DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Karnaprayag Nihang Sikhs Granted Bail: ਉੱਤਰਾਖੰਡ: ਚਾਰ ਨਿਹੰਗ ਸਿੰਘਾਂ ਨੂੰ ਜ਼ਮਾਨਤ ਮਿਲੀ

ਅਦਾਲਤ ਨੇ 50-50 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ’ਤੇ ਰਿਹਾਈ ਦੇ ਦਿੱਤੇ ਹੁਕਮ

  • fb
  • twitter
  • whatsapp
  • whatsapp
Advertisement

Hemkund Sahib News: ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ 16 ਜੂਨ ਨੂੰ ਕਰਨਪ੍ਰਯਾਗ ਵਿੱਚ ਹਿੰਸਕ ਝੜਪ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਚਾਰ ਨਿਹੰਗ ਸਿੰਘਾਂ ਨੂੰ ਅੱਜ ਸ਼ਨਿਚਰਵਾਰ ਨੂੰ ਜ਼ਮਾਨਤ ਦੇ ਦਿੱਤੀ।

ਜ਼ਿਲ੍ਹਾ ਅਤੇ ਸੈਸ਼ਨ ਜੱਜ ਬਿੰਧਿਆਚਲ ਸਿੰਘ ਨੇ ਸਤਵਿੰਦਰ ਸਿੰਘ, ਅਜੈ ਸਿੰਘ, ਜਸਨਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਦੀਆਂ ਜ਼ਮਾਨਤ ਅਰਜ਼ੀਆਂ ਮਨਜ਼ੂਰ ਕਰਦਿਆਂ ਹਰੇਕ ਨੂੰ 50 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ਅਤੇ ਇੰਨੀ ਹੀ ਰਕਮ ਦੀਆਂ ਦੋ ਜ਼ਮਾਨਤਾਂ 'ਤੇ ਰਿਹਾਅ ਕਰਨ ਦੇ ਹੁਕਮ ਦਿੱਤੇ।

Advertisement

ਇਨ੍ਹਾਂ ਚਾਰ ਜਣਿਆਂ ਖ਼ਿਲਾਫ਼ ਕਰਨਪ੍ਰਯਾਗ ਥਾਣੇ ਵਿੱਚ ਭਾਰਤੀ ਨਿਆਂ ਸੰਹਿਤਾ ਅਤੇ ਅਸਲਾ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਸੀ।

Advertisement

ਦੱਸਣਾ ਬਣਦਾ ਹੈ ਕਿ 16 ਜੂਨ ਨੂੰ ਕਰਨਪ੍ਰਯਾਗ ਵਿੱਚ ਸਥਾਨਕ ਲੋਕਾਂ ਅਤੇ ਨਿਹੰਗ ਸਿੰਘਾਂ ਵਿਚਾਲੇ ਛੋਟੀ ਜਿਹੀ ਗੱਲ ਤੋਂ ਵਿਵਾਦ ਵੱਧ ਗਿਆ ਸੀ। ਇਸ ਹਮਲੇ ਵਿਚ ਕੁਝ ਲੋਕ ਜ਼ਖ਼ਮੀ ਹੋ ਗਏ ਸਨ। ਇਸ ਘਟਨਾ ਵਿੱਚ ਇੱਕ ਨਿਹੰਗ ਸਿੰਘ ਵੀ ਜ਼ਖ਼ਮੀ ਹੋਇਆ ਸੀ। ਬਾਅਦ ਵਿੱਚ ਪੁਲੀਸ ਨੇ ਮਾਮਲਾ ਦਰਜ ਕਰਕੇ ਚਾਰ ਨਿਹੰਗ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਨੇ ਦਲੀਲ ਦਿੱਤੀ ਕਿ ਚਾਰਾਂ ਜਣਿਆਂ ਨੂੰ ਝੂਠੇ ਮਾਮਲੇ ਵਿੱਚ ਫਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਨਿਹੰਗ ਸਿੰਘ ਧਾਰਮਿਕ ਯਾਤਰਾ 'ਤੇ ਸਨ, ਜਦੋਂ ਕਈ ਸਥਾਨਕ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਮਨਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਦੂਜੇ ਪਾਸੇ ਸਰਕਾਰੀ ਪੱਖ ਨੇ ਜ਼ਮਾਨਤ ਦਾ ਵਿਰੋਧ ਕਰਦਿਆਂ ਕਿਹਾ ਕਿ ਦੋਸ਼ ਗੰਭੀਰ ਹਨ ਅਤੇ ਮੁਲਜ਼ਮਾਂ ਦੀ ਰਿਹਾਈ ਨਾਲ ਸਬੂਤਾਂ ਨਾਲ ਛੇੜਛਾੜ ਹੋ ਸਕਦੀ ਹੈ। ਸਰਕਾਰੀ ਵਕੀਲ ਨੇ ਦੱਸਿਆ ਕਿ ਸੜਕ ਹਾਦਸੇ ਤੋਂ ਬਾਅਦ ਹੋਏ ਵਿਵਾਦ ਨੇ ਹਿੰਸਕ ਰੂਪ ਧਾਰ ਲਿਆ ਸੀ ਅਤੇ ਜਾਂਚ ਦੌਰਾਨ ਪੁਲੀਸ ਨੇ ਕੇਸ ਦੀਆਂ ਧਾਰਾਵਾਂ ਵਿੱਚ ਵੀ ਤਬਦੀਲੀ ਕੀਤੀ ਹੈ।

ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਪਹਿਲੀ ਨਜ਼ਰ ਵਿੱਚ ਇਹ ਘਟਨਾ ਪੁਰਾਣੀ ਦੁਸ਼ਮਣੀ ਦੀ ਬਜਾਏ ਸੜਕ 'ਤੇ ਅਚਾਨਕ ਹੋਏ ਵਿਵਾਦ ਦਾ ਨਤੀਜਾ ਲੱਗਦੀ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਨਿਹੰਗ ਸਿੰਘਾਂ ਖ਼ਿਲਾਫ਼ ਲੱਗੀਆਂ ਧਾਰਾਵਾਂ ਵਿੱਚ ਵੱਧ ਤੋਂ ਵੱਧ ਸੱਤ ਸਾਲ ਦੀ ਸਜ਼ਾ ਦਾ ਪ੍ਰਬੰਧ ਹੈ।

ਅਦਾਲਤ ਨੇ ਹੋਰ ਟਿੱਪਣੀ ਕੀਤੇ ਬਿਨਾਂ ਕਿਹਾ ਕਿ ਚਾਰਾਂ ਮੁਲਜ਼ਮਾਂ ਨੂੰ ਜ਼ਮਾਨਤ ਦੇਣ ਲਈ ਯੋਗ ਆਧਾਰ ਮੌਜੂਦ ਹਨ। ਅਦਾਲਤ ਨੇ ਲੋੜੀਂਦੀਆਂ ਜ਼ਮਾਨਤਾਂ ਜਮ੍ਹਾਂ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਅਤੇ ਇਸ ਸਬੰਧੀ ਹੁਕਮ ਦੀ ਕਾਪੀ ਤੁਰੰਤ ਚਮੋਲੀ ਜ਼ਿਲ੍ਹਾ ਜੇਲ੍ਹ ਨੂੰ ਭੇਜਣ ਲਈ ਕਿਹਾ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚਾਰ ਨਿਹੰਗ ਸਿੰਘਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਰੁਦਰਪ੍ਰਯਾਗ ਜ਼ਿਲ੍ਹੇ ਦੇ ਨਗਰਾਸੂ ਗੁਰਦੁਆਰੇ ਵਿੱਚ ਤਣਾਅਪੂਰਨ ਸਥਿਤੀ ਬਣ ਗਈ ਸੀ। ਸਿੱਖ ਪ੍ਰਤੀਨਿਧ ਮੰਡਲ ਦੀ ਦਖ਼ਲਅੰਦਾਜ਼ੀ ਤੋਂ ਬਾਅਦ 23 ਜੂਨ ਨੂੰ ਤਿੰਨ ਦਿਨਾਂ ਤੋਂ ਚੱਲ ਰਿਹਾ ਇਹ ਧਰਨਾ ਖ਼ਤਮ ਹੋ ਗਿਆ ਸੀ।

ਇਸ ਤੋਂ ਬਾਅਦ 25 ਜੂਨ ਦੀ ਰਾਤ ਨੂੰ ਨਿਹੰਗ ਸਿੰਘਾਂ ਦਾ ਇੱਕ ਜਥਾ ਹਿਮਾਚਲ ਪ੍ਰਦੇਸ਼ ਨਾਲ ਲੱਗਦੀ ਦੇਹਰਾਦੂਨ ਜ਼ਿਲ੍ਹੇ ਦੀ ਕੁਲਹਾਲ ਬਾਰਡਰ ਰਾਹੀਂ ਉੱਤਰਾਖੰਡ ਵਿੱਚ ਦਾਖ਼ਲ ਹੋ ਗਿਆ ਸੀ। ਉਹ ਗ੍ਰਿਫ਼ਤਾਰ ਨਿਹੰਗ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਸਨ।

ਅਧਿਕਾਰੀਆਂ ਨੇ ਉਨ੍ਹਾਂ ਨੂੰ ਸਮਝਾ ਕੇ ਵਾਪਸ ਪਾਉਂਟਾ ਸਾਹਿਬ ਭੇਜ ਦਿੱਤਾ ਸੀ। ਉਸ ਵੇਲੇ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਸੀ ਕਿ ਗ੍ਰਿਫ਼ਤਾਰ ਨਿਹੰਗ ਸਿੰਘਾਂ ਦੀ ਰਿਹਾਈ ਸਿਰਫ਼ ਅਦਾਲਤ ਦੇ ਹੁਕਮਾਂ 'ਤੇ ਹੀ ਸੰਭਵ ਹੈ ਅਤੇ ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਹੀ ਸਾਰੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਕੇ ਉਨ੍ਹਾਂ ਨੂੰ ਉੱਤਰਾਖੰਡ ਤੋਂ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।

Advertisement
×