DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjabi Tribune Special: ਪੰਜਾਬ ਦਾ ਦੁਖਾਂਤ-5: ਗੁਆਚੀਆਂ ਪੈੜਾਂ: ਛੱਡ ਆਲ੍ਹਣੇ ਤੁਰ ਗਏ ਸੁੰਨੇ ਰਾਹਾਂ ’ਤੇ...

ਖ਼ੌਫ਼ ਦੇ ਦਿਨਾਂ ’ਚ ਗੁਆਂਢੀ ਸੂਬਿਆਂ ’ਚ ਸ਼ਰਨ ਲੈਣ ਲਈ ਮਜਬੂਰ ਹੋਏ

  • fb
  • twitter
  • whatsapp
  • whatsapp
Advertisement

ਜਦੋਂ ਪੰਜਾਬ ’ਚ ਤੱਤੀਆਂ ਪੌਣਾਂ ਵਗੀਆਂ ਤਾਂ ਆਲ੍ਹਣੇ ਸੁੰਨੇ ਹੋਣ ਲੱਗੇ। ਜਿਨ੍ਹਾਂ ਹੱਥਾਂ ਨਾਲ ਆਲ੍ਹਣੇ ਸਿਰਜੇ, ਉਨ੍ਹਾਂ ਹੱਥਾਂ ਨਾਲ ਉਹ ਜਿੰਦਰੇ ਮਾਰ ਤੁਰ ਗਏ, ਧੁੰਦਲੀ ਆਸ ਨਾਲ ਕਿ ਜਦੋਂ ਦਿਨ ਫਿਰਨਗੇ, ਵਾਪਸ ਪਰਤਾਂਗੇ। ਕੋਈ ਡਰ ਦਾ ਝੰਬਿਆ ਸ਼ਹਿਰ ਚਲਾ ਗਿਆ, ਕਿਸੇ ਨੂੰ ਪੰਜਾਬ ਛੱਡਣ ਦੀ ਨੌਬਤ ਆਈ। ਇਹ ਪੰਜਾਬ ਦੀ ਸਾਂਝੀ ਤਹਿਜ਼ੀਬ ਅਤੇ ਮੁਹੱਬਤੀ ਅਹਿਸਾਸਾਂ ਦਾ ਉਜਾੜਾ ਸੀ।

ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਆਪਕ ਪ੍ਰੋ. ਹਰੀਸ਼ ਕੇ ਪੁਰੀ, ਪ੍ਰੋ. ਪਰਮਜੀਤ ਸਿੰਘ ਤੇ ਪ੍ਰੋ. ਜਗਰੂਪ ਸਿੰਘ ਸੇਖੋਂ ਵੱਲੋਂ ਕੀਤੇ ਅੰਮ੍ਰਿਤਸਰ, ਮਜੀਠਾ, ਬਟਾਲਾ ਤੇ ਤਰਨ ਤਾਰਨ ਦੇ 28 ਪਿੰਡਾਂ ਦੇ ਖੇਤਰੀ ਅਧਿਐਨ ਮੁਤਾਬਕ ਉਸ ਦੌਰ ਵਿੱਚ ਮਜੀਠਾ ਖ਼ਿੱਤੇ ’ਚੋਂ ਸਭ ਤੋਂ ਵੱਡੀ ਹਿਜਰਤ ਹੋਈ। ਇਨ੍ਹਾਂ ’ਚੋਂ 59 ਫ਼ੀਸਦੀ ਹਿੰਦੂ ਸਨ ਅਤੇ 23.48 ਫ਼ੀਸਦੀ ਸਿੱਖ ਪਰਿਵਾਰ। 37.66 ਫ਼ੀਸਦੀ ਦੁਕਾਨਦਾਰ, 16.41 ਫ਼ੀਸਦੀ ਖੇਤੀ ਕਰਨ ਵਾਲੇ, 14.81 ਫ਼ੀਸਦੀ ਸਰਕਾਰੀ ਨੌਕਰੀ ਵਾਲੇ, 6.68 ਪੁਲੀਸ ਵਾਲੇ ਤੇ 4.86 ਫ਼ੀਸਦੀ ਸਕੂਲ ਅਧਿਆਪਕ ਸਨ, ਜਿਨ੍ਹਾਂ ਨੂੰ ਡਰ ਦੇ ਮਾਹੌਲ ’ਚ ਆਪਣਾ ਪਿੰਡ ਛੱਡਣਾ ਪਿਆ।

