DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Mahadev App Kingpin: ਓਮਾਨ ਤੋਂ ਭਾਰਤ ਲਿਆਂਦਾ ਮਹਾਦੇਵ ਐਪ ਸੱਟੇਬਾਜ਼ੀ ਮਾਮਲੇ ਦਾ ਮੁੱਖ ਮੁਲਜ਼ਮ ਸੌਰਭ ਚੰਦਰਾਕਰ

ਸੀਬੀਆਈ ਨੇ ਹੋਰ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਹਵਾਲਗੀ ਕਰਵਾਈ; ਰਾਏਪੁਰ ਦੀ ਵਿਸ਼ੇਸ਼ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼; ਕ੍ਰਿਕਟ, ਫੁਟਬਾਲ ਤੇ ਤਾਸ਼ ਦੀਆਂ ਖੇਡਾਂ ’ਤੇ ਲੱਗਦਾ ਸੀ ਗ਼ੈਰਕਾਨੂੰਨੀ ਸੱਟਾ; ਸਰਕਾਰੀ ਮੁਲਾਜ਼ਮਾਂ ਨੂੰ ਰਿਸ਼ਵਤ ਦੇਣ ਦੇ ਵੀ ਦੋਸ਼

  • fb
  • twitter
  • whatsapp
  • whatsapp
Advertisement

Mahadev App Kingpin: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਹੋਰ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਮਹਾਦੇਵ ਐਪ ਰਾਹੀਂ ਚਲਾਏ ਜਾ ਰਹੇ ਗ਼ੈਰਕਾਨੂੰਨੀ ਸੱਟੇਬਾਜ਼ੀ ਗਰੋਹ ਦੇ ਪ੍ਰਮੋਟਰ ਸੌਰਭ ਚੰਦਰਾਕਰ ਨੂੰ ਓਮਾਨ ਤੋਂ ਭਾਰਤ ਲਿਆਂਦਾ। ਸੀਬੀਆਈ ਦੀ ਵਿਸ਼ੇਸ਼ ਟੀਮ ਉਸ ਨੂੰ ਓਮਾਨ ਤੋਂ ਭਾਰਤ ਲੈ ਕੇ ਆਈ ਹੈ। ਹੁਣ ਉਸ ਨੂੰ ਰਾਏਪੁਰ ਦੀ ਸੀਬੀਆਈ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਚੰਦਰਾਕਰ ਸੀਬੀਆਈ ਦੇ ਦੋ ਮਾਮਲਿਆਂ ਵਿੱਚ ਲੋੜੀਂਦਾ ਹੈ, ਜਿਨ੍ਹਾਂ ਵਿੱਚ ਦੋਸ਼ ਪੱਤਰ ਦਾਖ਼ਲ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਇਕ ਮਾਮਲੇ ਵਿੱਚ ਵੀ ਮੁਲਜ਼ਮ ਹੈ, ਜਿਸ ਵਿੱਚ ਇਸਤਗਾਸਾ ਸ਼ਿਕਾਇਤ ਦਾਇਰ ਕੀਤੀ ਗਈ ਹੈ।

Advertisement

ਸੀਬੀਆਈ ਨੇ ਕਿਹਾ ਕਿ ਇਹ ਹਵਾਲਗੀ ਭਾਰਤ ਵੱਲੋਂ ਵਿਦੇਸ਼ਾਂ ਵਿੱਚ ਬੈਠ ਕੇ ਭਾਰਤੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅੰਤਰਰਾਸ਼ਟਰੀ ਅਪਰਾਧਕ ਗਰੋਹਾਂ ਦੇ ਭਗੌੜਿਆਂ ਨੂੰ ਵਾਪਸ ਲਿਆਉਣ ਅਤੇ ਉਨ੍ਹਾਂ ਨੂੰ ਭਾਰਤੀ ਕਾਨੂੰਨ ਅਨੁਸਾਰ ਕਾਰਵਾਈ ਦਾ ਸਾਹਮਣਾ ਕਰਵਾਉਣ ਦੀਆਂ ਕੋਸ਼ਿਸ਼ਾਂ ਵਿੱਚ ਅਹਿਮ ਕਦਮ ਹੈ।

