ਮੁਰਦਾ ਸਮਝ ਕੇ ਜਿਸ ਦਾ ਕੀਤਾ ਅੰਤਿਮ ਸਸਕਾਰ, ਉਹ ‘ਰਵੀ ਕੁਮਾਰ’ ਕਪੂਰਥਲਾ ਜੇਲ੍ਹ ’ਚੋਂ ਮਿਲਿਆ ਜ਼ਿੰਦਾ
ਲਵਾਰਿਸ ਲਾਸ਼ ਦੀ ਪਛਾਣ ’ਤੇ ਖੜ੍ਹੇ ਹੋਏ ਵੱਡੇ ਸਵਾਲ
ਕਪੂਰਥਲਾ ਵਿੱਚ ਇੱਕ ਅਜਿਹੀ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇੱਕ ਪਰਿਵਾਰ ਜਿਸ ਨੌਜਵਾਨ ਨੂੰ ਆਪਣਾ ਗੁੰਮਸ਼ੁਦਾ ਪੁੱਤਰ ‘ਰਵੀ ਕੁਮਾਰ’ ਸਮਝ ਕੇ ਉਸ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਅਤੇ ਭੋਗ ਦੀਆਂ ਰਸਮਾਂ ਤੱਕ ਕਰ ਚੁੱਕਾ ਸੀ, ਉਹ ਨੌਜਵਾਨ ਅਸਲ ਵਿੱਚ ਜ਼ਿੰਦਾ ਹੈ ਅਤੇ ਕਪੂਰਥਲਾ ਸੈਂਟਰਲ ਜੇਲ੍ਹ ਵਿੱਚ ਬੰਦ ਹੈ। ਇਸ ਖੁਲਾਸੇ ਨੇ ਪੁਲੀਸ ਵੱਲੋਂ ਬਰਾਮਦ ਕੀਤੀ ਗਈ ਅਣਪਛਾਤੀ ਲਾਸ਼ ਦੀ ਪਛਾਣ ਅਤੇ ਉਸ ਨੂੰ ਪਰਿਵਾਰ ਹਵਾਲੇ ਕਰਨ ਦੀ ਪ੍ਰਕਿਰਿਆ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਜਾਣਕਾਰੀ ਅਨੁਸਾਰ ਲਗਭਗ 20-22 ਦਿਨ ਪਹਿਲਾਂ ਕਪੂਰਥਲਾ ਪੁਲੀਸ ਨੇ ਕਾਂਜਲੀ ਨੇੜਿਓਂ ਇੱਕ ਅਣਪਛਾਤੇ ਨੌਜਵਾਨ ਦੀ ਗਲੀ-ਸੜੀ ਲਾਸ਼ ਬਰਾਮਦ ਕੀਤੀ ਸੀ। ਪਿੰਡ ਕਾਦੂਪੁਰ ਦੇ ਰਹਿਣ ਵਾਲੇ ਪਰਿਵਾਰ ਨੇ, ਜਿਨ੍ਹਾਂ ਦਾ ਪੁੱਤਰ ਰਵੀ ਕੁਮਾਰ ਗੁੰਮ ਸੀ, ਲਾਸ਼ ਦੀ ਪਛਾਣ ਰਵੀ ਵਜੋਂ ਕੀਤੀ। ਪੁਲੀਸ ਨੇ ਪਰਿਵਾਰ ਦੇ ਬਿਆਨ ਦਰਜ ਕਰਕੇ ਲਾਸ਼ ਉਨ੍ਹਾਂ ਦੇ ਹਵਾਲੇ ਕਰ ਦਿੱਤੀ। ਪਰਿਵਾਰ ਨੇ 13 ਅਗਸਤ, 2026 ਨੂੰ ਅੰਤਿਮ ਸਸਕਾਰ ਕਰ ਦਿੱਤਾ ਅਤੇ 15 ਅਗਸਤ ਨੂੰ ਧਾਰਮਿਕ ਰਸਮਾਂ ਪੂਰੀਆਂ ਕਰਦਿਆਂ ਭੋਗ ਵੀ ਪਾ ਦਿੱਤਾ।
ਇਸ ਮਾਮਲੇ ਵਿੱਚ ਨਵਾਂ ਮੋੜ ਉਦੋਂ ਆਇਆ ਜਦੋਂ ਪਰਿਵਾਰ ਨੂੰ ਕਪੂਰਥਲਾ ਸੈਂਟਰਲ ਜੇਲ੍ਹ ਦੇ ਇੱਕ ਕਰਮਚਾਰੀ ਦਾ ਫੋਨ ਆਇਆ ਕਿ ਰਵੀ ਕੁਮਾਰ ਜੇਲ੍ਹ ਵਿੱਚ ਬੰਦ ਹੈ। ਪਹਿਲਾਂ ਤਾਂ ਪਰਿਵਾਰ ਨੂੰ ਇਸ ਗੱਲ ’ਤੇ ਯਕੀਨ ਨਹੀਂ ਆਇਆ, ਪਰ ਜਦੋਂ ਉਹ ਜੇਲ੍ਹ ਪਹੁੰਚੇ ਤਾਂ ਆਪਣੇ ਪੁੱਤਰ ਨੂੰ ਜ਼ਿੰਦਾ ਦੇਖ ਕੇ ਹੈਰਾਨ ਰਹਿ ਗਏ। ਰਵੀ ਨੇ ਦੱਸਿਆ ਕਿ ਜਲੰਧਰ ਪੁਲੀਸ ਨੇ ਉਸ ਨੂੰ 6 ਅਗਸਤ ਨੂੰ ਆਵਾਰਾਗਰਦੀ ਦੇ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਸੀ ਅਤੇ ਬਾਅਦ ਵਿੱਚ ਜੇਲ੍ਹ ਭੇਜ ਦਿੱਤਾ ਸੀ।
ਡੀਐੱਸਪੀ ਸ਼ੀਤਲ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਰਵੀ ਕੁਮਾਰ ਪਹਿਲਾਂ ਵੀ ਕਈ ਵਾਰ ਜੇਲ੍ਹ ਜਾ ਚੁੱਕਾ ਹੈ। ਉਨ੍ਹਾਂ ਮੰਨਿਆ ਕਿ ਮਾਮਲੇ ਦੇ ਕਈ ਪਹਿਲੂ ਸ਼ੱਕੀ ਹਨ ਅਤੇ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ। ਹੁਣ ਪੁਲੀਸ ਲਈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕਾਂਜਲੀ ਨੇੜਿਓਂ ਮਿਲੀ ਮ੍ਰਿਤਕ ਦੇਹ ਆਖਰ ਕਿਸ ਦੀ ਸੀ, ਜਿਸ ਦਾ ਸਸਕਾਰ ਰਵੀ ਕੁਮਾਰ ਸਮਝ ਕੇ ਕਰ ਦਿੱਤਾ ਗਿਆ। ਪੁਲੀਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਪਛਾਣ ਵਿੱਚ ਕਿੱਥੇ ਲਾਪਰਵਾਹੀ ਹੋਈ ਹੈ।

