Modi Gen Z: ਕੈਂਪਸਾਂ ’ਚ ਜਾਓ, ਨੌਜਵਾਨਾਂ ਨਾਲ ਮਿਲੋ ਤੇ ਨੀਤੀ ਬਣਾਉਣ ਲਈ ਨਵੇਂ ਵਿਚਾਰ ਲਓ: PM Modi
Gen Z: ਪ੍ਰਧਾਨ ਮੰਤਰੀ ਨੇ ਕੇਂਦਰੀ ਸਕੱਤਰਾਂ ਨੂੰ ਯੂਨੀਵਰਸਿਟੀਆਂ ਤੇ ਨੌਜਵਾਨਾਂ ਨਾਲ ਸੰਪਰਕ ਕਰਨ ਲਈ ਕਿਹਾ
PM Modi GenZ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਰਕਾਰ ਅਤੇ GenZ ਵਿਚਾਲੇ ਦੂਰੀ ਘਟਾਉਣ ’ਤੇ ਜ਼ੋਰ ਦਿੰਦਿਆਂ ਕੇਂਦਰੀ ਸਕੱਤਰਾਂ ਨੂੰ ਯੂਨੀਵਰਸਿਟੀ ਕੈਂਪਸਾਂ ਵਿੱਚ ਜਾ ਕੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਅਤੇ ਨੀਤੀ ਬਣਾਉਣ ਲਈ ਨਵੇਂ ਵਿਚਾਰ ਹਾਸਲ ਕਰਨ ਲਈ ਕਿਹਾ।
ਕੇਂਦਰੀ ਸਕੱਤਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਮੰਤਰੀ ਨੇ ਸਰਕਾਰੀ ਵਿਭਾਗਾਂ, ਯੂਨੀਵਰਸਿਟੀਆਂ ਅਤੇ ਨੌਜਵਾਨਾਂ ਵਿਚਾਲੇ ਵੱਧ ਤੋਂ ਵੱਧ ਸੰਪਰਕ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਾਲ ਨੀਤੀ ਬਣਾਉਣ ਦੀ ਪ੍ਰਕਿਰਿਆ ਵਿੱਚ ਨਵੇਂ ਅਤੇ ਵੱਖਰੇ ਵਿਚਾਰ ਸਾਹਮਣੇ ਆ ਸਕਦੇ ਹਨ।
ਪ੍ਰਧਾਨ ਮੰਤਰੀ ਨੇ ਆਪਣੀ ਰਿਹਾਇਸ਼ ’ਤੇ ਹੋਈ ਮੀਟਿੰਗ ਦੌਰਾਨ ਕਿਹਾ ਕਿ ਯੂਨੀਵਰਸਿਟੀਆਂ ਅਤੇ ਨੌਜਵਾਨਾਂ ਨਾਲ ਵਿਆਪਕ ਪੱਧਰ ’ਤੇ ਸੰਪਰਕ ਨੀਤੀ ਬਣਾਉਣ ਲਈ ਰਵਾਇਤੀ ਸੋਚ ਤੋਂ ਹਟ ਕੇ ਵਿਚਾਰ ਲਏ ਜਾ ਸਕਦੇ ਹਨ।
ਸਰਕਾਰੀ ਵਿਭਾਗਾਂ ਵਿਚਾਲੇ ਤਾਲਮੇਲ ਵਧਾਉਣ ’ਤੇ ਜ਼ੋਰ
ਮੀਟਿੰਗ ਦੌਰਾਨ ਬੁਨਿਆਦੀ ਢਾਂਚੇ ਅਤੇ ਸੰਪਰਕ, ਸੁਰੱਖਿਆ ਅਤੇ ਵਿਦੇਸ਼ੀ ਮਾਮਲਿਆਂ ਨਾਲ ਸਬੰਧਤ ਮੰਤਰਾਲਿਆਂ ਤੇ ਵਿਭਾਗਾਂ ਦੇ ਭਵਿੱਖ ਦੇ ਕਾਰਜ ਏਜੰਡੇ ’ਤੇ ਚਰਚਾ ਕੀਤੀ ਗਈ। ਨੌਜਵਾਨਾਂ ਨਾਲ ਸੰਪਰਕ ਵਧਾਉਣ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਸਰਕਾਰੀ ਵਿਭਾਗਾਂ ਵਿਚਾਲੇ ਬਣੀਆਂ ਵੱਖ-ਵੱਖ ਹੱਦਾਂ ਨੂੰ ਖ਼ਤਮ ਕਰਨ ਅਤੇ ਗੈਰ-ਰਸਮੀ ਗੱਲਬਾਤ ਨੂੰ ਉਤਸ਼ਾਹਿਤ ਕਰਨ ਦੀ ਲੋੜ ਦੱਸੀ।
