DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

100% FDI: ਬੀਮਾ ਖੇਤਰ ਲਈ ਇਮਤਿਹਾਨ ਦੀ ਘੜੀ

ਵਿੱਤ ਮੰਤਰਾਲੇ ਵੱਲੋਂ ਬੀਮਾ ਖੇਤਰ ਵਿੱਚ 100 ਫ਼ੀਸਦੀ ਸਿੱਧੇ ਵਿਦੇਸ਼ੀ ਨਿਵੇਸ਼ (ਐੱਫ ਡੀ ਆਈ) ਨੂੰ ਹਰੀ ਝੰਡੀ ਦੇਣਾ ਇੱਕ ਅਜਿਹਾ ਕਦਮ ਹੈ, ਜਿਸ ਦਾ ਮਕਸਦ ਰਵਾਇਤੀ ਤੌਰ ’ਤੇ ਸੁਸਤ ਰਹਿਣ ਵਾਲੇ ਇਸ ਖੇਤਰ ਨੂੰ ਉਦਾਰ ਬਣਾਉਣਾ ਹੈ। ਬੀਮਾ ਉਦਯੋਗ ਵਿੱਚ...

  • fb
  • twitter
  • whatsapp
  • whatsapp
Advertisement

ਵਿੱਤ ਮੰਤਰਾਲੇ ਵੱਲੋਂ ਬੀਮਾ ਖੇਤਰ ਵਿੱਚ 100 ਫ਼ੀਸਦੀ ਸਿੱਧੇ ਵਿਦੇਸ਼ੀ ਨਿਵੇਸ਼ (ਐੱਫ ਡੀ ਆਈ) ਨੂੰ ਹਰੀ ਝੰਡੀ ਦੇਣਾ ਇੱਕ ਅਜਿਹਾ ਕਦਮ ਹੈ, ਜਿਸ ਦਾ ਮਕਸਦ ਰਵਾਇਤੀ ਤੌਰ ’ਤੇ ਸੁਸਤ ਰਹਿਣ ਵਾਲੇ ਇਸ ਖੇਤਰ ਨੂੰ ਉਦਾਰ ਬਣਾਉਣਾ ਹੈ। ਬੀਮਾ ਉਦਯੋਗ ਵਿੱਚ ਪੂੰਜੀ ਦੀ ਵੱਡੀ ਘਾਟ ਨੂੰ ਪੂਰਾ ਕਰਨ ਲਈ ਵਿਦੇਸ਼ੀ ਨਿਵੇਸ਼ ਵਿੱਚ ਵਾਧਾ ਬੇਹੱਦ ਸਹਾਈ ਸਿੱਧ ਹੋ ਸਕਦਾ ਹੈ। ਭਾਰਤ ਵਿੱਚ ਬੀਮਾ ਖੇਤਰ ਦਾ ਪਸਾਰ (ਜੀ ਡੀ ਪੀ ਵਿੱਚ ਹਿੱਸਾ) ਹਾਲੇ ਵੀ ਬਹੁਤ ਘੱਟ ਹੈ। ਸਾਲ 2023-24 ਅਤੇ 2024-25 ਦੌਰਾਨ ਇਹ ਮਹਿਜ਼ 3.7 ਫ਼ੀਸਦੀ ਹੀ ਰਿਹਾ ਹੈ।

