ਕਪੂਰਥਲਾ ਦੀ ਸਵਲੀਨ ਥਡਾਨੀ ਨੇ ਕੌਮੀ ਮੰਚ ’ਤੇ ਚਮਕਾਇਆ ਪੰਜਾਬ ਦਾ ਨਾਂ, ਏਸ਼ੀਆ ਕੱਪ ਬ੍ਰਿਜ ਟੂਰਨਾਮੈਂਟ ’ਚ ਜਿੱਤਿਆ ਚਾਂਦੀ ਦਾ ਤਗ਼ਮਾ
ਭਾਰਤ ਦੀ ਝੋਲੀ ਪਏ ਦੋ ਚਾਂਦੀ ਦੇ ਤਗ਼ਮੇ; ਸਵਲੀਨ ਅਤੇ ਸਾਧਨਾ ਦੀ ਜੋੜੀ ਨੇ 519.11 ਅੰਕਾਂ ਨਾਲ ਮਾਰੀ ਬਾਜ਼ੀ, ਪੂਰਬੀ ਏਸ਼ੀਆਈ ਦੇਸ਼ਾਂ ਦੇ ਦਬਦਬੇ ਨੂੰ ਦਿੱਤੀ ਮਾਤ
ਕਪੂਰਥਲਾ ਦੀ ਜੰਮਪਲ ਸਵਲੀਨ ਥਡਾਨੀ (50) ਨੇ ਗੋਆ ਵਿਖੇ ਕਰਵਾਏ ਗਏ ਵੱਕਾਰੀ 7-ਰੋਜ਼ਾ ਏਸ਼ੀਆ ਕੱਪ ਬ੍ਰਿਜ ਟੂਰਨਾਮੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ ਅਤੇ ਪੂਰੇ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਬ੍ਰਿਜ ਫੈਡਰੇਸ਼ਨ ਆਫ਼ ਇੰਡੀਆ ਵੱਲੋਂ 21 ਤੋਂ 27 ਜੂਨ ਤੱਕ ਗੋਆ ਵਿੱਚ ਕਰਵਾਈ ਗਈ ਇਸ ‘ਏਸ਼ੀਆ ਕੱਪ ਬ੍ਰਿਜ ਚੈਂਪੀਅਨਸ਼ਿਪ 2026’ ਵਿੱਚ ਭਾਰਤ, ਚੀਨ, ਜਾਪਾਨ, ਸਿੰਗਾਪੁਰ, ਦੱਖਣੀ ਕੋਰੀਆ, ਅਤੇ ਆਸਟਰੇਲੀਆ 13 ਦੇਸ਼ਾਂ ਦੀਆਂ ਲਗਭਗ 46 ਟੀਮਾਂ ਨੇ ਹਿੱਸਾ ਲਿਆ ਸੀ।
ਇਸ ਵੱਕਾਰੀ ਮੁਕਾਬਲੇ ਦੇ ‘ਵੂਮੈਨ ਪੇਅਰਜ਼’ (ਮਹਿਲਾ ਜੋੜੀ) ਈਵੈਂਟ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਸਵਲੀਨ ਥਡਾਨੀ ਅਤੇ ਸਾਧਨਾ ਗੁਪਤਾ ਦੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 519.11 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ ਅਤੇ ਚਾਂਦੀ ਦਾ ਤਗ਼ਮਾ ਆਪਣੀ ਝੋਲੀ ਪਾਇਆ। ਭਾਰਤੀ ਟੀਮ ਦੀ ਇਸ ਜਿੱਤ ਨੂੰ ਇੱਕ ਵੱਡੀ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ, ਕਿਉਂਕਿ ਭਾਰਤੀ ਖਿਡਾਰੀਆਂ ਨੇ ਬ੍ਰਿਜ ਖੇਡ ਵਿੱਚ ਦਬਦਬਾ ਰੱਖਣ ਵਾਲੇ ਪੂਰਬੀ ਏਸ਼ੀਆਈ ਦੇਸ਼ਾਂ ਦੇ ਮੁਕਾਬਲੇਬਾਜ਼ਾਂ ਨੂੰ ਪਛਾੜ ਕੇ ਪੋਡੀਅਮ ’ਤੇ ਜਗ੍ਹਾ ਬਣਾਈ ਹੈ।