Advertisement

ਅਧਿਐਨ ਮੁਤਾਬਕ 323 ਨੌਜਵਾਨਾਂ ਦੇ ਪਰਿਵਾਰਾਂ ’ਚੋਂ 60 ਫ਼ੀਸਦੀ ਨੂੰ ਪੁਲੀਸ ਤਸ਼ੱਦਦ ਦੇ ਡਰੋਂ ਜੱਦੀ ਘਰ ਛੱਡਣੇ ਪਏ। ਖੋਜ ਕਾਰਜ ’ਚ ਸ਼ਾਮਲ ਕੁੱਲ 494 ਪਰਿਵਾਰਾਂ ’ਚੋਂ 124 ਨੂੰ ਗੁਆਂਢੀ ਸੂਬਿਆਂ ’ਚ ਢੋਈ ਲੈਣੀ ਪਈ। ਮਜੀਠਾ ਦੇ ਪਿੰਡ ਸਹਿੰਸਰਾ ਦੇ 85 ਪਰਿਵਾਰਾਂ ਨੂੰ ਪਿੰਡ ਛੱਡਣਾ ਪਿਆ। ਪਿੰਡ ਮੀਆਂਵਿੰਡ ਦਾ ਇੱਕ ਪਰਿਵਾਰ ਖ਼ੌਫ਼ ਦੇ ਡਰੋਂ ਯਮੁਨਾਨਗਰ ਚਲਾ ਗਿਆ। ਭਿੱਖੀਵਿੰਡ ਇਲਾਕੇ ਦੇ ਕਰੀਬ 700 ਪਰਿਵਾਰਾਂ ਨੂੰ ਘਰ ਬਾਰ ਛੱਡ ਜਾਣਾ ਪਿਆ।

Advertisement

ਨੌਸ਼ਹਿਰਾ ਪੰਨੂਆਂ ਦਾ ਵਿਕਾਸ ਪਿੰਡ ਛੱਡ ਚਲਾ ਗਿਆ। ਦੂਜੇ ਰਾਜ ’ਚ ਪੈਰ ਜੰਮ ਨਾ ਸਕੇ, ਆਖ਼ਰ ਵਾਪਸ ਮੁੜਨਾ ਪਿਆ। ਜਦੋਂ ਪਿੰਡਾਂ ’ਚੋਂ ਤੁਰੇ ਤਾਂ ਖ਼ੌਫ਼ ਦੇ ਡਰੋਂ ਨਾ ਕੋਈ ਉਨ੍ਹਾਂ ਦਾ ਘਰ ਖ਼ਰੀਦਣ ਨੂੰ ਤਿਆਰ ਸੀ ਅਤੇ ਨਾ ਹੀ ਜ਼ਮੀਨ। ਅਧਿਐਨ ਮੁਤਾਬਕ ਬਾਅਦ ’ਚ 33 ਪਰਿਵਾਰਾਂ ਨੇ ਆਪਣੀ ਜ਼ਮੀਨ ਵੇਚੀ, 49 ਪਰਿਵਾਰਾਂ ਨੇ ਦੁਕਾਨਾਂ ਅਤੇ 45 ਪਰਿਵਾਰਾਂ ਨੂੰ ਘਰ ਵੇਚਣੇ ਪਏ।

ਪ੍ਰਾਪਤ ਵੇਰਵਿਆਂ ਮੁਤਾਬਕ ਗੋਬਿੰਦਗੜ੍ਹ ਤੇ ਲੁਧਿਆਣਾ ਦੇ ਕਾਰੋਬਾਰੀਆਂ ਨੇ ਅੰਬਾਲਾ ਤੇ ਪਾਣੀਪਤ ’ਚ ਕਾਰੋਬਾਰ ਸ਼ੁਰੂ ਕਰ ਲਏ। ਫ਼ਾਜ਼ਿਲਕਾ, ਫ਼ਿਰੋਜ਼ਪੁਰ ਤੇ ਬਠਿੰਡਾ ਇਲਾਕੇ ਦੇ ਬਹੁਤੇ ਲੋਕ ਗੰਗਾਨਗਰ ਤੇ ਹਨੂਮਾਨਗੜ੍ਹ ਚਲੇ ਗਏ ਸਨ। ਅੰਮ੍ਰਿਤਸਰ ਦੇ ਪਿੰਡ ਜਗਦੇਵ ਕਲਾਂ ’ਚ ਹਿੰਸਾ ਨੇ 26 ਜਾਨਾਂ ਲਈਆਂ। ਇਸ ਪਿੰਡ ਦੇ ਅਰਜਨ ਦਾਸ ਤੇ ਉਸ ਦੇ ਚਾਰ ਪੁੱਤਾਂ ਦਾ ਸਿਵਾ ਇੱਕੋ ਸਮੇਂ ਬਲਿਆ ਸੀ। ਜਗਦੇਵ ਕਲਾਂ ਹਾਸ਼ਮ ਸ਼ਾਹ ਅਤੇ ਬਾਬੇ ਨਜਮੀ ਦਾ ਪਿੰਡ ਹੈ, ਜਿੱਥੋਂ ਇੱਕ ਫ਼ਿਰਕੇ ਦੇ ਲੋਕ ਪਿੰਡ ਛੱਡ ਚਲੇ ਗਏ। ਇਸ ਪਿੰਡ ਦਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਆਖਦਾ ਹੈ ਕਿ ਜੋ ਉਸ ਦੌਰ ’ਚ ਚਲੇ ਗਏ, ਉਨ੍ਹਾਂ ਦੀਆਂ ਪੈੜਾਂ ਅੱਜ ਵੀ ਪਿੰਡ ਲੱਭ ਰਿਹਾ ਹੈ।

