DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Kanishka Bombing Tragedy: ਝੂਠੀਆਂ-ਸੱਚੀਆਂ ਗਵਾਹੀਆਂ ’ਚ ਲਿਪਟ ਕੇ ਰਹਿ ਗਿਆ ਕਨਿਸ਼ਕਾ ਕਾਂਡ ਦਾ ਅਦਾਲਤੀ ਨਿਆਂ

41 ਸਾਲ ਬਾਅਦ ਵੀ ਸਾਜ਼ਿਸ਼ਘਾੜਿਆਂ ਬਾਰੇ ਭੰਬਲਭੂਸਾ ਬਰਕਰਾਰ; ਪੀੜਤਾਂ ਦੇ ਸਵਾਲ- ‘ਆਖ਼ਰ ਸੱਚ ਕਦੋਂ ਸਾਹਮਣੇ ਆਵੇਗਾ?’

  • fb
  • twitter
  • whatsapp
  • whatsapp
featured-img featured-img
ਝੂਠੀਆਂ-ਸੱਚੀਆਂ ਗਵਾਹੀਆਂ ’ਚ ਲਿਪਟ ਕੇ ਰਹਿ ਗਿਆ ਕਨਿਸ਼ਕਾ ਕਾਂਡ ਦਾ ਅਦਾਲਤੀ ਨਿਆਂ
Advertisement

Kanishka Bombing Tragedy: ਏਅਰ ਇੰਡੀਆ ਦੀ ਟੋਰਾਂਟੋ ਤੋਂ ਮੁੰਬਈ (ਵਾਇਆ ਦਿੱਲੀ) ਜਾਣ ਵਾਲੀ ਫਲਾਈਟ ਨੰਬਰ 182, ਜਿਸ ਨੂੰ ‘ਕਨਿਸ਼ਕਾ’ ਵਜੋਂ ਜਾਣਿਆ ਜਾਂਦਾ ਸੀ, 23 ਜੂਨ 1985 ਨੂੰ ਇੱਕ ਭਿਆਨਕ ਸਾਜਿਸ਼ ਦਾ ਸ਼ਿਕਾਰ ਹੋ ਗਈ ਸੀ। ਟੋਰਾਂਟੋ ਤੋਂ ਜਹਾਜ਼ ਵਿੱਚ ਰੱਖਿਆ ਗਿਆ ਬੰਬ ਅੱਧ-ਸਮੁੰਦਰ ਵਿੱਚ ਫਟ ਗਿਆ, ਜਿਸ ਕਾਰਨ ਬੋਇੰਗ 747 ਜਹਾਜ਼ ਦੇ ਟੁਕੜੇ-ਟੁਕੜੇ ਹੋ ਗਏ ਅਤੇ ਉਹ ਸਵਾਰੀਆਂ ਸਮੇਤ ਸਮੁੰਦਰ ਦੇ ਡੂੰਘੇ ਪਾਣੀਆਂ ਵਿੱਚ ਸਮਾ ਗਿਆ। ਇਸ ਹਾਦਸੇ ਦਾ ਕੁਝ ਮਲਬਾ ਆਇਰਲੈਂਡ ਦੇ ਤੱਟ ਨੇੜਿਓਂ ਬਰਾਮਦ ਹੋਇਆ ਸੀ। ਜਹਾਜ਼ ਦੇ ਅਮਲੇ ਸਮੇਤ ਮਾਰੇ ਗਏ ਸਾਰੇ 329 ਲੋਕਾਂ ਵਿੱਚੋਂ 268 ਭਾਰਤੀ ਮੂਲ ਦੇ ਕੈਨੇਡਿਆਈ ਨਾਗਰਿਕ ਸਨ।

