‘ਆਪ’ ਨੂੰ ਝਟਕਾ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਮਹਿਜ਼ ਦਸ ਮਹੀਨੇ ਪਹਿਲਾਂ ਰਾਜ ਸਭਾ ਦੇ ਸੱਤ ਸੰਸਦ ਮੈਂਬਰ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਇਨ੍ਹਾਂ ਵਿੱਚੋਂ ਤਿੰਨ- ਰਾਘਵ ਚੱਢਾ, ਸੰਦੀਪ ਪਾਠਕ ਤੇ ਅਸ਼ੋਕ ਮਿੱਤਲ ਨੇ ਪਾਰਟੀ ਵਿੱਚ ਫੁੱਟ...
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਮਹਿਜ਼ ਦਸ ਮਹੀਨੇ ਪਹਿਲਾਂ ਰਾਜ ਸਭਾ ਦੇ ਸੱਤ ਸੰਸਦ ਮੈਂਬਰ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਇਨ੍ਹਾਂ ਵਿੱਚੋਂ ਤਿੰਨ- ਰਾਘਵ ਚੱਢਾ, ਸੰਦੀਪ ਪਾਠਕ ਤੇ ਅਸ਼ੋਕ ਮਿੱਤਲ ਨੇ ਪਾਰਟੀ ਵਿੱਚ ਫੁੱਟ ਦਾ ਐਲਾਨ ਕਰਦਿਆਂ ਕਿਹਾ ਕਿ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਦੋ ਤਿਹਾਈ (7/10) ਮੈਂਬਰਾਂ ਨੇ ਇੱਕ ਧੜੇ ਵਜੋਂ ‘ਭਾਜਪਾ ਵਿੱਚ ਰਲੇਵੇਂ’ ਦਾ ਫ਼ੈਸਲਾ ਕੀਤਾ ਹੈ। ਰਾਜ ਸਭਾ ਵਿੱਚ ਰਾਘਵ ਚੱਢਾ ਨੂੰ ਆਮ ਆਦਮੀ ਪਾਰਟੀ ਦੇ ਉਪ ਆਗੂ ਦੇ ਅਹੁਦੇ ਤੋਂ ਹਟਾਏ ਜਾਣ ਅਤੇ ਉਸ ਵੱਲੋਂ ਹਾਈ ਕਮਾਂਡ ਵਿਰੁੱਧ ਖੋਲ੍ਹੇ ਮੋਰਚੇ ਤੋਂ ਬਾਅਦ ਪਾਰਟੀ ਵਿੱਚ ਪਾੜ ਪੈਣ ਦੇ ਕਾਫ਼ੀ ਸਪੱਸ਼ਟ ਸੰਕੇਤ ਮਿਲ ਗਏ ਸਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਚੱਢਾ ਦੀ ਥਾਂ ਲੈਣ ਵਾਲੇ ਮਿੱਤਲ ਨੇ ਵੀ ਉਸ ਦਾ ਹੀ ਸਾਥ ਦਿੱਤਾ ਹੈ।
ਬੇਸ਼ੱਕ ਪਿਛਲੇ ਸਾਲ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਹੱਥੋਂ ਮਿਲੀ ਹਾਰ ਮਗਰੋਂ ਆਮ ਆਦਮੀ ਪਾਰਟੀ ਲਈ ਇਹ ਸਭ ਤੋਂ ਵੱਡਾ ਝਟਕਾ ਹੈ। ਕਦੇ ‘ਆਪ’ ਦੀ ਅਗਲੀ ਪੀੜ੍ਹੀ ਦੀ ਲੀਡਰਸ਼ਿਪ ਦੇ ਪ੍ਰਮੁੱਖ ਚਿਹਰੇ ਵਜੋਂ ਵੇਖੇ ਜਾਂਦੇ ਰਾਘਵ ਚੱਢਾ ਨੇ ਆਪਣੇ ਇਸ ਸਖ਼ਤ ਫ਼ੈਸਲੇ ਨੂੰ ਇਹ ਕਹਿ ਕੇ ਜਾਇਜ਼ ਠਹਿਰਾਇਆ ਹੈ ਕਿ ਇਸ ਪਾਰਟੀ ਨੇ ਆਪਣੇ ਮੂਲ ਆਦਰਸ਼ਾਂ ਨੂੰ ਤਿਆਗ ਦਿੱਤਾ ਹੈ। ਉਨ੍ਹਾਂ ਅਤੇ ਹੋਰ ਸੰਸਦ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਜਨਤਕ ਸੇਵਾ ਨਾਲੋਂ ‘ਨਿੱਜੀ ਲਾਭਾਂ’ ਨੂੰ ਤਰਜੀਹ ਦੇ ਰਹੀ ਹੈ। ਉਨ੍ਹਾਂ ਦੇ ਇਹ ਹਮਲੇ ਮੁੱਖ ਰੂਪ ਵਿੱਚ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲ ਸੇਧਿਤ ਹਨ, ਜਿਨ੍ਹਾਂ ਨੂੰ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਦੀ ਵਾਗਡੋਰ ਸੰਭਾਲਣ ਵਾਲਾ ਮੰਨਿਆ ਜਾਂਦਾ ਹੈ।
ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਅਦਾਲਤੀ ਲੜਾਈ ਲੜ ਰਹੇ ਕੇਜਰੀਵਾਲ ਨੇ ਸੰਸਦ ਮੈਂਬਰਾਂ ਦੇ ਇਸ ‘ਕੂਚ’ ਨੂੰ ਪਾਰਟੀ ਅਤੇ ਪੰਜਾਬ ਦੇ ਲੋਕਾਂ ਵੱਲੋਂ ਇਨ੍ਹਾਂ ’ਤੇ ਪ੍ਰਗਟਾਏ ਭਰੋਸੇ ਨਾਲ ਧੋਖਾ ਦੱਸਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ‘ਗੱਦਾਰ’ ਕਿਹਾ ਹੈ ਅਤੇ ਭਾਜਪਾ ’ਤੇ ‘ਆਪ’ ਨੂੰ ਕਮਜ਼ੋਰ ਕਰਨ ਲਈ ਸੋਚੀ ਸਮਝੀ ਸਾਜ਼ਿਸ਼ ਘੜਨ ਦਾ ਦੋਸ਼ ਲਾਇਆ ਹੈ। ਭਾਜਪਾ, ਜਿਸ ਨੇ ਪਿਛਲੇ ਕੁਝ ਸਾਲਾਂ ਦੌਰਾਨ ਕਈ ਕਾਂਗਰਸੀ ਆਗੂਆਂ ਨੂੰ ਪਾਰਟੀ ’ਚ ਸ਼ਾਮਲ ਕੀਤਾ ਹੈ, ਸਰਹੱਦੀ ਸੂਬੇ ਪੰਜਾਬ ਵਿੱਚ ਆਪਣੀਆਂ ਚੋਣ ਸੰਭਾਵਨਾਵਾਂ ਨੂੰ ਮਜ਼ਬੂਤ ਕਰਨ ਦਾ ਯਤਨ ਕਰ ਰਹੀ ਹੈ। ਆਮ ਆਦਮੀ ਪਾਰਟੀ ਲਈ ਹੁਣ ਚੁਣੌਤੀ ਇਸ ਵੱਡੇ ਝਟਕੇ ਮਗਰੋਂ ਛੇਤੀ ਤੋਂ ਛੇਤੀ ਇਕਜੁੱਟ ਹੋ ਕੇ ਪੰਜਾਬ ਵਿੱਚ ਆਪਣਾ ਗੁਆਚਿਆ ਆਧਾਰ ਮੁੜ ਹਾਸਲ ਕਰਨ ਦੀ ਹੈ। ਪਾਰਟੀ ਦੇ ਹੋਰਨਾਂ ਨੇਤਾਵਾਂ ਦੇ ਭਾਜਪਾ ਵਿੱਚ ਜਾਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਘਟਨਾਵਾਂ ਨੇ ਹੋਰਨਾਂ ਸੂਬਿਆਂ ਦੀਆਂ ਵਿਰੋਧੀ ਪਾਰਟੀਆਂ ਲਈ ਵੀ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ‘ਇੰਡੀਆ’ ਗੱਠਜੋੜ ਅੱਗੇ ਹੁਣ ਸਭ ਤੋਂ ਔਖਾ ਟੀਚਾ ਆਪਣੇ ਨੇਤਾਵਾਂ ਨੂੰ ਇਕਜੁੱਟ ਰੱਖਣ ਦਾ ਹੈ।

