ਮਰਦਾਂ ਦੇ ਮੁਕਾਬਲੇ ਔਰਤਾਂ ਲੈ ਰਹੀਆਂ ਹਨ ਘੱਟ ਨੀਂਦ; ਸਿਹਤ ਮਾਹਿਰਾਂ ਨੇ ਜਤਾਈ ਚਿੰਤਾ
ਸਰੀਰਕ, ਮਾਨਸਿਕ ਤੇ ਸਮਾਜਿਕ ਕਾਰਣ ਬਣ ਰਹੇ ਨੇ ਵੱਡੀ ਸਮੱਸਿਆ
ਦੁਨੀਆ ਭਰ ਵਿੱਚ ਔਰਤਾਂ ਦੀ ਨੀਂਦ ਵਿੱਚ ਆ ਰਹੀ ਗਿਰਾਵਟ ਸਿਹਤ ਮਾਹਿਰਾਂ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ। ਇੱਕ ਤਾਜ਼ਾ ਅਧਿਐਨ ਅਨੁਸਾਰ, ਔਰਤਾਂ ਮਰਦਾਂ ਦੇ ਮੁਕਾਬਲੇ ਨਾ ਸਿਰਫ਼ ਘੱਟ ਨੀਂਦ ਲੈ ਰਹੀਆਂ ਹਨ, ਸਗੋਂ ਉਨ੍ਹਾਂ ਦੀ ਨੀਂਦ ਦੀ ਗੁਣਵੱਤਾ (Quality) ਵੀ ਲਗਾਤਾਰ ਵਿਗੜ ਰਹੀ ਹੈ। ਇਸ ਸਮੱਸਿਆ ਪਿੱਛੇ ਸਰੀਰਕ ਅਤੇ ਮਾਨਸਿਕ ਕਾਰਨਾਂ ਦੇ ਨਾਲ-ਨਾਲ ਸਮਾਜਿਕ ਢਾਂਚਾ ਵੀ ਵੱਡੀ ਭੂਮਿਕਾ ਨਿਭਾ ਰਿਹਾ ਹੈ।
ਆਸਟਰੇਲੀਅਨ ਸਲੀਪ ਹੈਲਥ ਫਾਊਡੇਸ਼ਨ ਦੇ ਅਨੁਸਾਰ ਔਰਤਾਂ ਵਿੱਚ ਇਨਸੋਮਨੀਆ (ਨੀਂਦ ਦੀ ਬਿਮਾਰੀ) ਵੱਧ ਪਾਈ ਜਾਂਦੀ ਹੈ, ਜਿਸ ਕਾਰਨ ਉਹ ਪੂਰੀ ਨੀਂਦ ਨਹੀਂ ਲੈ ਸਕਦੀਆਂ ਅਤੇ ਦਿਨ ਭਰ ਥਕਾਵਟ ਮਹਿਸੂਸ ਕਰਦੀਆਂ ਹਨ। ਆਸਟਰੇਲੀਅਨ ਇੰਸਟੀਚਿਊਟ ਆਫ਼ ਹੈਲਥ ਐਂਡ ਵੈਲਫੇਅਰ ਦੇ ਅੰਕੜੇ ਵੀ ਦਰਸਾਉਂਦੇ ਹਨ ਕਿ ਚਿੰਤਾ, ਤਣਾਅ ਅਤੇ ਉਦਾਸੀ ਦੀ ਵਧਦੀ ਦਰ ਨੀਂਦ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਰਹੀ ਹੈ।
ਇਸ ਦੇ ਨਾਲ ਹੀ ਘਰੇਲੂ ਜ਼ਿੰਮੇਵਾਰੀਆਂ ਅਤੇ ਬੱਚਿਆਂ ਦੀ ਦੇਖਭਾਲ ਦਾ ਵੱਡਾ ਭਾਰ ਅਜੇ ਵੀ ਔਰਤਾਂ ਉੱਤੇ ਹੈ। ਰਾਤ ਦੌਰਾਨ ਵਾਰ-ਵਾਰ ਜਾਗਣਾ ਅਤੇ ਅਧੂਰੀ ਨੀਂਦ ਇਸ ਦਾ ਸਿੱਧਾ ਨਤੀਜਾ ਹੈ। ਹਾਰਮੋਨਲ ਬਦਲਾਓ ਜਿਵੇਂ ਕਿ ਮਹਾਂਵਾਰੀ, ਗਰਭ ਅਵਸਥਾ ਅਤੇ ਮੀਨੋਪੌਜ਼ ਵੀ ਨੀਂਦ ਵਿੱਚ ਖਰਾਬੀ ਪਾਉਂਦੇ ਹਨ।
ਮਾਹਿਰ ਸਲਾਹ ਦਿੰਦੇ ਹਨ ਕਿ ਨਿਯਮਿਤ ਸੌਣ ਦਾ ਸਮਾਂ ਬਣਾਇਆ ਜਾਵੇ, ਮੋਬਾਇਲ ਸਕਰੀਨਾਂ ਤੋਂ ਦੂਰ ਰਿਹਾ ਜਾਵੇ ਅਤੇ ਕਸਰਤ ਨੂੰ ਰੋਜ਼ਾਨਾ ਜੀਵਨ ’ਚ ਸ਼ਾਮਲ ਕੀਤਾ ਜਾਵੇ। ਇਸ ਦੇ ਨਾਲ ਹੀ ਘਰੇਲੂ ਕੰਮਾਂ ਦੀ ਸਾਂਝ ਨੀਂਦ ਸੁਧਾਰਣ ਲਈ ਬਹੁਤ ਜ਼ਰੂਰੀ ਦੱਸੀ ਹੈ। ਰਿਪੋਰਟ ’ਚ ਪੂਰੀ ਨੀਂਦ ਲੈਣ ਨੂੰ ਸਿਹਤਮੰਦ ਜੀਵਨ ਦੀ ਕੁੰਜੀ ਕਿਹਾ ਗਿਆ ਹੈ।