ਸਵਲੀਨ ਦੇ ਕਪੂਰਥਲਾ ਰਹਿੰਦੇ ਪਿਤਾ ਚਰਨਜੀਤ ਕੋਚਰ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ, “ਇਹ ਸਾਡੇ ਪੂਰੇ ਪਰਿਵਾਰ ਲਈ ਬਹੁਤ ਮਾਣ ਵਾਲਾ ਪਲ ਹੈ। ਸਵਲੀਨ ਬਚਪਨ ਤੋਂ ਹੀ ਪੜ੍ਹਾਈ ਵਿੱਚ ਹੁਸ਼ਿਆਰ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਬ੍ਰਿਜ ਖੇਡ ਰਹੀ ਹੈ। ਇਸ ਖੇਡ ਦੀਆਂ ਬਾਰੀਕੀਆਂ ਨੂੰ ਸਿੱਖਣ ਅਤੇ ਇਸ ਵਿੱਚ ਮਾਹਰ ਹੋਣ ਲਈ ਉਸ ਨੂੰ 8 ਸਾਲ ਦੀ ਸਖ਼ਤ ਮਿਹਨਤ ਕਰਨੀ ਪਈ।" ਉਨ੍ਹਾਂ ਦੱਸਿਆ ਕਿ ਇਹ ਖੇਡ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ ਕਿਉਂਕਿ ਇਸ ਲਈ ਅਸਾਧਾਰਨ ਸਬਰ, ਅਨੁਸ਼ਾਸਨ ਅਤੇ ਰਣਨੀਤਕ ਸੋਚ ਦੀ ਲੋੜ ਹੁੰਦੀ ਹੈ। ਟੂਰਨਾਮੈਂਟ ਦੌਰਾਨ ਖਿਡਾਰੀਆਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਲਗਾਤਾਰ 56 ਗੇਮਾਂ ਖੇਡਣੀਆਂ ਪੈਂਦੀਆਂ ਸਨ, ਜਿਸ ਨੂੰ ਸਵਲੀਨ ਨੇ ਪੂਰੀ ਲਗਨ ਨਾਲ ਨਿਭਾਇਆ।
ਕਪੂਰਥਲਾ ਵਿੱਚ ਜੰਮੀ-ਪਲੀ ਸਵਲੀਨ ਨੇ ਆਪਣੀ ਸਕੂਲੀ ਸਿੱਖਿਆ ਵੈਲਹਮ ਗਰਲਜ਼ ਸਕੂਲ (ਦੇਹਰਾਦੂਨ) ਤੋਂ ਹਾਸਲ ਕੀਤੀ ਅਤੇ ਉਚੇਰੀ ਸਿੱਖਿਆ ਚੰਡੀਗੜ੍ਹ ਤੋਂ ਪੂਰੀ ਕੀਤੀ। ਸਵਲੀਨ ਦੇ ਸਹੁਰੇ ਪਰਿਵਾਰ ਵਿੱਚ ਉਨ੍ਹਾਂ ਦੇ ਸਹੁਰਾ ਸਾਹਿਬ ਬ੍ਰਿਗੇਡੀਅਰ ਸਨ ਅਤੇ ਦਿੱਲੀ ਦੇ ਜਿਮਖਾਨਾ ਕਲੱਬ ਦੀ ਮੈਂਬਰਸ਼ਿਪ ਦੌਰਾਨ ਹੀ ਸਵਲੀਨ ਨੇ ਪਹਿਲੀ ਵਾਰ ਇਸ ਖੇਡ ਨੂੰ ਅਪਣਾਇਆ ਸੀ। ਇਸ ਸਫ਼ਰ ਦੌਰਾਨ ਉਨ੍ਹਾਂ ਦੇ ਪਤੀ ਕੈਲਾਸ਼ ਥਡਾਨੀ ਨੇ ਵੀ ਉਨ੍ਹਾਂ ਦਾ ਪੂਰਾ ਸਾਥ ਦਿੱਤਾ। ਸਵਲੀਨ, ਜੋ ਕਿ ਇੱਕ ਧੀ ਦੀ ਮਾਂ ਹੈ (ਜੋ ਇਸ ਵੇਲੇ ਕੈਨੇਡਾ ਵਿੱਚ ਪੜ੍ਹਦੀ ਹੈ), ਅੱਜਕੱਲ੍ਹ ਗੁਰੂਗ੍ਰਾਮ ਵਿੱਚ ਰਹਿ ਰਹੀ ਹੈ। ਖੇਡਾਂ ਪ੍ਰਤੀ ਪਰਿਵਾਰਕ ਪਿਆਰ ਨੂੰ ਸਾਂਝਾ ਕਰਦਿਆਂ ਚਰਨਜੀਤ ਕੋਚਰ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੋਤਰੇ (ਜੋ ਦੁਬਈ ਵਿੱਚ ਹਨ) ਵੀ ਫੁਟਬਾਲ ਅਤੇ ਗੋਲਫ ਦੇ ਵਧੀਆ ਖਿਡਾਰੀ ਹਨ।
