Prayagraj News: ‘ਮੈਂ 41 ਸਾਲਾਂ ਦੀ ਹੋ ਗਈ ਹਾਂ, ਮੇਰਾ ਵਿਆਹ ਕਰਵਾ ਦਿਓ...’
ਮਹਿਲਾ ਨੇ ਪ੍ਰਯਾਗਰਾਜ ਥਾਣੇ ਪਹੁੰਚ ਕੇ ਲਗਾਈ ਮਦਦ ਦੀ ਗੁਹਾਰ
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ ਅਧੀਨ ਪੈਂਦੇ ਸਰਾਏ ਇਨਾਇਤ ਥਾਣੇ ਵਿੱਚ ਇੱਕ ਅਨੋਖਾ ਪਰ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 41 ਸਾਲਾ ਮਹਿਲਾ ਨੇ ਆਪਣੇ ਹੀ ਪਰਿਵਾਰਕ ਮੈਂਬਰਾਂ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਪੁਲੀਸ ਨੂੰ ਗੁਹਾਰ ਲਗਾਈ ਹੈ ਕਿ ਉਸ ਦਾ ਵਿਆਹ ਕਰਵਾਇਆ ਜਾਵੇ। ਮਹਿਲਾ ਦਾ ਦੋਸ਼ ਹੈ ਕਿ ਉਸ ਦੇ ਭਰਾ ਅਤੇ ਭਰਜਾਈ ਜਾਣਬੁੱਝ ਕੇ ਉਸ ਦੇ ਰਿਸ਼ਤੇ ਠੁਕਰਾ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਵਿਆਹ ਦਾ ਖ਼ਰਚਾ ਨਾ ਕਰਨਾ ਪਵੇ।
ਮੀਡੀਆ ਰਿਪੋਰਟਾਂ ਅਨੁਸਾਰ, ਮਨਾਪੁਰ ਪਿੰਡ ਦੀ ਰਹਿਣ ਵਾਲੀ ਮਾਧੁਰੀ ਪਟੇਲ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਪਿਛਲੇ 20 ਸਾਲਾਂ ਤੋਂ ਪਰਿਵਾਰ ਤੋਂ ਵੱਖ ਰਹਿ ਕੇ ਮਿਹਨਤ-ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰ ਰਹੀ ਹੈ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਭਰਾ ਨੇ ਪਰਿਵਾਰ ਦੀ ਸਾਰੀ ਜ਼ਮੀਨ ਆਪਣੇ ਨਾਂ ਕਰਵਾ ਲਈ ਹੈ, ਪਰ ਜਦੋਂ ਵੀ ਉਸ ਦੇ ਵਿਆਹ ਲਈ ਕੋਈ ਰਿਸ਼ਤਾ ਆਉਂਦਾ ਹੈ, ਤਾਂ ਭਰਾ-ਭਰਜਾਈ ਉਸ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਕੇ ਰਿਸ਼ਤਾ ਤੋੜ ਦਿੰਦੇ ਹਨ।
ਮਾਨਸਿਕ ਤੇ ਸਰੀਰਕ ਤਸੀਹਿਆਂ ਦਾ ਦਾਅਵਾ
ਮਾਧੁਰੀ ਨੇ ਆਪਣੀ ਸ਼ਿਕਾਇਤ ਵਿੱਚ ਪਿਤਾ, ਮਾਤਾ, ਭਰਾ, ਭਰਜਾਈ ਅਤੇ ਭੈਣ ਨੂੰ ਨਾਮਜ਼ਦ ਕਰਦਿਆਂ ਕਿਹਾ ਹੈ ਕਿ ਉਸ ਦੇ ਪਰਿਵਾਰ ਵਾਲੇ ਉਸ ਨਾਲ ਗਾਲੀ-ਗਲੋਚ ਅਤੇ ਕੁੱਟਮਾਰ ਕਰਦੇ ਹਨ। ਮਹਿਲਾ ਨੇ ਦਾਅਵਾ ਕੀਤਾ ਕਿ ਇੱਕ ਦਿਨ ਮੁਲਜ਼ਮਾਂ ਨੇ ਉਸ ਦੇ ਕਮਰੇ ਵਿੱਚ ਵੜ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਸ ਅਨੁਸਾਰ ਪਰਿਵਾਰ ਉਸ ਨੂੰ ਖਾਣ-ਪੀਣ ਲਈ ਵੀ ਕੁਝ ਨਹੀਂ ਦਿੰਦਾ ਅਤੇ ਲਗਾਤਾਰ ਉਸ ਦਾ ਮਾਨਸਿਕ ਉਤਪੀੜਨ ਕੀਤਾ ਜਾ ਰਿਹਾ ਹੈ।
ਪੁਲੀਸ ਵੱਲੋਂ ਜਾਂਚ ਸ਼ੁਰੂ
ਪੀੜਤ ਮਹਿਲਾ ਨੇ ਪੁਲੀਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਉਸ ਦਾ ਵਿਆਹ ਕਿਸੇ ਚੰਗੇ ਇਨਸਾਨ ਨਾਲ ਕਰਵਾਇਆ ਜਾਵੇ ਤਾਂ ਜੋ ਉਹ ਸਨਮਾਨਜਨਕ ਜੀਵਨ ਬਤੀਤ ਕਰ ਸਕੇ। ਦੂਜੇ ਪਾਸੇ, ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤੱਥਾਂ ਦੇ ਆਧਾਰ ’ਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਲਾਕੇ ਵਿੱਚ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