ਨਹੀਂ ਹੋ ਸਕਿਆ ਇਨਸਾਫ਼

ਉਸੇ ਦਿਨ, ਵੈਨਕੂਵਰ ਤੋਂ ਉੱਡੇ ਇੱਕ ਹੋਰ ਮਾਲਵਾਹਕ ਜਹਾਜ਼ ਵਿੱਚ ਰੱਖਿਆ ਬੰਬ ਟੋਕੀਓ ਦੇ ਨਾਰੀਤਾ ਹਵਾਈ ਅੱਡੇ ’ਤੇ ਲੈਂਡਿੰਗ ਤੋਂ ਬਾਅਦ ਉਸ ਵੇਲੇ ਫਟਿਆ, ਜਦੋਂ ਸਾਮਾਨ ਲਾਹਿਆ ਜਾ ਰਿਹਾ ਸੀ। ਉੱਥੇ ਵੀ ਦੋ ਲੋਕਾਂ ਦੀ ਜਾਨ ਚਲੀ ਗਈ। ਜਾਂਚ ਵਿੱਚ ਸਾਹਮਣੇ ਆਇਆ ਕਿ ਦੋਵਾਂ ਜਹਾਜ਼ਾਂ ਵਿੱਚ ਬੰਬ ਵਾਲੇ ਬਕਸੇ ਦੋ ਟਿਕਟਾਂ ਖਰੀਦਣ ਵਾਲੇ ਇੱਕੋ ਵਿਅਕਤੀ ਨੇ ਰੱਖੇ ਸਨ, ਜੋ ਖੁਦ ਕਿਸੇ ਵੀ ਜਹਾਜ਼ ਵਿੱਚ ਸਵਾਰ ਨਹੀਂ ਹੋਇਆ ਸੀ। ਵਿਸ਼ਵ ਜਹਾਜ਼ਰਾਨੀ ਖੇਤਰ ਨੂੰ ਹਿਲਾ ਕੇ ਰੱਖ ਦੇਣ ਵਾਲੀ ਇਸ ਘਟਨਾ ਦੀ ਲੰਮੀ ਜਾਂਚ ਹੋਈ ਅਤੇ ਕਈ ਸਾਲ ਅਦਾਲਤੀ ਸੁਣਵਾਈ ਚੱਲੀ, ਪਰ ਕਦੇ ਗਵਾਹ ਮੁਕਰਨ ਅਤੇ ਕਦੇ ਸਬੂਤਾਂ ਵਿੱਚ ਤਰੁੱਟੀਆਂ ਕਾਰਨ ਪੂਰਾ ਇਨਸਾਫ਼ ਨਹੀਂ ਹੋ ਸਕਿਆ। ਜਾਂਚ ਵਿੱਚ ਭਾਰਤ ਵੱਲੋਂ ਵੀ ਲੋੜੀਂਦਾ ਸਹਿਯੋਗ ਨਾ ਮਿਲਣ ਦੇ ਦੋਸ਼ ਲੱਗੇ।

Advertisement

ਜਾਂਚ ਕਮਿਸ਼ਨ ਦਾ ਵੱਡਾ ਖੁਲਾਸਾ

ਜਾਂਚ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਸਪੱਸ਼ਟ ਲਿਖਿਆ ਸੀ ਕਿ ਜੇਕਰ ਕੈਨੇਡਾ ਦੇ ਚੌਕਸੀ ਵਿਭਾਗ, ਕੇਂਦਰੀ ਪੁਲੀਸ ਅਤੇ ਸੁਰੱਖਿਆ ਏਜੰਸੀਆਂ ਵਿਚਕਾਰ ਸਹੀ ਤਾਲਮੇਲ ਹੁੰਦਾ, ਤਾਂ ਇਸ ਵੱਡੇ ਹਾਦਸੇ ਨੂੰ ਟਾਲਿਆ ਜਾ ਸਕਦਾ ਸੀ।

Advertisement

ਕੈਨੇਡਾ ਸੁਰੱਖਿਆ ਚੌਕਸੀ ਸੇਵਾ ਵਿਭਾਗ (CSIS) ਵੱਲੋਂ ਪਿਛਲੇ ਸਾਲ ਹਾਦਸੇ ਦੀ 40ਵੀਂ ਵਰ੍ਹੇਗੰਢ ਮੌਕੇ ਜਾਰੀ ਕੀਤੀ ਰਿਪੋਰਟ ਵਿੱਚ ਇਸ ਦਾ ਦੋਸ਼ ਕੈਨੇਡਾ ਵਿੱਚ ਬੈਠੇ ਗਰਮਖਿਆਲੀ ਅਤੇ ਵੱਖਵਾਦੀ ਸੋਚ ਵਾਲੇ ਭਾਰਤੀਆਂ ਸਿਰ ਮੜ੍ਹਿਆ ਗਿਆ ਸੀ। ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪੀੜਤ ਵਾਰਸਾਂ ਨੂੰ ਮੁਆਵਜ਼ੇ ਦਿੱਤੇ ਗਏ ਅਤੇ ਉਨ੍ਹਾਂ ਦੀ ਯਾਦ ਵਿੱਚ ਵੈਨਕੂਵਰ, ਓਟਵਾ, ਟੋਰਾਂਟੋ, ਮਾਂਟਰੀਅਲ ਅਤੇ ਆਇਰਲੈਂਡ ਦੇ ਤੱਟ ’ਤੇ ਪੰਜ ਯਾਦਗਾਰਾਂ ਬਣਾਈਆਂ ਗਈਆਂ ਹਨ, ਜਿੱਥੇ ਹਰ ਸਾਲ ਵਰ੍ਹੇਗੰਢ ਮੌਕੇ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਪਰ ਅਫ਼ਸੋਸ ਕਿ ਅਦਾਲਤੀ ਨਿਆਂ ਗਵਾਹਾਂ ਦੇ ਝੂਠ-ਸੱਚ ਵਿੱਚ ਉਲਝ ਕੇ ਰਹਿ ਗਿਆ ਅਤੇ ਪੂਰਾ ਸੱਚ ਅੱਜ ਤੱਕ ਸਾਹਮਣੇ ਨਹੀਂ ਆ ਸਕਿਆ।

