DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

UK News: ਬਰਤਾਨੀਆ ਵਿੱਚ ਸਿੱਖ ਲੜਕੀ ਨਾਲ ਧਾਰਮਿਕ ਨਫ਼ਰਤ ਤਹਿਤ ਜਬਰ-ਜਨਾਹ ਕਰਨ ਵਾਲੇ ਨੂੰ ਉਮਰ ਕੈਦ

ਅਦਾਲਤ ਨੇ ਬਰਤਾਨਵੀ ਨਾਗਰਿਕ ਨੂੰ ਸਮਾਜ ਲਈ ‘ਬੇਹੱਦ ਖ਼ਤਰਨਾਕ’ ਦੱਸਿਆ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਬਰਤਾਨੀਆ ਦੇ ਵਾਲਸਾਲ (Walsall) ਵਿੱਚ ਇੱਕ ਸਿੱਖ ਲੜਕੀ ਨਾਲ ਧਾਰਮਿਕ ਨਫ਼ਰਤ ਦੇ ਆਧਾਰ ’ਤੇ ਜਬਰ-ਜਨਾਹ ਕਰਨ ਦੇ ਜੁਰਮ ਵਿੱਚ 32 ਸਾਲਾ ਜੌਨ ਐਸ਼ਬੀ ਨੂੰ ਬਰਮਿੰਘਮ ਕਰਾਊਨ ਕੋਰਟ ਨੇ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਬ੍ਰਿਟਿਸ਼ ਮੂਲ ਦੇ ਇਸ ਵਿਅਕਤੀ ਨੂੰ ਪਿਛਲੇ ਸਾਲ ਅਕਤੂਬਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਐਸ਼ਬੀ ਨੇ ਪਹਿਲਾਂ ਜਿਨਸੀ ਸ਼ੋਸ਼ਣ, ਗਲਾ ਘੁੱਟਣ ਅਤੇ ਨਸਲੀ ਹਿੰਸਾ ਵਰਗੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ ਪਰ ਬਾਅਦ ਵਿੱਚ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਦਿੰਦੇ ਹੋਏ ਕਿਹਾ ਕਿ ਪੈਰੋਲ ਬਾਰੇ ਵਿਚਾਰ ਕੀਤੇ ਜਾਣ ਤੋਂ ਪਹਿਲਾਂ ਉਸ ਨੂੰ ਘੱਟੋ-ਘੱਟ 14 ਸਾਲ ਜੇਲ੍ਹ ਵਿੱਚ ਬਿਤਾਉਣੇ ਪੈਣਗੇ।

Advertisement

ਜੱਜ ਨੇ ਸਜ਼ਾ ਸੁਣਾਉਂਦੇ ਹੋਏ ਐਸ਼ਬੀ ਨੂੰ ਬੇਹੱਦ ਘਿਣਾਉਣਾ ਨਸਲਵਾਦੀ ਦੱਸਿਆ। ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਹਮਲੇ ਵੇਲੇ ਦੋਸ਼ੀ ਨੇ ਲੜਕੀ ਨੂੰ ਗਲਤੀ ਨਾਲ ਮੁਸਲਿਮ ਸਮਝ ਲਿਆ ਸੀ ਅਤੇ ਉਸ ਵਿਰੁੱਧ ਜ਼ਹਿਰ ਉਗਲਿਆ ਸੀ। ਜੱਜ ਨੇ ਕਿਹਾ, "ਤੁਸੀਂ ਔਰਤਾਂ ਲਈ ਇੱਕ ਵੱਡਾ ਖ਼ਤਰਾ ਹੋ ਅਤੇ ਇਹ ਕਹਿਣਾ ਮੁਸ਼ਕਲ ਹੈ ਕਿ ਤੁਸੀਂ ਕਦੋਂ ਤੱਕ ਖ਼ਤਰਨਾਕ ਬਣੇ ਰਹੋਗੇ।" ਸੀਸੀਟੀਵੀ ਫੁਟੇਜ ਵਿੱਚ ਦੇਖਿਆ ਗਿਆ ਕਿ 25 ਅਕਤੂਬਰ ਨੂੰ ਐਸ਼ਬੀ ਨੇ ਬੱਸ ਸਟਾਪ ਤੋਂ ਲੜਕੀ ਦਾ ਪਿੱਛਾ ਉਸ ਦੇ ਘਰ ਤੱਕ ਕੀਤਾ ਸੀ। ਉਸ ਨੇ ਨਸ਼ੇ ਦੀ ਹਾਲਤ ਵਿੱਚ ਇੱਕ ਸੋਟੀ ਨੂੰ ਹਥਿਆਰ ਵਜੋਂ ਵਰਤਿਆ ਅਤੇ ਲੜਕੀ ਦੇ ਆਪਣੇ ਹੀ ਘਰ ਵਿੱਚ ਉਸ ਨੂੰ ਗੰਭੀਰ ਮਾਨਸਿਕ ਅਤੇ ਸਰੀਰਕ ਸੱਟਾਂ ਪਹੁੰਚਾਈਆਂ।

