ਸੱਸ-ਨੂੰਹ ਨੇ ਘਰ ਨੂੰ ਬਣਾਇਆ ਕੁਸ਼ਤੀ ਦਾ ਅਖਾੜਾ! ਮੋਗਾ ਦੇ ਧਰਮਕੋਟ ’ਚ ਗੁੱਥਮ-ਗੁੱਥੀ ਹੋਈਆਂ ਦੋਵੇਂ ਔਰਤਾਂ CCTV ’ਚ ਕੈਦ, ਵੀਡੀਓ ਵਾਇਰਲ
ਬਾਹਰਲਿਆਂ ’ਤੇ ਨਜ਼ਰ ਰੱਖਣ ਲਈ ਲਾਇਆ ਕੈਮਰਾ ਘਰ ਦੇ ਕਲੇਸ਼ ਦਾ ਬਣਿਆ ਗਵਾਹ; ਸੱਸ ਨੇ ਪੁਲੀਸ ਕੋਲ ਪਹੁੰਚ ਕੇ ਦਰਜ ਕਰਵਾਈ ਸ਼ਿਕਾਇਤ
ਮੋਗਾ ਜ਼ਿਲ੍ਹੇ ਦੇ ਕਸਬਾ ਧਰਮਕੋਟ ਵਿੱਚ ਇੱਕ ਘਰ ਅੰਦਰ ਲੱਗਿਆ ਸੀਸੀਟੀਵੀ ਕੈਮਰਾ, ਜੋ ਆਮ ਤੌਰ ’ਤੇ ਬਾਹਰਲੇ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਲਈ ਲਗਾਇਆ ਗਿਆ ਸੀ, ਉਹ ਘਰ ਦੇ ਅੰਦਰੂਨੀ ਕਲੇਸ਼ ਦਾ ਸਭ ਤੋਂ ਵੱਡਾ ਗਵਾਹ ਬਣ ਗਿਆ। ਘਰ ਦੀ ਚਾਰਦੀਵਾਰੀ ਅੰਦਰ ਸੱਸ ਅਤੇ ਨੂੰਹ ਵਿਚਾਲੇ ਹੋਈ ਭਿਆਨਕ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਇਹ ਮਾਮਲਾ ਹੁਣ ਪੁਲੀਸ ਤੱਕ ਪਹੁੰਚ ਗਿਆ ਹੈ।
ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਤਸਵੀਰਾਂ ਮੁਤਾਬਕ, ਘਰ ਵਿੱਚ ਚੱਲ ਰਹੀ ਆਮ ਤਕਰਾਰ ਅਚਾਨਕ ਹਿੰਸਕ ਰੂਪ ਧਾਰਨ ਕਰ ਗਈ। ਵੀਡੀਓ ਵਿੱਚ ਦੋਵੇਂ ਔਰਤਾਂ ਇੱਕ-ਦੂਜੇ ਦੇ ਵਾਲਾਂ ਤੋਂ ਫੜ ਕੇ ਖਿੱਚਦੀਆਂ, ਫਰਸ਼ ’ਤੇ ਪਟਕਦੀਆਂ ਅਤੇ ਲੱਤਾਂ-ਮੁੱਕਿਆਂ ਦੀ ਬਾਰਸ਼ ਕਰਦੀਆਂ ਸਾਫ਼ ਦਿਖਾਈ ਦੇ ਰਹੀਆਂ ਹਨ। ਘਰ ਦੇ ਕਮਰੇ ਵਿੱਚ ਹੋਈ ਇਸ ‘ਕੁਸ਼ਤੀ’ ਦਾ ਇੱਕ-ਇੱਕ ਪਲ ਕੈਮਰੇ ਵਿੱਚ ਰਿਕਾਰਡ ਹੋ ਗਿਆ।
ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸੀਸੀਟੀਵੀ ਫੁਟੇਜ ਨੇ ਕੇਸ ਸੁਲਝਾਉਣ ਲਈ ਅਹਿਮ ਸਬੂਤ ਦਾ ਕੰਮ ਕੀਤਾ ਹੈ, ਨਹੀਂ ਤਾਂ ਅਜਿਹੇ ਮਾਮਲਿਆਂ ਵਿੱਚ ਦੋਵੇਂ ਧਿਰਾਂ ਇੱਕ-ਦੂਜੇ ’ਤੇ ਝੂਠੇ ਦੋਸ਼ ਲਾਉਂਦੀਆਂ ਹਨ। ਮੋਗਾ ਦੇ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ, “ ਸੀਸੀਟੀਵੀ ਫੁਟੇਜ ਇੱਕ ਨਿਰਪੱਖ ਗਵਾਹ ਦੀ ਤਰ੍ਹਾਂ ਹੈ, ਜਿਸ ਨਾਲ ਘਟਨਾ ਦੇ ਅਸਲ ਕ੍ਰਮ ਦਾ ਪਤਾ ਲੱਗਦਾ ਹੈ। ਅਸੀਂ ਰਿਕਾਰਡਿੰਗ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਾਂ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।”
ਪੁਲਿਸ ਸੂਤਰਾਂ ਅਨੁਸਾਰ ਇਸ ਝਗੜੇ ਤੋਂ ਤੁਰੰਤ ਬਾਅਦ ਸੱਸ ਨੇ ਸਥਾਨਕ ਥਾਣੇ ਪਹੁੰਚ ਕੇ ਆਪਣੀ ਨੂੰਹ ਖ਼ਿਲਾਫ਼ ਕੁੱਟਮਾਰ ਅਤੇ ਪ੍ਰੇਸ਼ਾਨ ਕਰਨ ਦੀ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਆਪਣੀ ਗੱਲ ਨੂੰ ਸੱਚ ਸਾਬਤ ਕਰਨ ਲਈ ਉਸ ਨੇ ਸਬੂਤ ਵਜੋਂ ਪੁਲਿਸ ਨੂੰ ਇਹ ਸੀਸੀਟੀਵੀ ਫੁਟੇਜ ਵੀ ਸੌਂਪ ਦਿੱਤੀ ਹੈ।
ਇਸ ਵਾਇਰਲ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ, ਜਿੱਥੇ ਲੋਕ ਪਰਿਵਾਰਕ ਰਿਸ਼ਤਿਆਂ ਵਿੱਚ ਆ ਰਹੀ ਗਿਰਾਵਟ ਅਤੇ ਵਧਦੀ ਹਿੰਸਾ ’ਤੇ ਚਿੰਤਾ ਪ੍ਰਗਟ ਕਰ ਰਹੇ ਹਨ। ਪੁਲਿਸ ਅਧਿਕਾਰੀ ਨੇ ਅਪੀਲ ਕਰਦਿਆਂ ਕਿਹਾ ਕਿ ਪਰਿਵਾਰਕ ਝਗੜਿਆਂ ਨੂੰ ਆਪਸੀ ਗੱਲਬਾਤ ਅਤੇ ਸਮਝਦਾਰੀ ਨਾਲ ਸੁਲਝਾਉਣਾ ਚਾਹੀਦਾ ਹੈ, ਕਿਉਂਕਿ ਅਜਿਹੀ ਹਿੰਸਾ ਨਾ ਸਿਰਫ਼ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਹੈ ਬਲਕਿ ਕਾਨੂੰਨ ਵਿਵਸਥਾ ਲਈ ਵੀ ਮੁਸ਼ਕਿਲ ਖੜ੍ਹੀ ਕਰਦੀ ਹੈ। ਫਿਲਹਾਲ ਪੁਲਿਸ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਦੀ ਤਿਆਰੀ ਕਰ ਰਹੀ ਹੈ।