ਅਧਿਐਨ ਮੁਤਾਬਕ ਅਮਨ ਸ਼ਾਂਤੀ ਮਗਰੋਂ 12.35 ਫ਼ੀਸਦੀ ਪਰਿਵਾਰ ਹੀ ਪਿੰਡਾਂ ਨੂੰ ਪਰਤੇ। ਜੂਹਾਂ ਛੱਡਣ ਵਾਲੇ ਅੱਜ ਵੀ ਪਿੰਡ ਦੀ ਰੂਹ ਅਤੇ ਅਹਿਸਾਸ ਨੂੰ ਦਿਲਾਂ ’ਚ ਚੁੱਕੀ ਫਿਰਦੇ ਹਨ। ਹੁਣ ਪੰਜਾਬ ਦੀਆਂ ਹਵਾਵਾਂ ਸ਼ਾਂਤ ਹਨ ਪਰ ਹਿਜਰਤ ਦੇ ਜ਼ਖ਼ਮ ਅੱਜ ਵੀ ਤਾਜ਼ੇ ਹਨ।

ਤਸਵੀਰ ਦਾ ਇੱਕ ਪਾਸਾ ਇਹ ਵੀ...

ਮਜੀਠਾ ਦੇ ਪਿੰਡ ਮੱਤੇਵਾਲ ਦੀ ਸਰਕਾਰੀ ਡਿਸਪੈਂਸਰੀ ’ਚ ਤਾਇਨਾਤ ਜੈਪੁਰ ਤੋਂ ਆਏ ਡਾ. ਬਰਜੇਸ਼ ਸ਼ਰਮਾ ਨੂੰ ਹਿੰਸਾ ਦੇ ਸਿਖਰ ਮੌਕੇ ਵੀ ਪਿੰਡ ਨਹੀਂ ਛੱਡਣ ਦਿੱਤਾ ਗਿਆ। ਡਾ. ਸ਼ਰਮਾ ਨੇ ਲੋਕ ਸਹਿਯੋਗ ਨਾਲ ਡਿਸਪੈਂਸਰੀ ਮਿਨੀ ਹਸਪਤਾਲ ’ਚ ਬਦਲੀ। ਛੋਟੇ ਵੱਡੇ ਸਰਜੀਕਲ ਅਪਰੇਸ਼ਨ ਮੁਫ਼ਤ ਕਰਨ ਲੱਗੇ। ਮੈਡੀਕਲ ਪੇਸ਼ੇ ਦੇ ਅਸੂਲਾਂ ਮੁਤਾਬਕ ਹਰ ਮਰੀਜ਼ ਦਾ ਇਲਾਜ ਕੀਤਾ, ਚਾਹੇ ਉਹ ਹਿੰਸਾ ਦੇ ਦੌਰ ’ਚ ਕੁੱਦਿਆ ਕੋਈ ਸ਼ਖ਼ਸ ਕਿਉਂ ਨਾ ਹੋਵੇ! ਫ਼ੌਜ ਨੇ ਇਸ ਡਾਕਟਰ ਨੂੰ ਪਿੰਡ ’ਚੋਂ ਸੁਰੱਖਿਅਤ ਕੱਢਣਾ ਚਾਹਿਆ ਪਰ ਲੋਕਾਂ ਦੇ ਏਕੇ ਨੇ ਫ਼ੌਜ ਦੀ ਪੇਸ਼ ਨਾ ਜਾਣ ਦਿੱਤੀ। ਕੋਈ ਉਸ ਦਾ ਵਾਲ ਵਿੰਗਾ ਨਾ ਕਰ ਸਕਿਆ।

Advertisement
×