Middle East conflict: IndiGo ਦੀ Delhi ਤੋਂ Manchester ਗਈ ਉਡਾਣ ਅੱਧੇ ਰਸਤੇ ਤੋਂ ਪਰਤੀ
London-Mumbai ਉਡਾਣ ਦਾ ਰਸਤਾ ਬਦਲਿਆ; ਯਾਤਰੀ Cairo ਵਿੱਚ ਫਸੇ
ਇੰਡੀਗੋ ਦੀਆਂ ਦੋ ਅੰਤਰਰਾਸ਼ਟਰੀ ਉਡਾਣਾਂ ਨੂੰ ਅੱਜ ਹਵਾਈ ਖੇਤਰ (Airspace) ਦੀਆਂ ਅਚਾਨਕ ਲੱਗੀਆਂ ਪਾਬੰਦੀਆਂ ਕਾਰਨ ਇਨ੍ਹਾਂ ਵਿਚਲੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦਿੱਲੀ ਤੋਂ ਮਾਨਚੈਸਟਰ ਜਾ ਰਹੀ ਫਲਾਈਟ ਨੂੰ ਅੱਧ ਵਿਚਕਾਰੋਂ ਵਾਪਸ ਦਿੱਲੀ ਮੁੜਨਾ ਪਿਆ, ਜਦਕਿ ਲੰਡਨ ਤੋਂ ਮੁੰਬਈ ਆ ਰਹੀ ਫਲਾਈਟ ਨੂੰ ਮਿਸਰ ਦੇ ਸ਼ਹਿਰ ਕਾਹਿਰਾ (Cairo) ਵੱਲ ਮੋੜ ਦਿੱਤਾ ਗਿਆ। ਇਹ ਸਭ ਅਫਰੀਕੀ ਦੇਸ਼ ਇਰੀਟਰੀਆ (Eritrea) ਦੇ ਹਵਾਈ ਖੇਤਰ ਵਿੱਚ ਪ੍ਰਵੇਸ਼ ਕਰਨ ਦੀ ਇਜਾਜ਼ਤ ਨਾ ਮਿਲਣ ਕਾਰਨ ਹੋਇਆ।
ਦਿੱਲੀ ਤੋਂ ਮਾਨਚੈਸਟਰ ਲਈ ਰਵਾਨਾ ਹੋਈ ਫਲਾਈਟ (6E 033) ਲਗਪਗ 6 ਘੰਟੇ ਉੱਡਣ ਤੋਂ ਬਾਅਦ ਵਾਪਸ ਮੁੜੀ। ਜਦੋਂ ਇਹ ਜਹਾਜ਼ ਦਿੱਲੀ ਵਾਪਸ ਉਤਰਿਆ, ਤਾਂ ਯਾਤਰੀ ਲਗਪਗ 12 ਘੰਟੇ ਹਵਾ ਵਿੱਚ ਬਿਤਾ ਚੁੱਕੇ ਸਨ। ਇੰਡੀਗੋ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ ਅਤੇ ਇਰੀਟਰੀਆ ਅਧਿਕਾਰੀਆਂ ਨਾਲ ਜੁੜੀਆਂ ਆਖਰੀ ਮਿੰਟ ਦੀਆਂ ਪਾਬੰਦੀਆਂ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਇਹ ਫੈਸਲਾ ਲੈਣਾ ਪਿਆ।
ਇੱਕ ਹੋਰ ਮਾਮਲੇ ਵਿੱਚ ਲੰਡਨ ਹੀਥਰੋ ਤੋਂ ਮੁੰਬਈ ਆ ਰਹੀ ਉਡਾਣ (6E 2) ਨੂੰ ਕਾਹਿਰਾ ਵੱਲ ਮੋੜ ਦਿੱਤਾ ਗਿਆ। ਇਹ ਮਾਮਲਾ ਵੀ ਇਰੀਟਰੀਆ ਦੇ ਹਵਾਈ ਖੇਤਰ ਦੀ ਮਨਜ਼ੂਰੀ ਨਾਲ ਜੁੜਿਆ ਹੋਇਆ ਹੈ। ਕਾਹਿਰਾ ਵਿੱਚ ਉਤਰਨ ਤੋਂ ਬਾਅਦ, ਕਰਿਊ ਮੈਂਬਰਾਂ ਦੇ ਕੰਮ ਕਰਨ ਦੇ ਘੰਟੇ (Duty Time) ਪੂਰੇ ਹੋਣ ਕਾਰਨ ਜਹਾਜ਼ ਅੱਗੇ ਰਵਾਨਾ ਨਹੀਂ ਹੋ ਸਕਿਆ। ਏਅਰਲਾਈਨ ਹੁਣ ਯਾਤਰੀਆਂ ਲਈ ਵੀਜ਼ਾ ਅਤੇ ਹੋਟਲ ਦਾ ਪ੍ਰਬੰਧ ਕਰ ਰਹੀ ਹੈ, ਅਤੇ ਉਮੀਦ ਹੈ ਕਿ ਇਹ ਉਡਾਣ ਮੰਗਲਵਾਰ ਨੂੰ ਮੁੰਬਈ ਪਹੁੰਚੇਗੀ।
ਅਫਰੀਕਾ ਵਾਲਾ ਲੰਬਾ ਰਸਤਾ ਲੈਣ ਦੀ ਮਜਬੂਰੀ
ਮੱਧ ਪੂਰਬ (Middle East) ਵਿੱਚ ਚੱਲ ਰਹੇ ਟਕਰਾਅ ਕਾਰਨ ਯੂਰਪੀਅਨ ਯੂਨੀਅਨ ਏਵੀਏਸ਼ਨ ਸੇਫਟੀ ਏਜੰਸੀ (EASA) ਨੇ ਸਾਊਦੀ ਅਰਬ ਸਮੇਤ ਕਈ ਦੇਸ਼ਾਂ ਦੇ ਹਵਾਈ ਖੇਤਰ ਦੀ ਵਰਤੋਂ 'ਤੇ ਰੋਕ ਲਗਾਈ ਹੋਈ ਹੈ। ਇਸ ਕਾਰਨ ਇੰਡੀਗੋ ਨੂੰ ਯੂਰਪ ਜਾਣ ਲਈ ਅਰਬ ਸਾਗਰ, ਇਥੋਪੀਆ, ਇਰੀਟਰੀਆ ਅਤੇ ਮਿਸਰ ਰਾਹੀਂ ਅਫਰੀਕਾ ਵਾਲਾ ਲੰਬਾ ਰਸਤਾ ਅਪਣਾਉਣਾ ਪੈ ਰਿਹਾ ਹੈ ਪਰ ਇਨ੍ਹਾਂ ਦੇਸ਼ਾਂ ਤੋਂ ਅਚਾਨਕ ਮਨਜ਼ੂਰੀ ਨਾ ਮਿਲਣ ਕਾਰਨ ਉਡਾਣਾਂ ਦੇ ਸਮੇਂ ਅਤੇ ਰਸਤੇ ਵਿੱਚ ਵੱਡੀਆਂ ਤਬਦੀਲੀਆਂ ਆ ਰਹੀਆਂ ਹਨ।

