Raghu Rai Death: ਤਸਵੀਰਾਂ ਰਾਹੀਂ ਇਤਿਹਾਸ ਸਿਰਜਣ ਵਾਲੇ ਮਹਾਨ ਕਲਾਕਾਰ ਤੇ ਉੱਘੇ ਫੋਟੋਗ੍ਰਾਫਰ ਰਘੂ ਰਾਏ ਦਾ ਦੇਹਾਂਤ
83 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ; ਦਿੱਲੀ ਦੇ ਨਿੱਜੀ ਹਸਪਤਾਲ ਵਿੱਚ ਹੋਈ ਮੌਤ
Raghu Rai Death: ਭਾਰਤ ਦੇ ਸਭ ਤੋਂ ਪ੍ਰਸਿੱਧ ਅਤੇ ਸਤਿਕਾਰਤ ਫੋਟੋਗ੍ਰਾਫਰ ਰਘੂ ਰਾਏ, ਜਿਨ੍ਹਾਂ ਨੇ ਆਪਣੇ ਕੈਮਰੇ ਦੀ ਅੱਖ ਰਾਹੀਂ ਭਾਰਤ ਦੇ ਕਈ ਰੰਗਾਂ ਅਤੇ ਇਤਿਹਾਸਕ ਪਲਾਂ ਨੂੰ ਦੁਨੀਆ ਸਾਹਮਣੇ ਪੇਸ਼ ਕੀਤਾ, ਅੱਜ ਤੜਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। 83 ਸਾਲਾ ਰਘੂ ਰਾਏ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਕਲਾ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਰਘੂ ਰਾਏ ਦੇ ਪੁੱਤਰ ਅਤੇ ਖੁਦ ਇੱਕ ਜਾਣੇ-ਪਛਾਣੇ ਫੋਟੋਗ੍ਰਾਫਰ ਨਿਤਿਨ ਰਾਏ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਪਿਛਲੇ ਦੋ ਸਾਲਾਂ ਤੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਦੱਸਿਆ, “ ਪਿਤਾ ਜੀ ਨੂੰ ਦੋ ਸਾਲ ਪਹਿਲਾਂ ਪ੍ਰੋਸਟੇਟ ਕੈਂਸਰ ਹੋਇਆ ਸੀ, ਜੋ ਠੀਕ ਹੋ ਗਿਆ ਸੀ। ਬਾਅਦ ਵਿੱਚ ਇਹ ਪੇਟ ਤੱਕ ਫੈਲ ਗਿਆ, ਪਰ ਉੱਥੋਂ ਵੀ ਉਨ੍ਹਾਂ ਨੇ ਜਿੱਤ ਹਾਸਲ ਕੀਤੀ। ਹਾਲ ਹੀ ਵਿੱਚ ਕੈਂਸਰ ਉਨ੍ਹਾਂ ਦੇ ਦਿਮਾਗ ਤੱਕ ਫੈਲ ਗਿਆ ਸੀ ਅਤੇ ਵਧਦੀ ਉਮਰ ਕਾਰਨ ਹੋਰ ਵੀ ਕਈ ਸਰੀਰਕ ਮੁਸ਼ਕਲਾਂ ਪੈਦਾ ਹੋ ਗਈਆਂ ਸਨ।”
ਰਘੂ ਰਾਏ ਆਪਣੇ ਪਿੱਛੇ ਪਤਨੀ ਗੁਰਮੀਤ, ਪੁੱਤਰ ਨਿਤਿਨ ਅਤੇ ਤਿੰਨ ਧੀਆਂ ਲਗਨ, ਅਵਨੀ ਤੇ ਪੁਰਵਾਈ ਨੂੰ ਛੱਡ ਗਏ ਹਨ। ਉਨ੍ਹਾਂ ਦੀਆਂ ਖਿੱਚੀਆਂ ਤਸਵੀਰਾਂ, ਖਾਸ ਕਰਕੇ 1984 ਦੀ ਭੋਪਾਲ ਗੈਸ ਤ੍ਰਾਸਦੀ ਅਤੇ ਭਾਰਤੀ ਜੀਵਨ ਦੇ ਵਿਲੱਖਣ ਪਹਿਲੂਆਂ ਨੂੰ ਦਰਸਾਉਂਦੀਆਂ ਫੋਟੋਆਂ, ਹਮੇਸ਼ਾ ਯਾਦ ਰੱਖੀਆਂ ਜਾਣਗੀਆਂ। ਪਰਿਵਾਰਕ ਮੈਂਬਰਾਂ ਅਨੁਸਾਰ, ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਸ਼ਾਮ 4 ਵਜੇ ਦਿੱਲੀ ਦੇ ਲੋਧੀ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

