ਪੱਛਮੀ ਬੰਗਾਲ ਦੀ ਸਿਆਸਤ ਵਿਚ ਕਈ ਨਵੇਂ ਰੰਗ ਦਿਖਾਈ ਦੇ ਰਹੇ ਹਨ। ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਜ਼ਖ਼ਮੀ ਹੋ ਜਾਣ ਕਾਰਨ ਤ੍ਰਿਣਮੂਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਇਕ-ਦੂਸਰੇ ’ਤੇ ਦੂਸ਼ਣਬਾਜ਼ੀ ਕਰ ਰਹੀਆਂ ਹਨ ਅਤੇ ਸਿਆਸੀ ਮਾਹਿਰ ਇਹ ਕਿਆਸ-ਅਰਾਈਆਂ ਕਰ ਰਹੇ ਹਨ ਕਿ ਇਸ ਘਟਨਾ ਦਾ ਸਿਆਸੀ ਲਾਭ ਕਿਸ ਪਾਰਟੀ ਨੂੰ ਮਿਲੇਗਾ। ਮਮਤਾ ਦਾ ਅਕਸ ਲੜਾਕੂ ਨੇਤਾ ਵਾਲਾ ਹੈ ਅਤੇ ਜ਼ਮੀਨੀ ਪੱਧਰ ’ਤੇ ਸਿਆਸਤ ਕਰਨ ਵਿਚ ਮਾਹਿਰ ਹੈ। ਦੂਸਰੇ ਪਾਸੇ ਭਾਜਪਾ ਧਰਮ ਅਤੇ ਜਾਤ ਦੇ ਆਧਾਰ ’ਤੇ ਵੰਡੀਆਂ ਪਾਉਣ ਵਾਲੀ ਸਿਆਸਤ ਕਰ ਕੇ ਵੋਟਾਂ ਬਟੋਰਨ ਵਿਚ ਯਕੀਨ ਰੱਖਦੀ ਹੈ ਅਤੇ ਉਹ, ਇਹ ਮਹਾਮੰਤਰ ਕੌਮੀ ਪੱਧਰ ’ਤੇ ਅਤੇ ਵੱਖ ਵੱਖ ਸੂਬਿਆਂ ਵਿਚ ਸਫ਼ਲਤਾ ਨਾਲ ਅਜ਼ਮਾ ਚੁੱਕੀ ਹੈ। ਇਸ ਦ੍ਰਿਸ਼ਟੀਕੋਣ ਤੋਂ ਇਹ ਬੰਗਾਲ ਦੇ ਵਾਸੀਆਂ ਲਈ ਪ੍ਰੀਖਿਆ ਦੀ ਘੜੀ ਹੈ।
ਇਸ ਘਟਨਾ ਦੇ ਨਾਲ-ਨਾਲ ਪੱਛਮੀ ਬੰਗਾਲ ਵਿਚ ਕਈ ਕੁਝ ਹੋਰ ਵੀ ਵਾਪਰ ਰਿਹਾ ਹੈ। ਕਈ ਮਹੀਨਿਆਂ ਤੋਂ ਕੇਂਦਰ ਸਰਕਾਰ ਦੁਆਰਾ ਬਣਾਏ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਪੱਛਮੀ ਬੰਗਾਲ ਵਿਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਹਨ। ਉਹ ਤ੍ਰਿਣਮੂਲ ਕਾਂਗਰਸ ਜਾਂ ਸੀਪੀਐੱਮ-ਕਾਂਗਰਸ ਗੱਠਜੋੜ ’ਚੋ ਕਿਸੇ ਨੂੰ ਵੋਟਾਂ ਪਾਉਣ ਲਈ ਨਹੀਂ ਕਹਿ ਰਹੇ। ਉਹ ਲੋਕਾਂ ਨੂੰ ਭਾਜਪਾ ਨੂੰ ਹਰਾਉਣ ਲਈ ਕਹਿ ਰਹੇ ਹਨ। ਇਸ ਦਲੀਲ ਦੇ ਸਿਆਸੀ ਅਰਥ ਇਹ ਹਨ ਕਿ ਹਰ ਚੁਣਾਵੀ ਖੇਤਰ ਵਿਚ ਲੋਕਾਂ ਨੂੰ ਉਸ ਉਮੀਦਵਾਰ ਨੂੰ ਵੋਟ ਪਾਉਣੀ ਚਾਹੀਦੀ ਹੈ ਜਿਹੜਾ ਭਾਜਪਾ ਦੇ ਉਮੀਦਵਾਰ ਨੂੰ ਹਰਾ ਸਕਦਾ ਹੋਵੇ। ਮੌਜੂਦਾ ਕਿਸਾਨ ਅੰਦੋਲਨ ਪਿਛਲੇ ਕਈ ਦਹਾਕਿਆਂ ਦਾ ਸਭ ਤੋਂ ਪ੍ਰਭਾਵਸ਼ਾਲੀ ਸੰਘਰਸ਼ ਹੋ ਨਿੱਬੜਿਆ ਹੈ। ਇਹ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਲੋਕਾਂ ਦੇ ਧਿਆਨ ਦਾ ਕੇਂਦਰ ਬਣਿਆ ਹੈ ਅਤੇ ਇਸ ਨੇ ਸਿਆਸਤ ਅਤੇ ਗਿਆਨ-ਖੇਤਰ ਵਿਚ ਵੱਡਾ ਨੈਤਿਕ ਪ੍ਰਭਾਵ ਪਾਇਆ ਹੈ। ਇਸ ਅੰਦੋਲਨ ਦੀ ਵੱਡੀ ਪ੍ਰਾਪਤੀ ਇਹ ਸਿੱਧ ਕਰਨਾ ਵੀ ਹੈ ਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ਕਾਰਪੋਰੇਟ-ਪੱਖੀ ਹਨ। ਅੰਦੋਲਨ ਨੇ ਇਹ ਵੀ ਦਿਖਾਇਆ ਹੈ ਕਿ ਮੌਜੂਦਾ ਸਰਕਾਰ ਦੇ ਲੋਕ ਵਿਰੋਧੀ ਫ਼ੈਸਲਿਆਂ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਅਤੇ ਲੋਕ ਇਹ ਲੜਾਈ ਲੜਨ ਲਈ ਤਿਆਰ ਹਨ। ਇਹ ਪ੍ਰਭਾਵ ਦੂਸਰਿਆਂ ਸੂਬਿਆਂ ਵਿਚ ਵੀ ਗਏ ਹਨ ਅਤੇ ਪੱਛਮੀ ਬੰਗਾਲ ਵਿਚ ਕਿਸਾਨ ਆਗੂਆਂ ਦੇ ਹੋਏ ਸਵਾਗਤ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਉਹ ਆਪਣਾ ਸੰਦੇਸ਼ ਸੂਬੇ ਦੇ ਲੋਕਾਂ ਤਕ ਪਹੁੰਚਾਉਣ ਵਿਚ ਸਫ਼ਲ ਹੋਣਗੇ।
ਸਿਆਸੀ ਹਲਕਿਆਂ ’ਚ ਇਕ ਹੋਰ ਵੱਡੀ ਹਿਲਜੁੱਲ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਦਾ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋਣਾ ਹੈ। ਭਾਜਪਾ ਵਿਚ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਜਿਹੇ ਆਗੂਆਂ ਨੂੰ 75 ਵਰ੍ਹਿਆਂ ਤੋਂ ਜ਼ਿਆਦਾ ਉਮਰ ਦੇ ਹੋਣ ਕਾਰਨ ਸਿਆਸਤ ਤੋਂ ਲਾਂਭੇ ਕਰਕੇ ਮਾਰਗ ਦਰਸ਼ਨ ਮੰਡਲ ਦੇ ਮੈਂਬਰ ਬਣਾ ਦਿੱਤਾ ਗਿਆ ਜਦੋਂਕਿ ਯਸ਼ਵੰਤ ਸਿਨਹਾ, ਅਰੁਣ ਸ਼ੋਰੀ ਅਤੇ ਹੋਰਨਾਂ ਨੂੰ ਬਿਨਾਂ ਕਾਰਨ ਦੱਸੇ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਗਈ। ਸਿਆਸੀ ਮਾਹਿਰ ਅੰਦਾਜ਼ਾ ਲਗਾਉਂਦੇ ਰਹੇ ਹਨ ਕਿ ਇਹ ਆਗੂ ਆਪਣੀ ਗੱਲ ਆਜ਼ਾਦਾਨਾ ਢੰਗ ਨਾਲ ਕਰਨ ਦੇ ਆਦੀ ਰਹੇ ਹਨ ਅਤੇ ਅਜਿਹੀ ਪਹੁੰਚ ਭਾਜਪਾ ਦੀ ਹੁਣ ਵਾਲੀ ਲੀਡਰਸ਼ਿਪ ਨੂੰ ਸਵੀਕਾਰ ਨਹੀਂ ਹੈ। ਭਾਜਪਾ ਆਪਣੇ ਆਪ ਨੂੰ ਵਿਚਾਰਧਾਰਾ ’ਤੇ ਆਧਾਰਿਤ ਪਾਰਟੀ ਮੰਨਦੀ ਹੈ ਅਤੇ ਇਸ ਦੇ ਬਹੁਤ ਘੱਟ ਸਿਆਸੀ ਆਗੂ ਅਤੇ ਕਾਰਕੁਨ ਵਿਰੋਧੀ ਪਾਰਟੀਆਂ ਵਿਚ ਸ਼ਾਮਲ ਹੁੰਦੇ ਹਨ। ਸਿਆਸੀ ਮਾਹਿਰਾਂ ਅਨੁਸਾਰ ਯਸ਼ਵੰਤ ਸਿਨਹਾ ਜਿਹੇ ਕੱਦਾਵਰ ਆਗੂ ਦਾ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋਣਾ ਨਵੀਂ ਸ਼ੁਰੂਆਤ ਦਾ ਸੰਕੇਤ ਵੀ ਹੋ ਸਕਦਾ ਹੈ। ਜੇ ਇਹ ਰੁਝਾਨ ਵਧਦਾ ਹੈ ਤਾਂ ਤ੍ਰਿਣਮੂਲ ਕਾਂਗਰਸ ਅਜਿਹੀ ਪ੍ਰਮੁੱਖ ਸਿਆਸੀ ਪਾਰਟੀ ਵਜੋਂ ਉੱਭਰ ਸਕਦੀ ਹੈ ਜੋ ਭਾਜਪਾ ਵਿਰੋਧੀ ਗੱਠਜੋੜ ਦਾ ਧੁਰਾ ਬਣ ਸਕਦੀ ਹੈ। ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਤੇ ਭਾਵੇਂ ਬਹੁਤ ਕੁਝ ਨਿਰਭਰ ਕਰੇਗਾ ਪਰ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਤ੍ਰਿਣਮੂਲ ਕਾਂਗਰਸ ਭਾਜਪਾ ਦਾ ਵਿਰੋਧ ਕਰਨ ਵਿਚ ਅਜਿਹੀ ਦ੍ਰਿੜ੍ਹਤਾ ਵਿਖਾ ਰਹੀ ਹੈ ਜੋ ਕਾਂਗਰਸ ਨਹੀਂ ਦਿਖਾ ਸਕੀ। ਮਮਤਾ ਬੈਨਰਜੀ ਆਪਣੇ ਫ਼ੈਸਲੇ ਇਕ ਖ਼ਾਸ ਤਰ੍ਹਾਂ ਦੀ ਸਿਆਸੀ ਸੂਝ-ਬੂਝ ਨਾਲ ਕਰਦੀ ਹੈ ਜਿਨ੍ਹਾਂ ਦੇ ਅਸਰ ਦੂਰਗਾਮੀ ਹੁੰਦੇ ਹਨ। ਯਸ਼ਵੰਤ ਸਿਨਹਾ ਨੂੰ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਕਰਨ ਦਾ ਫ਼ੈਸਲਾ ਵੀ ਭਵਿੱਖ ਵਿਚ ਅਜਿਹੀਆਂ ਹੋਰ ਪਹਿਲਕਦਮੀਆਂ ਦੀ ਸੰਭਾਵਨਾ ਸਮੇਟੀ ਬੈਠਾ ਹੈ।