ਉਨ੍ਹਾਂ ਕਿਹਾ ਕਿ ਲੰਬੇ ਸਮੇਂ ਦੀ ਯੋਜਨਾਬੰਦੀ ਲਈ ਵਿਚਾਰਾਂ ਵਿੱਚ ਨਵੀਂ ਤਾਜ਼ਗੀ ਹੋਣਾ ਜ਼ਰੂਰੀ ਹੈ। ਮੋਦੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਆਪਣਾ ਕੰਮ ਲਗਨ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕੋਵਿਡ-19 ਮਹਾਮਾਰੀ ਅਤੇ ਪੱਛਮੀ ਏਸ਼ੀਆ ਸੰਕਟ ਦੌਰਾਨ ਦੇਸ਼ ਵੱਲੋਂ ਦਿੱਤੇ ਸਫ਼ਲ ਜਵਾਬ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਸਮੇਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਮਿਲ ਕੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕੀਤਾ ਸੀ।
ਏਆਈ ਦੀ ਵਰਤੋਂ ਕਰਨ ਲਈ ਕਿਹਾ
ਪ੍ਰਧਾਨ ਮੰਤਰੀ ਨੇ ਕੇਂਦਰੀ ਸਕੱਤਰਾਂ ਨੂੰ ਆਰਟੀਫੀਸ਼ਅਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਕਰਨ ਲਈ ਵੀ ਕਿਹਾ। ਹਾਲਾਂਕਿ ਉਨ੍ਹਾਂ ਇਸ ਦੇ ਨਾਲ ਮਨੁੱਖੀ ਫ਼ੈਸਲਾ ਲੈਣ ਦੀ ਸਮਰੱਥਾ ਨੂੰ ਬਣਾਈ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਉਦੇਸ਼ਾਂ ਲਈ ਡਾਟਾ ਇਕੱਠਾ ਕਰਨ ਅਤੇ ਇਸ ਦੇ ਪ੍ਰਬੰਧਨ ਦੇ ਤਰੀਕੇ ਵਿੱਚ ਹੱਲ ਲੱਭਣੇ ਪੈਣਗੇ। ਇਸ ਦੇ ਨਾਲ ਹੀ ਡਾਟਾ ਦੇ ਵੱਖ-ਵੱਖ ਸਿਸਟਮਾਂ ਵਿਚਾਲੇ ਬਿਹਤਰ ਤਾਲਮੇਲ ਅਤੇ ਇਸ ਦੀ ਪ੍ਰਭਾਵਸ਼ਾਲੀ ਵਰਤੋਂ ਨੂੰ ਯਕੀਨੀ ਬਣਾਉਣਾ ਹੋਵੇਗਾ।
ਰੱਖਿਆ ਖੇਤਰ ਵਿੱਚ ਖੋਜ ਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੀ ਅਪੀਲ
ਪ੍ਰਧਾਨ ਮੰਤਰੀ ਨੇ ਖੋਜ ਅਤੇ ਨਵੀਨਤਾ ’ਤੇ ਵੀ ਵੱਧ ਧਿਆਨ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਵਿੱਚ ਰੱਖਿਆ ਖੇਤਰ ਨੂੰ ਵੀ ਸ਼ਾਮਲ ਕੀਤਾ ਗਿਆ। ਉਨ੍ਹਾਂ ਭਾਰਤ ਦੀ ਰੱਖਿਆ ਅਤੇ ਸਮੁੰਦਰੀ ਉਦਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਵਿਸ਼ਵ ਪੱਧਰ ’ਤੇ ਇਸ ਨੂੰ ਵਧੇਰੇ ਮੁਕਾਬਲੇਯੋਗ ਬਣਾਉਣ ਦੀ ਲੋੜ ਦੱਸੀ। ਉਨ੍ਹਾਂ ਰੱਖਿਆ ਖੇਤਰ ਵਿੱਚ ਨਵੀਨਤਮ ਅਤੇ ਰਚਨਾਤਮਕ ਕੋਰਸ ਵਿਕਸਤ ਕਰਨ ਅਤੇ ਇਸ ਖੇਤਰ ਵਿੱਚ ਮਨੁੱਖੀ ਸਰੋਤਾਂ ਦੇ ਵਿਕਾਸ ਨੂੰ ਹੋਰ ਮਜ਼ਬੂਤ ਕਰਨ ’ਤੇ ਵੀ ਜ਼ੋਰ ਦਿੱਤਾ।

