿਆਰਥੀ ਇਕ ਵਰ੍ਹੇ ਤੋਂ ਸਕੂਲ ਅਤੇ ਕਾਲਜ ਨਹੀਂ ਜਾ ਸਕੇ।
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫ਼ਾਰੂਕ ਅਬਦੁੱਲਾ ਨੇ ਜੰਮੂ-ਕਸ਼ਮੀਰ ਦੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਬੁੱਧਵਾਰ ਆਪਣੀ ਰਿਹਾਇਸ਼ ’ਤੇ ਸਾਰੀਆਂ ਪਾਰਟੀਆਂ ਦੀ ਮੀਟਿੰਗ ਸੱਦੀ ਸੀ ਪਰ ਇਹ ਮੀਟਿੰਗ ਇਸ ਲਈ ਨਾ ਹੋ ਸਕੀ ਕਿਉਂਕਿ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਉੱਥੇ ਆਉਣ ਤੋਂ ਰੋਕਿਆ ਗਿਆ। ਉਮਰ ਅਬਦੁੱਲਾ ਨੇ ਗੁਪਕਰ ਰੋਡ, ਜਿੱਥੇ ਸ਼ੇਖ ਅਬਦੁੱਲਾ ਦੀ ਰਿਹਾਇਸ਼ ਹੈ, ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਸੋਸ਼ਲ ਮੀਡੀਆ ’ਤੇ ਟਵੀਟ ਕੀਤਾ ‘‘ਇਕ ਸਾਲ ਹੋ ਗਿਆ ਏ; ਇਹ ਹੈ ਅੱਜ ਦੇ ਦਿਨ ਗੁਪਕਰ ਰੋਡ… ਬੂਹੇ ਅੱਗੇ ਪੁਲੀਸ ਦੀਆਂ ਗੱਡੀਆਂ ਖੜ੍ਹੀਆਂ ਹਨ, ਸੜਕਾਂ ’ਤੇ ਥਾਂ ਥਾਂ ਕੰਡੇਦਾਰ ਤਾਰ ਲਗਾਈ ਗਈ ਹੈ ਅਤੇ ਕਿਸੇ ਵੀ ਵਾਹਨ ਨੂੰ ਆਉਣ ਦੀ ਇਜਾਜ਼ਤ ਨਹੀਂ।’’ ਉਸ ਨੇ ਭਾਜਪਾ ’ਤੇ ਦੋਸ਼ ਲਗਾਇਆ ਕਿ ਉਹ ਇਕੱਠੇ ਹੋ ਕੇ ਜਸ਼ਨ ਮਨਾ ਸਕਦੇ ਸਨ ਪਰ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਜੰਮੂ-ਕਸ਼ਮੀਰ ਦੀਆਂ ਘਟਨਾਵਾਂ ਬਾਰੇ ਵਿਚਾਰ-ਵਟਾਂਦਰਾ ਕਰਨ ਦੀ ਵੀ ਇਜਾਜ਼ਤ ਨਹੀਂ।
ਇਸ ਤਰ੍ਹਾਂ ਬੁੱਧਵਾਰ ਦਾ ਦਿਨ, ਦੇਸ਼ ਵਿਚ, ਵੱਖਰੀ ਵੱਖਰੀ ਤਰ੍ਹਾਂ ਨਾਲ ਮਨਾਇਆ ਗਿਆ। ਇਕ ਪਾਸੇ ਅਥਾਹ ਖੁਸ਼ੀਆਂ ਸਨ ਅਤੇ ਦੂਸਰੇ ਪਾਸੇ ਉਦਾਸੀ, ਮਾਯੂਸੀ ਤੇ ਪਾਬੰਦੀਆਂ ਵਾਲਾ ਮਾਹੌਲ। ਦੇਸ਼ ਵਾਸੀਆਂ ਨੂੰ ਇਹ ਗੱਲ ਸਮਝਣ ਲਈ ਵੱਡੀ ਕਸ਼ਮਕਸ਼ ਕਰਨੀ ਪਵੇਗੀ ਕਿ ਜਦ ਦੇਸ਼ ਵਿਚ ਵੱਡੀ ਗਿਣਤੀ ਵਿਚ ਲੋਕ ਖੁਸ਼ੀਆਂ ਮਨਾ ਰਹੇ ਹੋਣ ਤਾਂ ਉਸ ਦੇ ਇਕ ਹਿੱਸੇ ਵਿਚ ਏਨੀ ਡੂੰਘੀ ਚੁੱਪ ਅਤੇ ਬੇਗ਼ਾਨਗੀ ਕਿਉਂ ਹੈ। ਲੋਕਾਂ ਨੂੰ ਇਹ ਸਮਝਣ ਵਿਚ ਵੀ ਕਠਿਨਾਈ ਆਵੇਗੀ ਕਿ ਉਹ ਮੁੱਖ ਮੰਤਰੀ, ਜਿਸ ਦੇ ਰਾਜ ਵਿਚ ਹਜੂਮੀ ਹਿੰਸਾ ਦੀਆਂ ਅਨੇਕ ਕਾਰਵਾਈਆਂ ਹੋਈਆਂ ਹੋਣ, ਉਹ ਯਸ਼ਮਈ ਅਤੇ ਹਰਮਨਪਿਆਰਾ ਕਿਵੇਂ ਹੋ ਸਕਦਾ ਹੈ। ਮੁੱਖ ਪੁਜਾਰੀ ਦੇ ਆਖ਼ਰੀ ਸ਼ਬਦਾਂ ਵਿਚ ਪਏ ਅਰਥ ਵੀ ਕਿਸੇ ਤੋਂ ਲੁਕੇ-ਛਿਪੇ ਨਹੀਂ।
-ਸਵਰਾਜਬੀਰ