DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿੱਖਿਆ ਵਿਭਾਗ ਵਿੱਚ 13 ਸਾਲਾਂ ਤੋਂ ਡਿਪਟੀ ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ ਦੀ ਪੱਕੀ ਨਿਯੁਕਤੀ ਨਹੀਂ: ਐਸੋਸੀਏਸ਼ਨ

ਹੋਰ ਵਿਸ਼ਿਆਂ ਦੇ ਅਧਿਕਾਰੀਆਂ ਨੂੰ ਚਾਰਜ ਦੇਣ ਕਾਰਨ ਸਕੂਲੀ ਖੇਡਾਂ ਦਾ ਮਿਆਰ ਡਿੱਗਣ ਦਾ ਦੋਸ਼; ਮੰਗਾਂ ਨਾ ਮੰਨਣ ’ਤੇ ਸੰਘਰਸ਼ ਵਿੱਢਣ ਦੀ ਚਿਤਾਵਨੀ

  • fb
  • twitter
  • whatsapp
  • whatsapp
featured-img featured-img
ਪੰਜਾਬ ਸਕੂਲ ਸਿੱਖਿਆ ਬੋਰਡ ਦਫ਼ਤਰ ਮੋਹਾਲੀ।
Advertisement

ਗੌਰਮਿੰਟ ਫਿਜ਼ੀਕਲ ਐਜੂਕੇਸ਼ਨ ਟੀਚਰਜ਼ ਐਸੋਸੀਏਸ਼ਨ ਪੰਜਾਬ ਨੇ ਤਿੱਖਾ ਰੋਸ ਪ੍ਰਗਟ ਕਰਦਿਆਂ ਦੋਸ਼ ਲਗਾਇਆ ਹੈ ਕਿ ਪਿਛਲੀਆਂ ਅਤੇ ਮੌਜੂਦਾ ਸੂਬਾ ਸਰਕਾਰ ਸਮੇਤ ਲਗਾਤਾਰ ਤਿੰਨ ਸਰਕਾਰਾਂ ਸਿੱਖਿਆ ਵਿਭਾਗ ਵਿੱਚ ‘ਡਿਪਟੀ ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ’ ਦੀ ਅਹਿਮ ਅਸਾਮੀ ’ਤੇ ਸਰੀਰਕ ਸਿੱਖਿਆ ਵਿਸ਼ੇ ਨਾਲ ਸਬੰਧਤ ਕਿਸੇ ਯੋਗ ਅਧਿਕਾਰੀ ਦੀ ਨਿਯੁਕਤੀ ਕਰਨ ਵਿੱਚ ਬੁਰੀ ਤਰ੍ਹਾਂ ਅਸਫ਼ਲ ਰਹੀਆਂ ਹਨ।

ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਗਦੀਸ਼ ਕੁਮਾਰ ਜੱਗੀ ਅਤੇ ਸੂਬਾ ਸਕੱਤਰ ਇੰਦਰਪਾਲ ਸਿੰਘ ਢਿੱਲੋਂ ਨੇ ਅੱਜ ਇੱਥੇ ਇੱਕ ਸਾਂਝੇ ਬਿਆਨ ਵਿੱਚ ਦੱਸਿਆ ਕਿ ਡਾਇਰੈਕਟੋਰੇਟ ਆਫ਼ ਸਕੂਲ ਐਜੂਕੇਸ਼ਨ (ਸੈਕੰਡਰੀ), ਐੱਸ.ਏ.ਐੱਸ. ਨਗਰ (ਮੁਹਾਲੀ) ਵਿੱਚ ਪਿਛਲੇ 13 ਸਾਲਾਂ ਤੋਂ ਡਿਪਟੀ ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ ਦੀ ਅਸਾਮੀ ’ਤੇ ਸਬੰਧਤ ਵਿਸ਼ੇ ਦਾ ਕੋਈ ਵੀ ਸਪੈਸ਼ਲਿਸਟ ਅਧਿਕਾਰੀ ਨਹੀਂ ਲਗਾਇਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਦੂਜੇ ਆਮ ਵਿਸ਼ਿਆਂ ਦੇ ਅਧਿਕਾਰੀਆਂ ਨੂੰ ਇਸ ਸੀਟ ਦਾ ਵਾਧੂ ਚਾਰਜ ਜਾਂ ਜ਼ਿੰਮੇਵਾਰੀ ਦਿੱਤੇ ਜਾਣ ਕਾਰਨ ਸੂਬੇ ਵਿੱਚ ਸਕੂਲੀ ਖੇਡਾਂ ਅਤੇ ਸਰੀਰਕ ਸਿੱਖਿਆ ਦਾ ਮਿਆਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।

