‘ਖ਼ਾਨ ਬਾਬਾ’ ਗਰੋਹ ਵਿਰੁੱਧ Seechewal ਵੱਲੋਂ ਜਾਂਚ ਦੀ ਮੰਗ; ਸਪੇਨ ਭੇਜਣ ਦੇ ਨਾਂ ’ਤੇ ਠੱਗੇ ਪੰਜਾਬੀ ਨੌਜਵਾਨ
ਥਾਈਲੈਂਡ ਤੋਂ ਪਰਤੇ ਨੌਜਵਾਨ ਨੇ ਹੱਡ-ਬੀਤੀ ਸੁਣਾਈ: ਸਪੇਨ ਭੇਜਣ ਦੇ ਨਾਂ ’ਤੇ ਠੱਗੇ ਪੰਜਾਬੀ ਨੌਜਵਾਨ
ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਬੇਰੁਜ਼ਗਾਰ ਅਤੇ ਭੋਲੇ-ਭਾਲੇ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾਉਣ ਵਾਲੇ ਗਰੋਹ ‘ਖ਼ਾਨ ਬਾਬਾ’ ਦੇ ਪੂਰੇ ਨੈੱਟਵਰਕ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਸੀਚੇਵਾਲ ਨੇ ਦੱਸਿਆ ਕਿ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸਪੇਨ ’ਚ ਨੌਕਰੀ ਦਾ ਝਾਂਸਾ ਦੇ ਕੇ ਦੋ ਪੰਜਾਬੀ ਨੌਜਵਾਨਾਂ ਨੂੰ ਥਾਈਲੈਂਡ ਲਿਜਾ ਕੇ ਬੰਦੀ ਬਣਾ ਲਿਆ ਗਿਆ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਮੋਟੀ ਫਿਰੌਤੀ ਮੰਗੀ ਗਈ।
ਸੀਚੇਵਾਲ ਨੇ ਪੀੜਤ ਪਰਿਵਾਰਾਂ ਨੂੰ ਮੀਡੀਆ ਸਾਹਮਣੇ ਪੇਸ਼ ਕਰਦਿਆਂ ਦੱਸਿਆ ਕਿ 29 ਜੁਲਾਈ ਨੂੰ ਜਲੰਧਰ ਦੇ ਕੁਲਰਾਜ ਸਿੰਘ ਅਤੇ ਕਪੂਰਥਲਾ ਦੇ ਮਨਪ੍ਰੀਤ ਸਿੰਘ ਦੇ ਪਰਿਵਾਰਾਂ ਨੇ ਉਨ੍ਹਾਂ ਨਾਲ ਰਾਬਤਾ ਕਾਇਮ ਕੀਤਾ ਸੀ। ਏਜੰਟਾਂ ਨੇ ਦੋਵਾਂ ਨੌਜਵਾਨਾਂ ਨੂੰ ਸਪੇਨ ਭੇਜਣ ਦਾ ਵਾਅਦਾ ਕੀਤਾ ਸੀ, ਪਰ ਉਹ ਥਾਈਲੈਂਡ ਵਿੱਚ ਗੈਂਗ ਦੇ ਚੁੰਗਲ ਵਿੱਚ ਫਸ ਗਏ। ਇਸ ਮਾਮਲੇ ਨੂੰ ਤੁਰੰਤ ਵਿਦੇਸ਼ ਮੰਤਰਾਲੇ ਦੇ ਧਿਆਨ ਵਿੱਚ ਲਿਆਂਦਾ ਗਿਆ, ਜਿਸ ਤੋਂ ਬਾਅਦ ਮਨਪ੍ਰੀਤ ਸਿੰਘ 9 ਅਗਸਤ ਨੂੰ ਭਾਰਤ ਵਾਪਸ ਆ ਗਿਆ, ਜਦੋਂਕਿ ਕੁਲਰਾਜ ਸਿੰਘ ਇਸ ਵੇਲੇ ਥਾਈਲੈਂਡ ਪੁਲੀਸ ਦੀ ਹਿਰਾਸਤ ਵਿੱਚ ਹੈ।
ਪਰਿਵਾਰਾਂ ਅਨੁਸਾਰ ਮੁਲਜ਼ਮਾਂ ਨੇ ਨੌਜਵਾਨਾਂ ਦੀ ਰਿਹਾਈ ਬਦਲੇ ਲੱਖਾਂ ਰੁਪਏ ਦੀ ਮੰਗ ਕੀਤੀ ਸੀ। ਮਨਪ੍ਰੀਤ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਦੀ ਵਾਪਸੀ ਲਈ 22.50 ਲੱਖ ਰੁਪਏ ਦਿੱਤੇ, ਜਦੋਂਕਿ ਕੁਲਰਾਜ ਦੇ ਪਰਿਵਾਰ ਨੇ ਦੋਸ਼ ਲਾਇਆ ਕਿ 8 ਲੱਖ ਰੁਪਏ ਲੈਣ ਤੋਂ ਬਾਅਦ ਮੁਲਜ਼ਮਾਂ ਨੇ 15 ਲੱਖ ਰੁਪਏ ਹੋਰ ਮੰਗੇ। ਪੀੜਤਾਂ ਨੂੰ ਡਰਾਉਣ ਅਤੇ ਫਿਰੌਤੀ ਵਸੂਲਣ ਲਈ ਉਨ੍ਹਾਂ ’ਤੇ ਅੰਨ੍ਹਾ ਤਸ਼ੱਦਦ ਕੀਤਾ ਜਾਂਦਾ ਸੀ ਅਤੇ ਵੀਡੀਓ/ਆਡੀਓ ਰਿਕਾਰਡਿੰਗਾਂ ਪਰਿਵਾਰਾਂ ਨੂੰ ਭੇਜੀਆਂ ਜਾਂਦੀਆਂ ਸਨ।
ਸੀਚੇਵਾਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਰਾਕ, ਕੀਨੀਆ ਅਤੇ ਇਥੋਪੀਆ ਵਰਗੇ ਦੇਸ਼ਾਂ ਨਾਲ ਸਬੰਧਤ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ, ਵਿਦੇਸ਼ ਮੰਤਰੀ ਅਤੇ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖ ਕੇ ਇੰਟਰਪੋਲ ਦੀ ਮਦਦ ਨਾਲ ਇਸ ਗਰੋਹ ਅਤੇ ਇਸ ਦੇ ਏਜੰਟਾਂ ਦੇ ਸਬੰਧਾਂ ਦੀ ਜਾਂਚ ਦੀ ਮੰਗ ਕੀਤੀ ਹੈ। ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ “ਪਹੁੰਚ ਕੇ ਪੈਸੇ ਦੇਣ’ ਵਾਲੇ ਏਜੰਟਾਂ ਦੇ ਝਾਂਸੇ ਵਿੱਚ ਨਾ ਆਉਣ, ਕਿਉਂਕਿ ਇਹ ਇੱਕ ਵੱਡਾ ਜਾਲ ਹੋ ਸਕਦਾ ਹੈ।
ਹਰ ਪਲ ਲੱਗਦਾ ਸੀ ਕਿ ਸ਼ਾਇਦ ਜ਼ਿੰਦਾ ਨਾ ਬਚਾਂ
‘ਖ਼ਾਨ ਬਾਬਾ’ ਗੈਂਗ ਦੇ ਕਬਜ਼ੇ ਤੋਂ ਸੁਰੱਖਿਅਤ ਵਾਪਸ ਪਰਤੇ ਮਨਪ੍ਰੀਤ ਸਿੰਘ ਨੇ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਕਿ ਉੱਥੇ ਬਿਤਾਇਆ ਸਮਾਂ ਬਹੁਤ ਹੀ ਖ਼ੌਫ਼ਨਾਕ ਸੀ ਅਤੇ ਉਸ ਨੂੰ ਹਰ ਪਲ ਆਪਣੀ ਜਾਨ ਦਾ ਖ਼ਤਰਾ ਬਣਿਆ ਰਹਿੰਦਾ ਸੀ। ਉਸ ਨੇ ਦੱਸਿਆ ਕਿ ਵਾਪਸੀ ਸਮੇਂ ਉਸ ਦਾ ਪਾਸਪੋਰਟ ਵੀ ਵਾਪਸ ਨਹੀਂ ਕੀਤਾ ਗਿਆ ਅਤੇ ਹਵਾਈ ਅੱਡੇ ’ਤੇ ਮੋਬਾਈਲ ਫੋਨ ’ਚ ਫੋਟੋ ਦੇਖ ਕੇ ਹੀ ਅਧਿਕਾਰੀਆਂ ਨੇ ਉਸ ਨੂੰ ਆਉਣ ਦਿੱਤਾ। ਦੂਜੇ ਪਾਸੇ, ਕੁਲਰਾਜ ਦਾ ਪਰਿਵਾਰ ਆਪਣੇ ਪੁੱਤਰ ਦੀ ਹਿਰਾਸਤ ਨੂੰ ਲੈ ਕੇ ਚਿੰਤਤ ਹੈ, ਜਿਸ ਨੂੰ ਖੁਦ ਪੀੜਤ ਹੋਣ ਦੇ ਬਾਵਜੂਦ ਥਾਈਲੈਂਡ ਵਿੱਚ ਹਿਰਾਸਤ ਵਿੱਚ ਰੱਖਿਆ ਗਿਆ ਹੈ।
ਮਨਪ੍ਰੀਤ ਦੀ ਵਾਪਸੀ ਦੀ ਵੀ ਹੋਵੇ ਡੂੰਘੀ ਜਾਂਚ
ਸੰਸਦ ਮੈਂਬਰ ਸੀਚੇਵਾਲ ਨੇ ਕਿਹਾ ਕਿ ਮਨਪ੍ਰੀਤ ਸਿੰਘ ਜਿਸ ਤਰੀਕੇ ਨਾਲ ਭਾਰਤ ਵਾਪਸ ਆਇਆ ਹੈ, ਉਸ ਦੀ ਵੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਇਹ ਪਤਾ ਲਗਾਉਣਾ ਜ਼ਰੂਰੀ ਹੈ ਕਿ ਉਹ ਬਿਨਾਂ ਪਾਸਪੋਰਟ ਦੇ ਕੌਮਾਂਤਰੀ ਹਵਾਈ ਅੱਡੇ ਤੱਕ ਕਿਵੇਂ ਪਹੁੰਚਿਆ, ਉਸ ਨੂੰ ਕੌਣ ਹਦਾਇਤਾਂ ਦੇ ਰਿਹਾ ਸੀ ਅਤੇ ਵਾਪਸੀ ਦੌਰਾਨ ਕਿਸ ਨੈੱਟਵਰਕ ਨੇ ਉਸ ਦੀ ਮਦਦ ਕੀਤੀ। ਉਨ੍ਹਾਂ ਕਿਹਾ ਕਿ ਇਸ ਪੂਰੀ ਲੜੀ ਦੀ ਜਾਂਚ ਨਾਲ ਮਾਨਵ ਤਸਕਰੀ ਦੇ ਇਸ ਵੱਡੇ ਗਰੋਹ ਦਾ ਪਰਦਾਫਾਸ਼ ਕੀਤਾ ਜਾ ਸਕਦਾ ਹੈ।