Advertisement

ਅਦਾਲਤ ਵਿੱਚ ਪੜ੍ਹੇ ਗਏ ਇੱਕ ਬਿਆਨ ਵਿੱਚ 20 ਸਾਲਾ ਪੀੜਤਾ ਨੇ ਦੱਸਿਆ ਕਿ ਇਸ ਹਮਲੇ ਨੇ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਦਿੱਤੀ ਹੈ। ਉਸ ਨੇ ਕਿਹਾ, "ਘਟਨਾ ਤੋਂ ਤੁਰੰਤ ਬਾਅਦ ਮੈਨੂੰ ਪਤਾ ਸੀ ਕਿ ਮੈਨੂੰ ਆਪਣਾ ਘਰ ਬਦਲਣਾ ਪਵੇਗਾ। ਮੈਂ ਉਸ ਥਾਂ ਵਾਪਸ ਨਹੀਂ ਜਾ ਸਕਦੀ ਸੀ ਜਿਸ ਨੂੰ ਮੈਂ ਕਦੇ ਘਰ ਕਹਿੰਦੀ ਸੀ।" ਇਸ ਲੜਕੀ ਦਾ ਵਿਆਹ ਜਨਵਰੀ ਵਿੱਚ ਹੋਣਾ ਸੀ ਪਰ ਇਸ ਘਟਨਾ ਕਾਰਨ ਸਭ ਕੁਝ ਬਦਲ ਗਿਆ। ਦੋਸ਼ੀ ਨੂੰ ਸਜ਼ਾ ਮਿਲਣ ਤੋਂ ਬਾਅਦ ਪੀੜਤਾ ਨੇ ਕਿਹਾ ਕਿ ਹੁਣ ਉਹ "ਆਜ਼ਾਦ" ਮਹਿਸੂਸ ਕਰ ਰਹੀ ਹੈ ਅਤੇ ਹੁਣ ਉਹ ਕਿਸੇ ਡਰ ਵਿੱਚ ਨਹੀਂ ਰਹੇਗੀ।

ਇਹ ਹਮਲਾ ਉਦੋਂ ਰੁਕਿਆ ਜਦੋਂ ਬਾਹਰ ਕਿਸੇ ਸ਼ੋਰ ਕਾਰਨ ਐਸ਼ਬੀ ਡਰ ਗਿਆ ਅਤੇ ਲੜਕੀ ਦੇ ਗਹਿਣੇ ਤੇ ਮੋਬਾਈਲ ਫ਼ੋਨ ਲੈ ਕੇ ਫ਼ਰਾਰ ਹੋ ਗਿਆ। ਲੜਕੀ ਨੇ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ ਅਤੇ ਕੁਝ ਦਿਨਾਂ ਬਾਅਦ ਸ਼ਨਾਖਤੀ ਪਰੇਡ ਦੌਰਾਨ ਹਮਲਾਵਰ ਦੀ ਪਛਾਣ ਕਰ ਲਈ। ਬਰਮਿੰਘਮ ਦੀਆਂ ਸਥਾਨਕ ਰਿਪੋਰਟਾਂ ਅਨੁਸਾਰ, ਇਸ ਘਟਨਾ ਨਾਲ ਵੈਸਟ ਮਿਡਲੈਂਡਜ਼ ਦੇ ਸਿੱਖ ਭਾਈਚਾਰੇ ਵਿੱਚ ਕਾਫੀ ਰੋਸ ਸੀ। ਪਿਛਲੀ ਸੁਣਵਾਈ ਦੌਰਾਨ ਜਨਤਕ ਗੈਲਰੀ ਵਿੱਚ ਮੌਜੂਦ ਸਿੱਖ ਭਾਈਚਾਰੇ ਦੇ ਇੱਕ ਮੈਂਬਰ ਦੇ ਗੁੱਸੇ ਤੋਂ ਬਾਅਦ ਐਸ਼ਬੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ।

Advertisement
×