Nepal Floods: ਨੇਪਾਲ ਦੇ ਹੜ੍ਹ ਵਿੱਚ Tarn Taran ਦਾ ਨੌਜਵਾਨ ਲਾਪਤਾ
Tarn Taran Nepal Flood: ਦੋ ਹੋਰ ਰਿਸ਼ਤੇਦਾਰ ਵੀ ਲਾਪਤਾ; ਪਰਿਵਾਰ ਨਾਲ 25 ਅਗਸਤ ਨੂੰ ਹੋਈ ਸੀ ਆਖਰੀ ਵੀਡੀਓ ਕਾਲ
Tarn Taran Youth Missing: ਨੇਪਾਲ ਵਿੱਚ 26 ਅਗਸਤ ਨੂੰ ਗਲੇਸ਼ੀਅਰ ਟੁੱਟਣ ਕਾਰਨ ਹੜ੍ਹ ਆਇਆ ਜਿਸ ਵਿੱਚ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਰੱਤੋ ਕੇ ਦਾ ਰਹਿਣ ਵਾਲਾ ਸ਼ਮਸ਼ੇਰ ਸਿੰਘ ਲਾਪਤਾ ਹੋ ਗਿਆ ਹੈ। ਉਹ ਨੇਪਾਲ ਵਿੱਚ ਤ੍ਰਿਸ਼ੂਲ ਅੱਪਰ ਪਾਵਰ ਹਾਊਸ ਪ੍ਰਾਜੈਕਟ ਵਿੱਚ ਕਰੇਨ ਅਪਰੇਟਰ ਵਜੋਂ ਕੰਮ ਕਰ ਰਿਹਾ ਸੀ। ਉਸ ਦੇ ਨਾਲ ਉਸ ਦੇ ਦੋ ਹੋਰ ਰਿਸ਼ਤੇਦਾਰ ਵੀ ਲਾਪਤਾ ਹਨ, ਜਿਨ੍ਹਾਂ ਵਿੱਚ ਭੁਪਿੰਦਰ ਸਿੰਘ ਅਤੇ ਰਸ਼ਪਾਲ ਸਿੰਘ ਸ਼ਾਮਲ ਹਨ ਜੋ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਇਨ੍ਹਾਂ ਸਾਰਿਆਂ ਬਾਰੇ ਫਿਲਹਾਲ ਕੋਈ ਪਤਾ ਨਹੀਂ ਲੱਗ ਸਕਿਆ।
ਪਰਿਵਾਰਕ ਮੈਂਬਰਾਂ ਮੁਤਾਬਕ ਸ਼ਮਸ਼ੇਰ ਸਿੰਘ ਨੇ 25 ਅਗਸਤ ਨੂੰ ਆਪਣੇ ਘਰ ਵਟਸਐਪ ਕਾਲ ਰਾਹੀਂ ਗੱਲਬਾਤ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਫੋਨ ਨਾਲੋਂ ਸਾਰਾ ਸੰਪਰਕ ਟੁੱਟ ਗਿਆ ਹੈ ਅਤੇ ਹੁਣ ਕੋਈ ਰਾਬਤਾ ਨਹੀਂ ਹੋ ਰਿਹਾ। ਪਰਿਵਾਰ ਇਸ ਘਟਨਾ ਤੋਂ ਬਾਅਦ ਬਹੁਤ ਚਿੰਤਤ ਹੈ। ਇਸ ਮਾਮਲੇ ਵਿੱਚ ਪਿੰਡ ਦੀ ਪੰਚਾਇਤ ਵੱਲੋਂ ਵੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਨੌਜਵਾਨਾਂ ਦੀ ਭਾਲ ਅਤੇ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ।