Advertisement

ਦੇਸ਼ ਭਰ ਵਿੱਚ ਫੈਲਿਆ ਹੋਇਆ ਸੀ ਸੱਟੇਬਾਜ਼ੀ ਦਾ ਜਾਲ

ਛੱਤੀਸਗੜ੍ਹ ਸਰਕਾਰ ਦੀ ਅਪੀਲ ’ਤੇ ਸੀਬੀਆਈ ਨੇ ਮਹਾਦੇਵ ਆਨਲਾਈਨ ਬੁੱਕ ਨਾਲ ਜੁੜੇ ਮਾਮਲਿਆਂ ਦੀ ਜਾਂਚ ਆਪਣੇ ਹੱਥ ਵਿੱਚ ਲਈ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮਹਾਦੇਵ ਆਨਲਾਈਨ ਬੁੱਕ ਦੇਸ਼ ਦੇ ਸਭ ਤੋਂ ਵੱਡੇ ਗ਼ੈਰਕਾਨੂੰਨੀ ਆਨਲਾਈਨ ਸੱਟੇਬਾਜ਼ੀ ਗਰੋਹਾਂ ਵਿੱਚੋਂ ਇਕ ਸੀ, ਜਿਸ ਨੂੰ ਭਾਰਤ ਤੋਂ ਬਾਹਰ ਬੈਠ ਕੇ ਚਲਾਇਆ ਜਾ ਰਿਹਾ ਸੀ।

ਇਸ ਗਰੋਹ ਵੱਲੋਂ ਕ੍ਰਿਕਟ, ਫੁਟਬਾਲ, ਤਾਸ਼ ਦੀਆਂ ਖੇਡਾਂ ਅਤੇ ਹੋਰ ਮੁਕਾਬਲਿਆਂ ’ਤੇ ਗ਼ੈਰਕਾਨੂੰਨੀ ਸੱਟਾ ਲਗਵਾਇਆ ਜਾਂਦਾ ਸੀ। ਇਸ ਲਈ ਦੇਸ਼ ਭਰ ਵਿੱਚ ਫਰੈਂਚਾਇਜ਼ੀ ਆਧਾਰ ’ਤੇ ਕਈ ਪੈਨਲ ਅਤੇ ਸ਼ਾਖਾਵਾਂ ਬਣਾਈਆਂ ਗਈਆਂ ਸਨ, ਜੋ ਲੋਕਾਂ ਨੂੰ ਆਪਣੇ ਨਾਲ ਜੋੜਦੀਆਂ ਅਤੇ ਉਨ੍ਹਾਂ ਤੋਂ ਸੱਟੇ ਦੀ ਰਕਮ ਇਕੱਠੀ ਕਰਦੀਆਂ ਸਨ।

ਜਾਂਚ ਮੁਤਾਬਕ ਸੱਟੇਬਾਜ਼ੀ ਤੋਂ ਹਾਸਲ ਪੈਸਾ ਵੱਡੀ ਗਿਣਤੀ ਵਿੱਚ ਦੂਜਿਆਂ ਦੇ ਨਾਂ ’ਤੇ ਖੋਲ੍ਹੇ ਗਏ ਬੈਂਕ ਖਾਤਿਆਂ ਰਾਹੀਂ ਘੁਮਾਇਆ ਜਾਂਦਾ ਸੀ। ਕਈ ਲੈਣ-ਦੇਣ ਕਰਨ ਮਗਰੋਂ ਇਹ ਰਕਮ ਹਵਾਲਾ ਚੈਨਲਾਂ ਰਾਹੀਂ ਵਿਦੇਸ਼ ਭੇਜੀ ਜਾਂਦੀ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਗਰੋਹ ਨੂੰ ਬਿਨਾਂ ਰੁਕਾਵਟ ਚਲਾਉਣ ਲਈ ਸਰਕਾਰੀ ਮੁਲਾਜ਼ਮਾਂ ਨੂੰ ਰਿਸ਼ਵਤ ਵਜੋਂ ਪੈਸੇ ਦਿੱਤੇ ਜਾਂਦੇ ਸਨ।

ਸੀਬੀਆਈ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ, 1988 ਅਤੇ ਭਾਰਤੀ ਦੰਡਾਵਲੀ ਦੀਆਂ ਅਪਰਾਧਕ ਸਾਜ਼ਿਸ਼, ਧੋਖਾਧੜੀ ਤੇ ਜਾਅਲਸਾਜ਼ੀ ਨਾਲ ਸਬੰਧਤ ਧਾਰਾਵਾਂ ਦੇ ਨਾਲ-ਨਾਲ ਛੱਤੀਸਗੜ੍ਹ ਜੂਆ (ਪਾਬੰਦੀ) ਕਾਨੂੰਨ ਤਹਿਤ ਦੋਸ਼ ਪੱਤਰ ਦਾਖ਼ਲ ਕੀਤੇ ਹਨ। ਸੌਰਭ ਚੰਦਰਾਕਰ ਇਨ੍ਹਾਂ ਦੋਸ਼ ਪੱਤਰਾਂ ਵਿੱਚ ਨਾਮਜ਼ਦ ਮੁੱਖ ਮੁਲਜ਼ਮਾਂ ਵਿੱਚ ਸ਼ਾਮਲ ਹੈ। ਈਡੀ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਉਸ ਦੀਆਂ ਕਈ ਜਾਇਦਾਦਾਂ ਵੀ ਕੁਰਕ ਕੀਤੀਆਂ ਹਨ।