ਇਸੇ ਸਮੇਂ ਦੌਰਾਨ ਬੀਮਾ ਘਣਤਾ (ਪ੍ਰਤੀ ਵਿਅਕਤੀ ਪ੍ਰੀਮੀਅਮ) 95 ਡਾਲਰ ਤੋਂ ਮਾਮੂਲੀ ਵਧ ਕੇ 97 ਡਾਲਰ ਤੱਕ ਹੀ ਪਹੁੰਚ ਸਕੀ ਹੈ। ਵਿਸ਼ਵ ਪੱਧਰੀ ਮਿਆਰਾਂ ਦੇ ਮੁਕਾਬਲੇ ਇਹ ਅੰਕੜੇ ਕਾਫ਼ੀ ਨਿਰਾਸ਼ਾਜਨਕ ਹਨ। ਵਿਦੇਸ਼ੀ ਨਿਵੇਸ਼ ਨਾ ਕੇਵਲ ਬੀਮਾ ਕੰਪਨੀਆਂ ਦੇ ਦਾਇਰੇ ਨੂੰ ਵਧਾਉਣ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਮਦਦਗਾਰ ਹੋਵੇਗਾ, ਸਗੋਂ ਇਸ ਨਾਲ ਕੰਪਨੀਆਂ ਨੂੰ ਗਾਹਕਾਂ ਦੀਆਂ ਲੋੜਾਂ ਮੁਤਾਬਿਕ ਵੱਖ-ਵੱਖ ਉਤਪਾਦ ਤਿਆਰ ਕਰਨ ਵਿੱਚ ਵੀ ਸੌਖ ਹੋਵੇਗੀ। ਵਿਸ਼ਵ ਪੱਧਰੀ ਬੀਮਾ ਕੰਪਨੀਆਂ ਆਪਣੇ ਨਾਲ ਜੋਖ਼ਮ ਦੇ ਮੁਲਾਂਕਣ ਲਈ ਉੱਨਤ ਤਕਨੀਕੀ ਸੰਦ ਅਤੇ ਪ੍ਰਬੰਧਕੀ ਮੁਹਾਰਤ ਲੈ ਕੇ ਆਉਂਦੀਆਂ ਹਨ, ਜੋ ਕਾਰਜਕੁਸ਼ਲਤਾ ਅਤੇ ਗਾਹਕ ਸੇਵਾਵਾਂ ਦੇ ਮਿਆਰ ਨੂੰ ਉੱਚਾ ਚੁੱਕ ਸਕਦੀਆਂ ਹਨ। ਅੰਤ ਵਿੱਚ, ਇਸ ਕਦਮ ਦਾ ਅਸਲ ਲਾਭ ਪਾਲਿਸੀ ਧਾਰਕਾਂ ਨੂੰ ਹੀ ਮਿਲੇਗਾ। ਮੁਕਾਬਲੇਬਾਜ਼ੀ ਵਧਣ ਨਾਲ ਪ੍ਰੀਮੀਅਮ ਦੀਆਂ ਦਰਾਂ ਵਿੱਚ ਕਿਫ਼ਾਇਤ ਆਵੇਗੀ, ਦਾਅਵਿਆਂ ਦਾ ਨਿਪਟਾਰਾ ਤੇਜ਼ੀ ਨਾਲ ਹੋਵੇਗਾ ਅਤੇ ਬਦਲਦੀਆਂ ਲੋੜਾਂ ਅਨੁਸਾਰ ਨਿਵੇਕਲੇ ਬੀਮਾ ਵਿਕਲਪ ਉਪਲਬਧ ਹੋਣਗੇ।

Advertisement

ਹਾਲਾਂਕਿ, ਇੱਕ ਮੁੱਖ ਚਿੰਤਾ ਇਸ ਸੰਵੇਦਨਸ਼ੀਲ ਵਿੱਤੀ ਖੇਤਰ ਵਿੱਚੋਂ ਘਰੇਲੂ ਕੰਟਰੋਲ ਦੇ ਖ਼ਤਮ ਹੋਣ ਦੇ ਖ਼ਦਸ਼ੇ ਨੂੰ ਲੈ ਕੇ ਹੈ। ਬੀਮਾ ਖੇਤਰ ਸਿੱਧੇ ਤੌਰ ’ਤੇ ਲੰਬੇ ਸਮੇਂ ਦੀ ਬੱਚਤ ਅਤੇ ਵਿੱਤੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ; ਅਜਿਹੇ ਵਿੱਚ ਵਿਦੇਸ਼ੀ ਕੰਪਨੀਆਂ ਦਾ ਬਹੁਤ ਜ਼ਿਆਦਾ ਗਲਬਾ ਇਸ ਖੇਤਰ ਨੂੰ ਵਿਸ਼ਵ-ਵਿਆਪੀ ਬਾਜ਼ਾਰ ਦੇ ਉਤਾਰ-ਚੜ੍ਹਾਅ ਦੇ ਸਾਹਮਣੇ ਕਮਜ਼ੋਰ ਕਰ ਸਕਦਾ ਹੈ। ਇਹ ਖ਼ਦਸ਼ਾ ਵੀ ਜਤਾਇਆ ਜਾ ਰਿਹਾ ਹੈ ਕਿ ਵਿਦੇਸ਼ੀ ਕੰਪਨੀਆਂ ਵੱਲੋਂ ਮੁਨਾਫ਼ੇ ਨੂੰ ਆਪਣੇ ਦੇਸ਼ ਵਾਪਸ ਭੇਜਣ (ਪ੍ਰੌਫਿਟ ਰੀਪੈਟਰੀਏਸ਼ਨ) ਨਾਲ ਭਾਰਤ ਦੇ ਅੰਦਰ ਪੂੰਜੀ ਦੇ ਮੁੜ-ਨਿਵੇਸ਼ ਦੀਆਂ ਸੰਭਾਵਨਾਵਾਂ ਸੀਮਤ ਹੋ ਸਕਦੀਆਂ ਹਨ। ਭਾਰਤੀ ਜੀਵਨ ਬੀਮਾ ਨਿਗਮ (LIC) ਲਈ ਐੱਫ ਡੀ ਆਈ ਦੀ ਹੱਦ 20 ਫ਼ੀਸਦੀ ਤੱਕ ਬਰਕਰਾਰ ਰੱਖਣਾ ਸ਼ਲਾਘਾਯੋਗ ਹੈ, ਪਰ ਛੋਟੀਆਂ ਘਰੇਲੂ ਬੀਮਾ ਕੰਪਨੀਆਂ ਲਈ ਉਨ੍ਹਾਂ ਵੱਡੀਆਂ ਬਹੁ-ਰਾਸ਼ਟਰੀ ਕੰਪਨੀਆਂ ਦਾ ਮੁਕਾਬਲਾ ਕਰਨਾ ਔਖਾ ਹੋ ਸਕਦਾ ਹੈ ਜਿਨ੍ਹਾਂ ਕੋਲ ਅਥਾਹ ਪੂੰਜੀ ਅਤੇ ਮਜ਼ਬੂਤ ਵਿਸ਼ਵ-ਵਿਆਪੀ ਨੈੱਟਵਰਕ ਹੈ।

