ਪ੍ਰਮੁੱਖ ਪੰਜਾਬੀ ਸਾਹਿਤਕਾਰ ਰਿਪੁਦਮਨ ਸਿੰਘ ਰੂਪ ਦਾ ਦੇਹਾਂਤ; ਸਾਹਿਤਕ ਜਗਤ ਵਿੱਚ ਸੋਗ ਦੀ ਲਹਿਰ
ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ; ਮਰਹੂਮ ਲੇਖਕ ਦੀ ਇੱਛਾ ਮੁਤਾਬਕ ਖੋਜ ਕਾਰਜਾਂ ਲਈ PGI ਨੂੰ ਦਾਨ ਕੀਤਾ ਮ੍ਰਿਤਕ ਸਰੀਰ
ਪੰਜਾਬੀ ਮਾਂ-ਬੋਲੀ ਦੇ ਨਾਮਵਰ ਸਾਹਿਤਕਾਰ, ਪ੍ਰਸਿੱਧ ਵਕੀਲ ਅਤੇ ਸ਼੍ਰੋਮਣੀ ਲੇਖਕ ਮਰਹੂਮ ਸੰਤੋਖ ਸਿੰਘ ਧੀਰ ਦੇ ਛੋਟੇ ਭਰਾ ਰਿਪੁਦਮਨ ਸਿੰਘ ਰੂਪ ਦਾ ਅੱਜ ਦੇਹਾਂਤ ਹੋ ਗਿਆ। ਉਹ ਪਿਛਲੇ ਲੰਮੇ ਸਮੇਂ ਤੋਂ ਸਿਹਤ ਢਿੱਲੀ-ਮੱਠੀ ਹੋਣ ਕਾਰਨ ਬਿਮਾਰ ਚੱਲ ਰਹੇ ਸਨ ਅਤੇ ਅੱਜ ਉਨ੍ਹਾਂ ਨੇ ਆਪਣੇ ਗ੍ਰਹਿ ਵਿਖੇ ਆਖਰੀ ਸੁਆਸ ਲਏ। ਉਹ ਆਪਣੇ ਪਿੱਛੇ ਪੁੱਤਰਾਂ ਸੰਜੀਵਨ ਸਿੰਘ ਅਤੇ ਰੰਜੀਵਨ ਸਿੰਘ ਸਮੇਤ ਹੱਸਦਾ-ਖੇਡਦਾ ਪਰਿਵਾਰ ਤੇ ਵੱਡਾ ਸਾਹਿਤਕ ਸਰਮਾਇਆ ਛੱਡ ਗਏ ਹਨ। ਉਨ੍ਹਾਂ ਦੇ ਅਕਾਲ ਚਲਾਣੇ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਡੂੰਘੇ ਅਫ਼ਸੋਸ ਦਾ ਇਜ਼ਹਾਰ ਕੀਤਾ ਹੈ। ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਕੁਹਾੜ, ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਅਤੇ ਸਕੱਤਰ ਸੁਰਿੰਦਰਪ੍ਰੀਤ ਘਣੀਆਂ, ਡਾ. ਸਿੰਦਰਪਾਲ ਸਿੰਘ ਤੇ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਫ਼ਰਵਰੀ 1935 ਨੂੰ ਜਨਮੇ ਰਿਪੁਦਮਨ ਸਿੰਘ ਰੂਪ ਮੂਲ ਰੂਪ ਵਿੱਚ ਇੱਕ ਆਦਰਸ਼ ਅਧਿਆਪਕ, ਕੌਮੀ ਪੱਧਰ ਦੇ ਸੂਝਵਾਨ ਟਰੇਡ ਯੂਨੀਅਨ ਆਗੂ, ਮਾਹਿਰ ਕਾਨੂੰਨਦਾਨ ਅਤੇ ਉੱਚਕੋਟੀ ਦੇ ਲੇਖਕ ਸਨ।