ਨੇਪਾਲ ਵਿੱਚ 26 ਅਗਸਤ ਨੂੰ ਹੜ੍ਹ ਤੋਂ ਬਾਅਦ ਤਬਾਹੀ ਆ ਗਈ ਸੀ। ਨੇਪਾਲ ਪੁਲੀਸ ਅਨੁਸਾਰ ਹੁਣ ਤੱਕ 669 ਮ੍ਰਿਤਕ ਦੇਹਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦੋਂ ਕਿ 2,301 ਲੋਕਾਂ ਨੂੰ ਜ਼ਖ਼ਮੀ ਹਾਲਤ ਵਿੱਚ ਰੈਸਕਿਊ ਕਰਕੇ ਬਚਾਇਆ ਗਿਆ ਹੈ। ਸਭ ਤੋਂ ਵੱਧ 233 ਮੌਤਾਂ ਚਿਤਵਨ ਜ਼ਿਲ੍ਹੇ ਵਿੱਚ ਹੋਈਆਂ ਹਨ। ਇਸ ਤੋਂ ਇਲਾਵਾ ਨਵਲਪਰਾਸੀ (ਪੂਰਬ) ਵਿੱਚ 158, ਗੋਰਖਾ ਵਿੱਚ 48, ਨਵਲਪਰਾਸੀ (ਪੱਛਮ) ਵਿੱਚ 47, ਧਾਦਿੰਗ ਵਿੱਚ 45, ਨੁਵਾਕੋਟ ਵਿੱਚ 41, ਤਨਹੂੰ ਵਿੱਚ 31 ਅਤੇ ਰਸੂਵਾ ਵਿੱਚ 13 ਲੋਕਾਂ ਦੀ ਜਾਨ ਗਈ ਹੈ।
ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ ਪੁਲੀਸ ਨੇ ਨੁਵਾਕੋਟ ਤੋਂ 1,422, ਰਸੂਵਾ ਤੋਂ 676 ਅਤੇ ਧਾਦਿੰਗ ਤੋਂ 3 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ। ਰਾਹਤ ਅਤੇ ਬਚਾਅ ਕਾਰਜਾਂ ਲਈ ਕੁੱਲ 4,811 ਪੁਲੀਸ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਹਾਲਾਂਕਿ, ਦੇਸ਼ ਭਰ ਦੇ ਮੁਰਦਾਘਰਾਂ ਵਿੱਚ ਸਿਰਫ਼ 350 ਲਾਸ਼ਾਂ ਰੱਖਣ ਦੀ ਸਮਰੱਥਾ ਹੋਣ ਕਾਰਨ ਲਾਸ਼ਾਂ ਦੀ ਸ਼ਨਾਖਤ ਅਤੇ ਸੰਭਾਲ ਵਿੱਚ ਭਾਰੀ ਦਿੱਕਤਾਂ ਆ ਰਹੀਆਂ ਹਨ। ਚਿਤਵਨ ਅਤੇ ਪੋਖਰਾ ਦੇ ਹਸਪਤਾਲਾਂ 'ਚ ਥਾਂ ਘਟਣ ਕਾਰਨ ਪ੍ਰਸ਼ਾਸਨ ਨੂੰ ਏਸੀ ਵਾਤਾਵਰਨ ਵਾਲੇ ਅਸਥਾਈ ਕੇਂਦਰ ਬਣਾਉਣੇ ਪਏ ਹਨ।
ਕਈ ਖੇਤਰਾਂ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਅਤੇ ਨਦੀ ਦੇ ਵਧਦੇ ਪੱਧਰ ਕਾਰਨ ਬਚਾਅ ਕਾਰਜਾਂ ਨੂੰ ਅਸਥਾਈ ਤੌਰ ’ਤੇ ਰੋਕਣਾ ਪਿਆ ਹੈ, ਜਦੋਂਕਿ ਹੈਲੀਕਾਪਟਰ ਸੇਵਾਵਾਂ ਵੀ ਠੱਪ ਹੋ ਗਈਆਂ ਹਨ। ਖ਼ਰਾਬ ਮੌਸਮ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਨਦੀ ਦੇ ਆਸ-ਪਾਸ ਦੇ ਇਲਾਕਿਆਂ ਨੂੰ ਖਾਲੀ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ, ਕਾਠਮਾਂਡੂ ਅਤੇ ਮੁਗਲਿੰਗ ਵਿਚਕਾਰ ਸੜਕੀ ਆਵਾਜਾਈ ਨੂੰ ਪੂਰੀ ਤਰ੍ਹਾਂ ਬਹਾਲ ਕਰ ਦਿੱਤਾ ਗਿਆ ਹੈ।

