Jantar Mantar Protest: ਰੇਲ ਗੱਡੀਆਂ ਬਦਲ ਕੇ ਤੇ ਸਲੀਪਰ ਬੱਸਾਂ ਰਾਹੀਂ ਦਿੱਲੀ ਪੁੱਜੇ ਪੰਜਾਬ ਦੇ ਵਿਦਿਆਰਥੀ
ਕਈ ਹਿਰਾਸਤ ਵਿੱਚ ਲਏ; ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੁੱਜੇ ਵਿਦਿਆਰਥੀ
Jantar Mantar Protest: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲਗਪਗ 200 ਵਿਦਿਆਰਥੀ ਸ਼ਨਿਚਰਵਾਰ ਨੂੰ ਦਿੱਲੀ ਪੁੱਜੇ। ਉਹ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਜੰਤਰ-ਮੰਤਰ ਵਿਚ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਆਏ ਸਨ। ਇਹ ਪ੍ਰਦਰਸ਼ਨ ਕੌਕਰੇਚ ਜਨਤਾ ਪਾਰਟੀ ਦੀ ਅਗਵਾਈ ਹੇਠ ਕੀਤਾ ਗਿਆ। ਪ੍ਰਦਰਸ਼ਨ ਵਾਲੀ ਥਾਂ ਵੱਲ ਮਾਰਚ ਕਰਦਿਆਂ ਪੁਲੀਸ ਨੇ ਇਨ੍ਹਾਂ ਵਿੱਚੋਂ ਕਈ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ।
ਵਿਦਿਆਰਥੀ ਆਗੂਆਂ ਅਨੁਸਾਰ ਹਿਰਾਸਤ ਵਿੱਚ ਲਏ ਵਿਦਿਆਰਥੀਆਂ ਨੂੰ ਸੂਰਜ ਮਲ ਸਟੇਡੀਅਮ ਅਤੇ ਰਾਜੀਵ ਗਾਂਧੀ ਸਟੇਡੀਅਮ ਲਿਜਾਇਆ ਗਿਆ। ਕੁਝ ਵਿਦਿਆਰਥੀਆਂ ਨੂੰ ਬੱਸਾਂ ਵਿੱਚ ਬਿਠਾ ਕੇ ਦਿੱਲੀ ਤੋਂ ਕਾਫ਼ੀ ਦੂਰ ਲਿਜਾਇਆ ਗਿਆ ਅਤੇ ਸੋਨੀਪਤ ਸੜਕ ’ਤੇ ਵੱਖ-ਵੱਖ ਥਾਵਾਂ ’ਤੇ ਉਤਾਰ ਦਿੱਤਾ ਗਿਆ।
ਬੰਗਲਾ ਸਾਹਿਬ ਗੁਰਦੁਆਰੇ ਵਿੱਚ ਰਾਤ ਕੱਟਣ ਮਗਰੋਂ ਜੰਤਰ-ਮੰਤਰ ਵੱਲ ਵਹੀਰਾਂ ਘੱਤੀਆਂ
ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦੇ ਬੈਨਰ ਹੇਠ ਵਿਦਿਆਰਥੀਆਂ ਨੂੰ ਲਾਮਬੰਦ ਕਰਨ ਵਾਲੇ ਆਗੂ ਰਣਬੀਰ ਸਿੰਘ ਰੰਧਾਵਾ ਨੇ ‘ਟ੍ਰਿਬਿਊਨ’ ਸਮੂਹ ਨੂੰ ਦੱਸਿਆ ਕਿ ਵਿਦਿਆਰਥੀਆਂ ਨੇ ਸ਼ੁੱਕਰਵਾਰ ਦੀ ਰਾਤ ਬੰਗਲਾ ਸਾਹਿਬ ਗੁਰਦੁਆਰੇ ਵਿੱਚ ਬਿਤਾਈ ਅਤੇ ਸ਼ਨਿਚਰਵਾਰ ਸਵੇਰੇ ਜੰਤਰ-ਮੰਤਰ ਵੱਲ ਜਾਣ ਲਈ ਮਾਰਚ ਸ਼ੁਰੂ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਬੰਗਲਾ ਸਾਹਿਬ ਗੁਰਦੁਆਰੇ ਤੋਂ ਜੰਤਰ-ਮੰਤਰ ਵੱਲ ਮਾਰਚ ਸ਼ੁਰੂ ਕੀਤਾ ਸੀ। ਇਸ ਦੌਰਾਨ ਪੁਲੀਸ ਨੇ ਨੌਜਵਾਨਾਂ ਅਤੇ ਵਿਦਿਆਰਥੀਆਂ ’ਤੇ ਲਾਠੀਚਾਰਜ ਕੀਤਾ ਅਤੇ ਸੈਂਕੜੇ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂ ਹਿਰਾਸਤ ਵਿੱਚ ਲੈ ਲਿਆ।
