DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Sonam Wangchuk hunger Strike: ਸੋਨਮ ਵਾਂਗਚੁਕ ਅੱਜ ਤੋਂ ਸ਼ੁਰੂ ਕਰਨਗੇ ਮਰਨ ਵਰਤ; ਸਿਹਤ ਵਿਗੜਨ ਕਾਰਨ CJP ਮੁਖੀ ਅਭਿਜੀਤ ਦਿਪਕੇ ਅੰਦੋਲਨ ਤੋਂ ਬਾਹਰ

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ’ਤੇ ਵਧਿਆ ਤਣਾਅ; ਦੇਸ਼ ਵਿਆਪੀ ‘ਪ੍ਰਧਾਨ ਗੋ ਬੈਕ’ ਮੁਹਿੰਮ ਦਾ ਐਲਾਨ, ਕਿਸਾਨ ਆਗੂ ਚੜੂਨੀ ਵੀ ਦੇਣਗੇ ਸਾਥ

  • fb
  • twitter
  • whatsapp
  • whatsapp
Advertisement

ਪ੍ਰੀਖਿਆਵਾਂ ਵਿੱਚ ਕਥਿਤ ਬੇਨਿਯਮੀਆਂ ਅਤੇ ਨੀਟ (NEET) ਪੇਪਰ ਲੀਕ ਵਿਵਾਦ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਹੁਣ ਹੋਰ ਤੇਜ਼ ਹੋ ਗਈ ਹੈ। ਪ੍ਰਸਿੱਧ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਅੱਜ ਤੋਂ ਦਿੱਲੀ ਦੇ ਜੰਤਰ-ਮੰਤਰ ਵਿਖੇ ਚੱਲ ਰਹੇ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਕੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰਨ ਜਾ ਰਹੇ ਹਨ। ਉਨ੍ਹਾਂ ਦੇ ਇਸ ਕਦਮ ਨਾਲ ‘ਕਾਕਰੋਚ ਜਨਤਾ ਪਾਰਟੀ’ (CJP) ਵੱਲੋਂ ਵਿੱਢੀ ਗਈ ਮੁਹਿੰਮ ਨੂੰ ਇੱਕ ਵੱਡਾ ਹੁੰਗਾਰਾ ਮਿਲਣ ਦੀ ਉਮੀਦ ਹੈ।

ਦੱਸਿਆ ਜਾ ਰਿਹਾ ਹੈ ਕਿ ਵਾਂਗਚੁਕ ਅੱਜ ਸਵੇਰੇ 11:00 ਵਜੇ ਦੇ ਕਰੀਬ ਧਰਨਾ ਸਥਾਨ ’ਤੇ ਪਹੁੰਚ ਕੇ ਇਸ ਅੰਦੋਲਨ ਦਾ ਹਿੱਸਾ ਬਣਨਗੇ, ਜੋ ਕਿ ਬੀਤੀ 20 ਜੂਨ ਤੋਂ ਜੰਤਰ-ਮੰਤਰ ’ਤੇ ਲਗਾਤਾਰ ਜਾਰੀ ਹੈ। ਇਸ ਦੌਰਾਨ ਜਥੇਬੰਦੀ ਵੱਲੋਂ ਦੇਸ਼ ਵਿਆਪੀ ‘ਪ੍ਰਧਾਨ ਗੋ ਬੈਕ’ (ਧਰਮਿੰਦਰ ਪ੍ਰਧਾਨ ਵਾਪਸ ਜਾਓ) ਮੁਹਿੰਮ ਦਾ ਵੱਡਾ ਐਲਾਨ ਕੀਤਾ ਗਿਆ ਹੈ, ਜਿਸ ਤਹਿਤ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ, ਕਿਸਾਨਾਂ ਅਤੇ ਸਿਵਲ ਸੁਸਾਇਟੀ ਦੇ ਸਮੂਹਾਂ ਨੂੰ ਇਸ ਸੰਘਰਸ਼ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ ਹੈ।

Advertisement

ਦੂਜੇ ਪਾਸੇ, ਸੀਜੇਪੀ (CJP) ਦੇ ਸੰਸਥਾਪਕ ਅਭਿਜੀਤ ਦਿਪਕੇ ਨੇ ਸਿਹਤ ਕਾਰਨਾਂ ਕਰਕੇ ਇਸ ਮਰਨ ਵਰਤ ਵਿੱਚ ਸ਼ਾਮਲ ਹੋਣ ਤੋਂ ਅਸਮਰੱਥਾ ਪ੍ਰਗਟਾਈ ਹੈ। ਉਨ੍ਹਾਂ ਦੱਸਿਆ ਕਿ ਮਾਈਗ੍ਰੇਨ (ਅੱਧੇ ਸਿਰ ਦਾ ਦਰਦ) ਦੀ ਗੰਭੀਰ ਸਮੱਸਿਆ ਕਾਰਨ ਉਹ ਭੁੱਖ ਹੜਤਾਲ ’ਤੇ ਨਹੀਂ ਬੈਠ ਸਕਣਗੇ। ਹਾਲਾਂਕਿ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (AISA) ਦੇ ਮੈਂਬਰਾਂ ਨੇ ਸੋਨਮ ਵਾਂਗਚੁਕ ਦੇ ਸਮਰਥਨ ਵਿੱਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਬੈਠਣ ਦਾ ਫੈਸਲਾ ਕੀਤਾ ਹੈ। ਇਸ ਹੜਤਾਲ ਵਿੱਚ ਆਇਸਾ ਦੀ ਕੌਮੀ ਪ੍ਰਧਾਨ ਨੇਹਾ, ਜੇਐਨਯੂ ਵਿਦਿਆਰਥੀ ਯੂਨੀਅਨ ਦੇ ਸੰਯੁਕਤ ਸਕੱਤਰ ਦਾਨਿਸ਼, ਮਨੀਸ਼, ਦੀਪਕ, ਹ੍ਰਿਸ਼ੀਕੇਸ਼ ਅਤੇ ਆਮੀਨ ਮੁੱਖ ਤੌਰ ’ਤੇ ਸ਼ਾਮਲ ਹੋਣਗੇ।

Advertisement

ਇਸ ਦੌਰਾਨ, ਸੀਜੇਪੀ ਦੇ ਅਧਿਕਾਰਤ ਬੁਲਾਰੇ ਆਸ਼ੂਤੋਸ਼ ਰਾਂਕਾ ਨੇ ‘ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਇੱਕ ਹੋਰ ਵੱਡਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਮਸ਼ਹੂਰ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੀ ਭਲਕੇ ਇਸ ਅੰਦੋਲਨ ਵਿੱਚ ਸ਼ਾਮਲ ਹੋਣਗੇ। ਰਾਂਕਾ ਅਨੁਸਾਰ ਚੜੂਨੀ ਪਹਿਲਾਂ ਵੀ ਪ੍ਰਦਰਸ਼ਨਕਾਰੀਆਂ ਦਾ ਮਾਰਗਦਰਸ਼ਨ ਕਰਨ ਲਈ ਇੱਥੇ ਆਏ ਸਨ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਦੇ ਹੱਕਾਂ ਦੀ ਇਸ ਲੜਾਈ ਵਿੱਚ ਪੂਰਾ ਸਾਥ ਦੇਣ ਦਾ ਭਰੋਸਾ ਦਿੱਤਾ ਹੈ।

ਪੇਪਰ ਲੀਕ ਮਾਮਲੇ ’ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਸੀਜੇਪੀ ਨੇ ਦੋਸ਼ ਲਾਇਆ ਹੈ ਕਿ ਸਿੱਖਿਆ ਮੰਤਰੀ ਨੇ ਪ੍ਰੀਖਿਆਵਾਂ ਵਿੱਚ ਹੋਈਆਂ ਇਨ੍ਹਾਂ ਵੱਡੀਆਂ ਖਾਮੀਆਂ ਦੀ ਕੋਈ ਨੈਤਿਕ ਜ਼ਿੰਮੇਵਾਰੀ ਨਹੀਂ ਲਈ ਹੈ। ਜਥੇਬੰਦੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਤੁਰੰਤ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਯਕੀਨੀ ਬਣਾਉਣ, ਨਹੀਂ ਤਾਂ ਸਰਕਾਰ ਦੀ ਜਵਾਬਦੇਹੀ 'ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਰਹਿਣਗੇ।

ਆਪਣੀਆਂ ਮੰਗਾਂ ਨੂੰ ਹੋਰ ਸਖ਼ਤ ਕਰਦਿਆਂ ਜਥੇਬੰਦੀ ਨੇ ਪੇਪਰ ਲੀਕ ਦੇ ਤਣਾਅ ਕਾਰਨ ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੇ ਪੀੜਤ ਪਰਿਵਾਰਾਂ ਲਈ 1-1 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਵੀ ਚੁੱਕੀ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਿੱਖਿਆ ਮੰਤਰੀ ਅਸਤੀਫ਼ਾ ਦੇ ਵੀ ਦਿੰਦੇ ਹਨ, ਤਾਂ ਵੀ ਇਹ ਅੰਦੋਲਨ ਖ਼ਤਮ ਨਹੀਂ ਹੋਵੇਗਾ, ਕਿਉਂਕਿ ਉਨ੍ਹਾਂ ਦੀ ਲੜਾਈ ਪੂਰੇ ਸਿਸਟਮ ਵਿੱਚ ਵੱਡੇ ਸੁਧਾਰ ਅਤੇ ਜਵਾਬਦੇਹੀ ਤੈਅ ਕਰਵਾਉਣ ਲਈ ਹੈ।

ਦਿਲਚਸਪ ਗੱਲ ਇਹ ਹੈ ਕਿ ਇੱਕ ਪਾਸੇ ਜਿੱਥੇ ਮੰਤਰੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸਿਆਸੀ ਪਾਰਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ, ਉੱਥੇ ਹੀ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਰਮਿੰਦਰ ਪ੍ਰਧਾਨ ਨੂੰ ਉਨ੍ਹਾਂ ਦੇ ਜਨਮਦਿਨ ਦੀ ਵਧਾਈ ਦਿੱਤੀ ਅਤੇ ਕੌਮੀ ਸਿੱਖਿਆ ਨੀਤੀ (NEP) ਨੂੰ ਲਾਗੂ ਕਰਨ ਵਿੱਚ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਸ ਕਾਰਨ ਹੁਣ ਇਹ ਸਿਆਸੀ ਟਕਰਾਅ ਹੋਰ ਵਧਣ ਦੇ ਆਸਾਰ ਹਨ।

Advertisement
×