ਸਕੱਤਰ ਸੁਰਿੰਦਰਪ੍ਰੀਤ ਘਣੀਆਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ, ਰਿਪੁਦਮਨ ਸਿੰਘ ਰੂਪ ਨੇ ਆਪਣੀ ਕਲਮ ਰਾਹੀਂ ਪੰਜਾਬੀ ਸਾਹਿਤ ਨੂੰ ਕਈ ਮਹੱਤਵਪੂਰਨ ਪੁਸਤਕਾਂ ਭੇਟ ਕੀਤੀਆਂ। ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਵਿੱਚ ਸ਼ਾਮਲ ਹਨ:
- ਕਾਵਿ ਸੰਗ੍ਰਹਿ: ਲਾਲਗੜ੍ਹ ਅਤੇ ਰਾਣੀ ਰੁੱਤ
- ਕਹਾਣੀ ਸੰਗ੍ਰਹਿ: ਬਹਾਨੇ ਬਹਾਨੇ, ਬਦਮਾਸ਼, ਦਿਲ ਦੀ ਅੱਗ ਅਤੇ ਓਪਰੀ ਹਵਾ
- ਨਾਵਲ: ਪ੍ਰੀਤੀ, ਝੱਖੜਾਂ ਵਿੱਚ ਝੂਲਦਾ ਰੁੱਖ ਅਤੇ ਤੀਲਾ
- ਲੇਖ ਸੰਗ੍ਰਹਿ ਤੇ ਸੰਪਾਦਨਾ: ਲੇਖ ਸੰਗ੍ਰਹਿ ਬੰਨੇ-ਚੰਨੇ ਅਤੇ ਕਾਵਿ ਸੰਪਾਦਨਾ ਧੂੜ ਹੇਠਲੀ ਕਵਿਤਾ
- ਸਫ਼ਰਨਾਮਾ: ਦੇਸੀ-ਵਿਦੇਸ਼ੀ ਯਾਤਰਾਵਾਂ ਦਾ ਸੰਕਲਨ ਪੰਛੀ ਝਾਤ
ਇਸ ਦੁੱਖ ਦੀ ਘੜੀ ਵਿੱਚ ਸਾਹਿਤਕ ਜਗਤ ਦੀਆਂ ਪ੍ਰਮੁੱਖ ਸ਼ਖਸੀਅਤਾਂ ਸ਼ੈਲਿੰਦਰਜੀਤ ਸਿੰਘ ਰਾਜਨ, ਦਲਜੀਤ ਸਿੰਘ ਸ਼ਾਹੀ, ਬਲਵਿੰਦਰ ਸੰਧੂ, ਮੂਲ ਚੰਦ ਸ਼ਰਮਾ, ਗੁਰਸੇਵਕ ਸਿੰਘ ਢਿੱਲੋਂ, ਡਾਕਟਰ ਸਤਨਾਮ ਸਿੰਘ ਜੱਸਲ, ਪ੍ਰੋ. ਜਸਵੀਰ ਸਿੱਧੂ, ਜਸਪਾਲ ਜੱਸੀ, ਦੀਪਕ ਸ਼ਰਮਾ ਚਨਾਰਥਲਾ, ਜਸਵੰਤ ਰਾਏ, ਸ਼ਾਇਰ ਅਮਰਜੀਤ ਜੀਤ, ਨਾਵਲਕਾਰ ਜਗਮੇਲ ਸਿੰਘ ਜਠੌਲ, ਲੇਖਕ ਆਗੂ ਸੁਖਦਰਸ਼ਨ ਗਰਗ, ਪ੍ਰਸਿੱਧ ਇਤਿਹਾਸਕਾਰ ਹਰਭਜਨ ਸਿੰਘ ਸੇਲਬਰਾਹ, ਸ਼ਾਇਰ ਮੀਤ ਬਠਿੰਡਾ, ਪ੍ਰੋਫੈਸਰ ਤਰਸੇਮ ਨਰੂਲਾ, ਪੋਰਿੰਦਰ ਕੁਮਾਰ ਸਿੰਗਲਾ, ਅਮਰਜੀਤ ਕੌਰ ਹਰੜ, ਡਾ. ਅਜੀਤਪਾਲ ਸਿੰਘ ਅਤੇ ਡਾਕਟਰ ਜਸਪਾਲਜੀਤ ਆਦਿ ਨੇ ਰੂਪ ਸਾਹਿਬ ਦੇ ਅਕਾਲ ਚਲਾਣੇ ਨੂੰ ਪੰਜਾਬੀ ਸਾਹਿਤ ਲਈ ਇੱਕ ਨਾ-ਪੂਰਿਆ ਜਾਣ ਵਾਲਾ ਘਾਟਾ ਦੱਸਦਿਆਂ ਪੀੜਤ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ।