ਰੰਧਾਵਾ ਨੇ ਦੋਸ਼ ਲਾਇਆ ਕਿ ਪੁਲੀਸ ਨੇ ਕੇਸ਼ਵਪੁਰਮ ਥਾਣੇ, ਸੂਰਜ ਮਲ ਸਟੇਡੀਅਮ ਅਤੇ ਰਾਜੀਵ ਗਾਂਧੀ ਸਟੇਡੀਅਮ ਨੂੰ ਆਰਜ਼ੀ ਖੁੱਲ੍ਹੀਆਂ ਜੇਲ੍ਹਾਂ ਵਿੱਚ ਬਦਲ ਦਿੱਤਾ ਸੀ, ਜਿੱਥੇ ਹਿਰਾਸਤ ਵਿੱਚ ਲਏ ਗਏ ਵਿਦਿਆਰਥੀਆਂ ਨੂੰ ਰੱਖਿਆ ਗਿਆ।
ਰੇਲ ਗੱਡੀਆਂ ਰੱਦ ਹੋਣ ਦੇ ਬਾਵਜੂਦ ਦਿੱਲੀ ਪੁੱਜੇ
ਜਦੋਂ ਵਿਦਿਆਰਥੀਆਂ ਨੂੰ ਪੁੱਛਿਆ ਗਿਆ ਕਿ ਰੇਲ ਗੱਡੀਆਂ ਰੱਦ ਹੋਣ ਦੇ ਬਾਵਜੂਦ ਉਹ ਦਿੱਲੀ ਕਿਵੇਂ ਪੁੱਜੇ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੀਆਂ ਟਿਕਟਾਂ ਅਤੇ ਰੇਲ ਗੱਡੀਆਂ ਦੇ ਰਸਤੇ ਬਦਲੇ। ਇਸ ਤੋਂ ਇਲਾਵਾ, ਕੁਝ ਵਿਦਿਆਰਥੀਆਂ ਨੇ ਦਿੱਲੀ ਪੁੱਜਣ ਲਈ ਸਲੀਪਰ ਬੱਸਾਂ ਰਾਹੀਂ ਵੀ ਸਫ਼ਰ ਕੀਤਾ।
ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਣਬੀਰ ਸਿੰਘ ਅਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਮੀਤ ਪ੍ਰਧਾਨ ਮੰਗਲਜੀਤ ਪੰਡੋਰੀ ਨੇ ਕਿਹਾ, “ਅਸੀਂ ਇਸ ਲਈ ਆਏ ਕਿਉਂਕਿ ਅਸੀਂ ਫ਼ੈਸਲਾ ਕਰ ਲਿਆ ਸੀ ਕਿ ਅਸੀਂ ਦਿੱਲੀ ਹਰ ਹਾਲਤ ਵਿੱਚ ਪੁੱਜਣਾ ਹੈ।” ਦੋਵੇਂ ਜਥੇਬੰਦੀਆਂ ਦਾ ਸਬੰਧ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਾਲ ਹੈ।
ਕਈ ਵਿਦਿਆਰਥੀ ਆਗੂ ਵੀ ਹਿਰਾਸਤ ਵਿੱਚ
ਰੰਧਾਵਾ ਨੇ ਦੱਸਿਆ ਕਿ ਸੈਂਕੜੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਰਿਹਾਈ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ। ਵਿਦਿਆਰਥੀ ਆਗੂਆਂ ਅਨੁਸਾਰ ਨੌਜਵਾਨ ਭਾਰਤ ਸਭਾ ਦੇ ਜਨਰਲ ਸਕੱਤਰ ਕਰਮਜੀਤ ਮਾਣੂਕੇ, ਨੌਨਿਹਾਲ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਦੇ ਜਨਰਲ ਸਕੱਤਰ ਧੀਰਜ ਫ਼ਾਜ਼ਿਲਕਾ, ਬਲਜੀਤ ਧਰਮਕੋਟ, ਗੁਰਦਾਸ ਸਿੰਘ, ਦਵਿੰਦਰ ਛਬੀਲਪੁਰ, ਹਰਜਿੰਦਰ ਸਿੰਘ ਖੋਖਰ, ਹਰਵੀਰ ਕੌਰ ਅਤੇ ਸੁਖਪ੍ਰੀਤ ਕੌਰ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਰੰਧਾਵਾ ਨੇ ਦੱਸਿਆ ਕਿ ਹਿਰਾਸਤ ਵਿੱਚ ਲਏ ਗਏ ਲੋਕਾਂ ਵਿੱਚ ਲਗਪਗ 20 ਵਿਦਿਆਰਥਣਾਂ ਵੀ ਸ਼ਾਮਲ ਹਨ।