ਭਾਰਤ ਸਰਕਾਰ ਵੱਲੋਂ ਇਸ ਦਾ ਦੋਸ਼ ਖਾਲਿਸਤਾਨੀ ਖਾੜਕੂਆਂ ਸਿਰ ਮੜ੍ਹਿਆ ਗਿਆ ਸੀ। ਕੈਨੇਡਾ ਰਹਿੰਦੇ ਬੱਬਰ ਖ਼ਾਲਸਾ ਦੇ ਮੁਖੀ ਤਲਵਿੰਦਰ ਸਿੰਘ ਪਰਮਾਰ, ਅਜੈਬ ਸਿੰਘ ਬਾਗੜੀ, ਰਿਪੁਦਮਨ ਸਿੰਘ ਮਲਿਕ (ਖ਼ਾਲਸਾ ਸਕੂਲਾਂ ਵਾਲੇ) ਅਤੇ ਇੰਦਰਜੀਤ ਸਿੰਘ ਰਿਆਤ ਵਿਰੁੱਧ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਵਿੱਚ ਕਈ ਸਾਲ ਮੁਕੱਦਮਾ ਚੱਲਿਆ। ਮੁੱਖ ਮੁਲਜ਼ਮ ਤਲਵਿੰਦਰ ਸਿੰਘ ਪਰਮਾਰ ਜਾਂਚ ਦੇ 15 ਸਾਲਾਂ ਦੌਰਾਨ ਹੀ 1992 ਵਿੱਚ ਪੰਜਾਬ ਪੁਲੀਸ ਨਾਲ ਹੋਏ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ ਸੀ।

ਸਾਲ 2001 ਵਿੱਚ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਵਿੱਚ ਸ਼ੁਰੂ ਹੋਈ ਅਦਾਲਤੀ ਸੁਣਵਾਈ ਦੌਰਾਨ ਸਿਰਫ਼ ਇੰਦਰਜੀਤ ਸਿੰਘ ਰਿਆਤ ਨੂੰ ਬੰਬ ਬਣਾਉਣ ਦਾ ਦੋਸ਼ੀ ਮੰਨਦਿਆਂ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਬਾਕੀ ਸਾਰੇ ਮੁਲਜ਼ਮ 2013 ਤੱਕ ਜਾਂਦੇ-ਜਾਂਦੇ ਬਰੀ ਹੋ ਗਏ, ਜਦਕਿ ਇੱਕ ਗਵਾਹ ਨੂੰ ਅਦਾਲਤ ਵਿੱਚ ਝੂਠੀ ਗਵਾਹੀ ਦੇਣ ਬਦਲੇ ਸਜ਼ਾ ਹੋਈ। 41 ਸਾਲ ਬੀਤ ਜਾਣ ਦੇ ਬਾਵਜੂਦ ਅੱਜ ਵੀ ਇਹ ਸਵਾਲ ਜਿਉਂ ਦਾ ਤਿਉਂ ਖੜ੍ਹਾ ਹੈ ਕਿ ਆਖਰਕਾਰ ਸੈਂਕੜੇ ਬੇਗੁਨਾਹਾਂ ਦੀ ਜਾਨ ਲੈਣ ਵਾਲੇ ਇਸ ਘਿਨਾਉਣੇ ਬੰਬ ਕਾਂਡ ਪਿੱਛੇ ਅਸਲ ਮਨਸ਼ਾ ਕਿਸ ਦੀ ਸੀ?

Advertisement
×