Advertisement

ਖੇਡਾਂ ਦੇ ਡਿੱਗ ਰਹੇ ਪੱਧਰ ’ਤੇ ਚਿੰਤਾ

ਜਥੇਬੰਦੀ ਦੇ ਆਗੂਆਂ ਨੇ ਦੁਖੀ ਮਨ ਨਾਲ ਕਿਹਾ ਕਿ ਪੰਜਾਬ ਕਦੇ ਦੇਸ਼ ਭਰ ਵਿੱਚ ਖੇਡਾਂ ਦੇ ਖੇਤਰ ’ਚ ਮੋਹਰੀ ਸੂਬਾ ਮੰਨਿਆ ਜਾਂਦਾ ਸੀ, ਪਰ ਪਿਛਲੇ ਕੁਝ ਸਾਲਾਂ ਦੌਰਾਨ ਨੀਤੀਆਂ ਸਹੀ ਨਾ ਹੋਣ ਕਰਕੇ ਖੇਡਾਂ ਦਾ ਪੱਧਰ ਲਗਾਤਾਰ ਹੇਠਾਂ ਡਿੱਗਿਆ ਹੈ। ਉਨ੍ਹਾਂ ਸਰਕਾਰ ਦੀਆਂ ਨੀਤੀਆਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸਾਲ 2018 ਦੇ ਸਰਵਿਸ ਰੂਲਾਂ ਤਹਿਤ ‘ਸਟੇਟ ਆਰਗੇਨਾਈਜ਼ਰ (ਖੇਡਾਂ)’ ਦੀ ਅਸਾਮੀ ਨੂੰ ਖ਼ਤਮ ਕਰਨਾ ਵੀ ਪੰਜਾਬ ਦੀਆਂ ਸਕੂਲੀ ਖੇਡਾਂ ਲਈ ਬੇਹੱਦ ਨੁਕਸਾਨਦਾਇਕ ਸਾਬਤ ਹੋਇਆ ਹੈ।

Advertisement

ਜਥੇਬੰਦੀ ਦੀਆਂ ਮੁੱਖ ਮੰਗਾਂ ਅਤੇ ਚਿਤਾਵਨੀ

ਐਸੋਸੀਏਸ਼ਨ ਨੇ ਸਰਕਾਰ ਨੂੰ ਦੋ ਟੁੱਕ ਚਿਤਾਵਨੀ ਦਿੰਦਿਆਂ ਕਿਹਾ ਕਿ ਬੀਤੀ 30 ਜੂਨ ਨੂੰ ਖਾਲੀ ਹੋਈ ਡਿਪਟੀ ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ ਦੀ ਅਸਾਮੀ ’ਤੇ ਜੇਕਰ ਹੁਣ ਵੀ ਸਰੀਰਕ ਸਿੱਖਿਆ ਵਿਸ਼ੇ ਨਾਲ ਸਬੰਧਤ ਅਧਿਕਾਰੀ ਦੀ ਪੱਕੀ ਨਿਯੁਕਤੀ ਨਾ ਕੀਤੀ ਗਈ, ਤਾਂ ਜਥੇਬੰਦੀ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ।

ਇਸ ਦੇ ਨਾਲ ਹੀ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਵਿਭਾਗ ਦੇ ਸਰਵਿਸ ਰੂਲਾਂ ਵਿੱਚ ਤੁਰੰਤ ਲੋੜੀਂਦੀ ਸੋਧ ਕਰਕੇ ਇਸ ਅਸਾਮੀ ਨੂੰ ਸਿਰਫ਼ ਤੇ ਸਿਰਫ਼ ਸਰੀਰਕ ਸਿੱਖਿਆ (Physical Education) ਵਿਸ਼ੇ ਦੇ ਅਧਿਕਾਰੀਆਂ ਲਈ ਹੀ ਰਾਖਵੀਂ ਕੀਤਾ ਜਾਵੇ। ਖ਼ਤਮ ਕੀਤੀ ਗਈ ‘ਸਟੇਟ ਆਰਗੇਨਾਈਜ਼ਰ (ਖੇਡਾਂ)’ ਦੀ ਅਸਾਮੀ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਬਹਾਲ ਕੀਤਾ ਜਾਵੇ ਤਾਂ ਜੋ ਪੰਜਾਬ ਨੂੰ ਖੇਡਾਂ ਵਿੱਚ ਮੁੜ ਨੰਬਰ ਇੱਕ ਬਣਾਇਆ ਜਾ ਸਕੇ।

Advertisement
×