NEET paper leak: ਅਦਾਲਤ ਵੱਲੋਂ CBI ਨੂੰ ਜੇਲ੍ਹ ’ਚ ਬੰਦ 3 ਮੁੱਖ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੀ ਇਜਾਜ਼ਤ
ਇਹ ਤਿੰਨੋਂ ਹੀ ਸਨ ਸਾਜ਼ਿਸ਼ ਦੇ ਮੁੱਖ ਸੂਤਰਧਾਰ; ਮੋਟੀ ਰਕਮ ਬਦਲੇ ਪ੍ਰੀਖਿਆ ਤੋਂ ਪਹਿਲਾਂ ਪੇਪਰ ਲੀਕ ਕਰਨ ਦੇ ਲੱਗੇ ਦੋਸ਼
ਨੀਟ-ਯੂਜੀ (NEET-UG) ਪੇਪਰ ਲੀਕ ਮਾਮਲੇ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਬਿਊਰੋ (CBI) ਨੂੰ ਅੱਜ ਦੇਸ਼ ਦੀ ਇੱਕ ਅਦਾਲਤ ਵੱਲੋਂ ਵੱਡੀ ਸਫ਼ਲਤਾ ਮਿਲੀ ਹੈ। ਅਦਾਲਤ ਨੇ ਸੀਬੀਆਈ ਦੀ ਉਸ ਅਰਜ਼ੀ ਨੂੰ ਪ੍ਰਵਾਨ ਕਰ ਲਿਆ ਹੈ, ਜਿਸ ਵਿੱਚ ਜੇਲ੍ਹ (ਨਿਆਇਕ ਹਿਰਾਸਤ) ਵਿੱਚ ਬੰਦ ਇਸ ਘੁਟਾਲੇ ਦੇ ਤਿੰਨ ਮੁੱਖ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰਨ ਦੀ ਇਜਾਜ਼ਤ ਮੰਗੀ ਗਈ ਸੀ। ਡਿਊਟੀ ਜੱਗ ਸੁਰੇਂਦਰ ਮੋਹਿਤ ਸਿੰਘ ਨੇ ਜਾਂਚ ਏਜੰਸੀ ਦੀ ਇਸ ਮੰਗ 'ਤੇ ਸੁਣਵਾਈ ਕਰਦਿਆਂ ਇਹ ਹੁਕਮ ਜਾਰੀ ਕੀਤੇ।
ਸੀਬੀਆਈ ਹੁਣ ਜੇਲ੍ਹ ਦੇ ਅੰਦਰ ਹੀ ਮੁਲਜ਼ਮ ਮਨੀਸ਼ਾ ਸੰਜੇ ਵਾਘਮਾਰੇ, ਧਨੰਜੈ ਨਿਵਿਰਤੀ ਲੋਖੰਡੇ ਅਤੇ ਸ਼ੁਭਮ ਮਧੂਕਰ ਖ਼ੈਰਨਾਰ ਕੋਲੋਂ ਸਵਾਲ-ਜਵਾਬ ਕਰੇਗੀ। ਅਦਾਲਤ ਵਿੱਚ ਦਾਇਰ ਆਪਣੀ ਅਰਜ਼ੀ ਵਿੱਚ ਜਾਂਚ ਏਜੰਸੀ ਨੇ ਕਿਹਾ, “ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਤਿੰਨੋਂ ਮੁਲਜ਼ਮ ਇਸ ਪੂਰੇ ਪੇਪਰ ਲੀਕ ਕਾਂਡ ਦੇ ਮੁੱਖ ਸਾਜ਼ਿਸ਼ਘੜੇ (Prime Conspirators) ਹਨ। ਇਨ੍ਹਾਂ ਨੇ ਹੀ 3 ਮਈ ਨੂੰ ਹੋਣ ਵਾਲੀ ਨੀਟ ਪ੍ਰੀਖਿਆ ਤੋਂ ਪਹਿਲਾਂ ਮੋਟੀ ਰਕਮ ਦੇ ਬਦਲੇ ਪ੍ਰਸ਼ਨ ਪੱਤਰ ਲੀਕ ਕਰਵਾਉਣ ਅਤੇ ਉਸ ਨੂੰ ਅੱਗੇ ਵੰਡਣ ਵਿੱਚ ਮੁੱਖ ਭੂਮਿਕਾ ਨਿਭਾਈ ਸੀ।”
ਹੁਣ ਤੱਕ 13 ਗ੍ਰਿਫ਼ਤਾਰੀਆਂ; 21 ਜੂਨ ਨੂੰ ਦੁਬਾਰਾ ਹੋਵੇਗੀ ਪ੍ਰੀਖਿਆ
ਸੀਬੀਆਈ ਇਸ ਮਾਮਲੇ ਦੀ ਤਹਿ ਤੱਕ ਜਾਣ ਅਤੇ ਵੱਡੇ ਖ਼ੁਲਾਸੇ ਕਰਨ ਲਈ ਇਨ੍ਹਾਂ ਮੁਲਜ਼ਮਾਂ ਤੋਂ ਸਪੱਸ਼ਟੀਕਰਨ ਹਾਸਲ ਕਰਨਾ ਚਾਹੁੰਦੀ ਹੈ। ਦੱਸਣਯੋਗ ਹੈ ਕਿ ਦੇਸ਼ ਦੇ ਮੈਡੀਕਲ ਕੋਰਸਾਂ ਵਿੱਚ ਦਾਖ਼ਲੇ ਲਈ ਲਈ ਜਾਣ ਵਾਲੀ ਨੀਟ ਪ੍ਰੀਖਿਆ ਇਸ ਸਾਲ 3 ਮਈ ਨੂੰ ਹੋਈ ਸੀ, ਪਰ ਪੇਪਰ ਲੀਕ ਦੇ ਗੰਭੀਰ ਦੋਸ਼ਾਂ ਅਤੇ ਹੰਗਾਮੇ ਮਗਰੋਂ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ 12 ਮਈ ਨੂੰ ਇਸ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਸੀ।
ਏਜੰਸੀ ਨੇ ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 13 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੁਧਾਰ ਵਜੋਂ ਇਹ ਪ੍ਰੀਖਿਆ ਹੁਣ ਆਉਣ ਵਾਲੀ 21 ਜੂਨ ਨੂੰ ਦੇਸ਼ ਭਰ ਵਿੱਚ ਦੁਬਾਰਾ ਕਰਵਾਈ ਜਾ ਰਹੀ ਹੈ। ਸੀਬੀਆਈ ਨੂੰ ਉਮੀਦ ਹੈ ਕਿ ਇਨ੍ਹਾਂ ਤਿੰਨਾਂ ਮੁਲਜ਼ਮਾਂ ਤੋਂ ਜੇਲ੍ਹ ਵਿੱਚ ਹੋਣ ਵਾਲੀ ਪੁੱਛਗਿੱਛ ਦੌਰਾਨ ਕਈ ਹੋਰ ਵੱਡੇ ਰਸੂਖ਼ਦਾਰਾਂ ਦੇ ਚਿਹਰੇ ਨੰਗੇ ਹੋ ਸਕਦੇ ਹਨ।