Advertisement

ਇਸ ਨਾਲ ਬਾਜ਼ਾਰ ਵਿੱਚ ਕੁਝ ਕੁ ਵੱਡੀਆਂ ਕੰਪਨੀਆਂ ਦੀ ਹੀ ਇਕੱਲੀ ਪ੍ਰਧਾਨਗੀ ਸਥਾਪਤ ਹੋ ਸਕਦੀ ਹੈ, ਜੋ ਲੰਬੇ ਸਮੇਂ ਵਿੱਚ ਬਾਜ਼ਾਰ ਦੀ ਵਿਭਿੰਨਤਾ ਨੂੰ ਘਟਾ ਸਕਦੀ ਹੈ। ਇਸ ਦੇ ਨਾਲ ਹੀ ਰੈਗੂਲੇਟਰੀ ਚੁਣੌਤੀਆਂ ਵੀ ਵਧ ਸਕਦੀਆਂ ਹਨ ਕਿਉਂਕਿ ਅਧਿਕਾਰੀਆਂ ਨੂੰ ਪਾਲਿਸੀ ਧਾਰਕਾਂ ਦੇ ਹਿੱਤਾਂ ਦੀ ਰਾਖੀ ਲਈ ਸਖ਼ਤ ਨਿਗਰਾਨੀ ਰੱਖਣੀ ਪਵੇਗੀ ਅਤੇ ਅੰਤਰਰਾਸ਼ਟਰੀ ਕੰਮਕਾਜ ਦੀਆਂ ਪੇਚੀਦਗੀਆਂ ’ਤੇ ਨਜ਼ਰ ਰੱਖਣੀ ਹੋਵੇਗੀ। ਐੱਫ ਡੀ ਆਈ ਦੀ ਸੀਮਾ 74 ਫ਼ੀਸਦੀ ਤੋਂ ਵਧਾ ਕੇ 100 ਫ਼ੀਸਦੀ ਕਰਨਾ ਇੱਕ ਦਲੇਰਾਨਾ ਸੁਧਾਰ ਹੈ ਜਿਸ ਵਿੱਚ ਬੀਮਾ ਖੇਤਰ ਦੀ ਨੁਹਾਰ ਬਦਲਣ ਦੀ ਸਮਰੱਥਾ ਹੈ। ਇਸ ਦੀ ਸਫ਼ਲਤਾ ਵਿਵਹਾਰਕ ਰੈਗੂਲੇਸ਼ਨ, ਰਾਸ਼ਟਰੀ ਹਿੱਤਾਂ ਦੀ ਰਾਖੀ ਅਤੇ ਇਹ ਯਕੀਨੀ ਬਣਾਉਣ ’ਤੇ ਨਿਰਭਰ ਕਰਦੀ ਹੈ ਕਿ ਵਧੇਰੇ ਨਿਵੇਸ਼ ਦਾ ਅਸਲ ਲਾਭ ਆਮ ਖ਼ਪਤਕਾਰਾਂ ਤੱਕ ਪਹੁੰਚੇ।

Advertisement
×