ਲੁਧਿਆਣਾ ’ਚ ਅਜੀਬੋ-ਗਰੀਬ ਚੋਰੀ: ਪਿਓ ਨੇ ਮਾਸੂਮ ਬੱਚੇ ਦੀ ਮਦਦ ਨਾਲ ਬਰਗਰ ਸ਼ਾਪ ਤੋਂ ਚੋਰੀ ਕੀਤੀ ‘ਮਹਾਤਮਾ ਬੁੱਧ’ ਦੀ ਮੂਰਤੀ
ਸਲੇਮ ਟਾਬਰੀ ਵਿਖੇ ਵਾਪਰੀ ਘਟਨਾ ਸੀਸੀਟੀਵੀ ’ਚ ਹੋਈ ਕੈਦ; ਗਾਹਕ ਬਣ ਕੇ ਆਏ ਵਿਅਕਤੀ ਨੇ ਪਹਿਲਾਂ ਬੱਚੇ ਤੋਂ ਗੋਲਕ ’ਚ ਹੱਥ ਪੁਆਉਣ ਦੀ ਕੀਤੀ ਕੋਸ਼ਿਸ਼
ਉਦਯੋਗਿਕ ਸ਼ਹਿਰ ਲੁਧਿਆਣਾ ਵਿੱਚ ਇੱਕ ਅਜੀਬੋ-ਗਰੀਬ ਅਤੇ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਿਓ ਨੇ ਨਿੱਕੀ ਜਿਹੀ ਚੋਰੀ ਨੂੰ ਅੰਜਾਮ ਦੇਣ ਲਈ ਆਪਣੇ ਹੀ ਮਾਸੂਮ ਬੱਚੇ ਦਾ ਇਸਤੇਮਾਲ ਕੀਤਾ। ਇਹ ਪੂਰੀ ਵਾਰਦਾਤ ਦੁਕਾਨ ’ਚ ਲੱਗੇ ਸੀਸੀਟੀਵੀ (CCTV) ਕੈਮਰੇ ਵਿੱਚ ਕੈਦ ਹੋ ਗਈ ਹੈ। ਦੁਕਾਨ ਮਾਲਕ ਅਤੇ ਪੁਲੀਸ ਹੁਣ ਫੁਟੇਜ ਦੇ ਆਧਾਰ ’ਤੇ ਦੋਸ਼ੀ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਘਟਨਾ ਸਲੇਮ ਟਾਬਰੀ ਇਲਾਕੇ ’ਚ ਪੀ.ਐੱਨ.ਬੀ. (PNB) ਰੋਡ ’ਤੇ ਸਥਿਤ ਇੱਕ ਬਰਗਰ ਦੀ ਦੁਕਾਨ ’ਤੇ ਵਾਪਰੀ। ਸੀਸੀਟੀਵੀ ਫੁਟੇਜ ਮੁਤਾਬਕ, ਇੱਕ ਵਿਅਕਤੀ ਗਾਹਕ ਬਣ ਕੇ ਦੁਕਾਨ ’ਚ ਆਇਆ। ਉਸ ਨੇ ਪਹਿਲਾਂ ਆਪਣੇ ਛੋਟੇ ਬੱਚੇ ਨੂੰ ਕੈਸ਼ ਕਾਊਂਟਰ ਵੱਲ ਹੱਥ ਵਧਾਉਣ ਲਈ ਕਿਹਾ। ਜਦੋਂ ਬੱਚਾ ਕੈਸ਼ ਕਾਊਂਟਰ ਤੱਕ ਨਾ ਪਹੁੰਚ ਸਕਿਆ, ਤਾਂ ਦੋਸ਼ੀ ਨੇ ਬੱਚੇ ਨੂੰ ਚੁੱਕਿਆ ਅਤੇ ਦੁਕਾਨ ਦੀ ਕੰਧ ’ਚ ਬਣੇ ਆਲੇ ’ਚ ਰੱਖੀ ਮਹਾਤਮਾ ਬੁੱਧ ਦੀ ਇੱਕ ਛੋਟੀ ਸਜਾਵਟੀ ਮੂਰਤੀ ਬੱਚੇ ਦੇ ਹੱਥ ਨਾਲ ਚੁੱਕਵਾ ਲਈ।
ਮੂਰਤੀ ਚੋਰੀ ਕਰਵਾਉਣ ਤੋਂ ਤੁਰੰਤ ਬਾਅਦ ਦੋਸ਼ੀ ਬੱਚੇ ਨੂੰ ਲੈ ਕੇ ਦੁਕਾਨ ਤੋਂ ਬਾਹਰ ਚਲਾ ਗਿਆ ਅਤੇ ਕੁਝ ਹੀ ਮਿੰਟਾਂ ਬਾਅਦ ਆਪਣਾ ਆਰਡਰ ਲੈਣ ਲਈ ਵਾਪਸ ਵੀ ਆਇਆ। ਇਸ ਘਟਨਾ ਨੇ ਬੱਚਿਆਂ ਦੀ ਪਰਵਰਿਸ਼ ਅਤੇ ਮਾਪਿਆਂ ਵੱਲੋਂ ਬਚਪਨ ਤੋਂ ਹੀ ਬੱਚਿਆਂ ਨੂੰ ਅਪਰਾਧ ਦੀ ਦਲਦਲ ’ਚ ਧੱਕਣ ਦੀ ਭੂਮਿਕਾ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਫਿਲਹਾਲ ਪੁਲਿਸ ਸੀਸੀਟੀਵੀ ਫੁਟੇਜ ਨੂੰ ਕਬਜ਼ੇ ’ਚ ਲੈ ਕੇ ਦੋਸ਼ੀ ਦੀ ਭਾਲ ਕਰ ਰਹੀ ਹੈ।