ਰੈੱਡ ਕਾਰਨਰ ਨੋਟਿਸ ਦੇ ਆਧਾਰ ’ਤੇ ਹੋਈ ਸੀ ਗ੍ਰਿਫ਼ਤਾਰੀ

ਚੰਦਰਾਕਰ ਖ਼ਿਲਾਫ਼ ਜਾਰੀ ਰੈੱਡ ਕਾਰਨਰ ਨੋਟਿਸ ਦੇ ਆਧਾਰ ’ਤੇ ਉਸ ਦਾ ਪਤਾ ਲਗਾਇਆ ਗਿਆ ਅਤੇ ਓਮਾਨ ਦੀ ਰੌਇਲ ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਬਾਅਦ ਸੀਬੀਆਈ ਅਤੇ ਈਡੀ ਨੇ ਉਸ ਖ਼ਿਲਾਫ਼ ਇਕੱਠੇ ਕੀਤੇ ਸਬੂਤਾਂ ਸਮੇਤ ਓਮਾਨ ਨੂੰ ਹਵਾਲਗੀ ਦੀਆਂ ਰਸਮੀ ਬੇਨਤੀਆਂ ਭੇਜੀਆਂ।

ਭਾਰਤ ਸਰਕਾਰ ਦੀਆਂ ਵੱਖ-ਵੱਖ ਏਜੰਸੀਆਂ ਅਤੇ ਇੰਟਰਪੋਲ ਦੇ ਨੈਸ਼ਨਲ ਸੈਂਟਰਲ ਬਿਊਰੋ ਨਾਲ ਤਾਲਮੇਲ ਕਰਕੇ ਹਵਾਲਗੀ ਦੀ ਮੰਗ ਅੱਗੇ ਵਧਾਈ ਗਈ। ਓਮਾਨ ਦੇ ਸਬੰਧਤ ਅਧਿਕਾਰੀਆਂ ਦੇ ਸਹਿਯੋਗ ਨਾਲ ਹਵਾਲਗੀ ਮਨਜ਼ੂਰ ਹੋਣ ਮਗਰੋਂ ਸੀਬੀਆਈ ਦੀ ਟੀਮ ਮਸਕਟ ਗਈ ਅਤੇ ਚੰਦਰਾਕਰ ਨੂੰ ਭਾਰਤ ਲੈ ਕੇ ਆਈ।

ਸੀਬੀਆਈ ਨੇ ਓਮਾਨ ਸਰਕਾਰ ਅਤੇ ਉੱਥੋਂ ਦੀ ਰੌਇਲ ਪੁਲੀਸ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਹੈ। ਏਜੰਸੀ ਮੁਤਾਬਕ ਇਹ ਸਹਿਯੋਗ ਦੋਵਾਂ ਦੇਸ਼ਾਂ ਦੇ ਦੋਸਤਾਨਾ ਸਬੰਧਾਂ ਅਤੇ ਸਰਹੱਦ ਪਾਰ ਸੰਗਠਿਤ ਅਪਰਾਧ ਨਾਲ ਨਜਿੱਠਣ ਦੇ ਸਾਂਝੇ ਇਰਾਦੇ ਨੂੰ ਦਰਸਾਉਂਦਾ ਹੈ।

ਮੁਲਜ਼ਮ ਦਾ ਪਹਿਲਾਂ ਡਾਕਟਰੀ ਮੁਆਇਨਾ ਕਰਵਾਇਆ ਜਾਵੇਗਾ ਅਤੇ ਟਰਾਂਜ਼ਿਟ ਰਿਮਾਂਡ ਹਾਸਲ ਕਰਨ ਮਗਰੋਂ ਉਸ ਨੂੰ ਰਾਏਪੁਰ ਲਿਜਾਇਆ ਜਾਵੇਗਾ। ਉਸ ਨੂੰ ਸੋਮਵਾਰ ਨੂੰ ਰਾਏਪੁਰ ਦੀ ਸੀਬੀਆਈ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Advertisement
×