Goraya Accident: ਗੁਰਾਇਆ ’ਚ ਕੈਂਟਰ ਨਾਲ ਟਕਰਾਇਆ ਥ੍ਰੀ-ਵ੍ਹੀਲਰ; ਦੋ ਹਲਾਕ
9 ਹੋਰ ਜ਼ਖ਼ਮੀ; ਵੱਖ-ਵੱਖ ਹਸਪਤਾਲਾਂ ’ਚ ਜ਼ੇਰੇ ਇਲਾਜ; ਲੁਧਿਆਣਾ ਤੋਂ ਜਲੰਧਰ ਜਾਂਦਿਆਂ ਕਰਵਾ ਚੌਥ ਵਾਲੇ ਦਿਨ ਵਾਪਰਿਆ ਹਾਦਸਾ
Goraya Road Accident: ਗੁਰਾਇਆ ਵਿੱਚ ਕਰਵਾ ਚੌਥ ਵਾਲੇ ਦਿਨ ਕੌਮੀ ਮਾਰਗ ’ਤੇ ਸੜਕ ਹਾਦਸੇ ਵਿਚ ਦੋ ਜਣੇ ਹਲਾਕ ਹੋ ਗਏ। ਇਸ ਤੋਂ ਇਲਾਵਾ ਨੌਂ ਜ਼ਖ਼ਮੀ ਹੋ ਗਏ ਜੋ ਵੱਖ-ਵੱਖ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲੁਧਿਆਣਾ ਤੋਂ ਜਲੰਧਰ ਵੱਲ ਜਾ ਰਿਹਾ ਮਜ਼ਦੂਰਾਂ ਨਾਲ ਭਰਿਆ ਇੱਕ ਥ੍ਰੀ-ਵ੍ਹੀਲਰ ਸੜਕ ’ਤੇ ਖੜ੍ਹੇ ਕੈਂਟਰ ਨਾਲ ਟਕਰਾ ਗਿਆ।
ਜਾਣਕਾਰੀ ਅਨੁਸਾਰ ਇਹ ਹਾਦਸਾ ਗੁਰਾਇਆ ਕੌਮੀ ਮਾਰਗ ’ਤੇ ਵਾਪਰਿਆ। ਟੱਕਰ ਇੰਨੀ ਭਿਆਨਕ ਸੀ ਕਿ ਥ੍ਰੀ-ਵ੍ਹੀਲਰ ਵਿੱਚ ਸਵਾਰ ਕਈ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਜ਼ਖ਼ਮੀਆਂ ਨੂੰ ਹਸਪਤਾਲਾਂ ਵਿੱਚ ਪਹੁੰਚਾਇਆ
ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲਿਸ ਅਧਿਕਾਰੀਆਂ ਅਨੁਸਾਰ ਇਸ ਹਾਦਸੇ ਵਿੱਚ ਹੁਣ ਤੱਕ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਰੀਬ ਨੌਂ ਹੋਰ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ।
ਕਰਵਾ ਚੌਥ ਵਰਗੇ ਤਿਉਹਾਰ ਵਾਲੇ ਦਿਨ ਵਾਪਰੇ ਇਸ ਹਾਦਸੇ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਦਮੇ ਵਿੱਚ ਪਾ ਦਿੱਤਾ ਹੈ। ਪਰਿਵਾਰਾਂ ਲਈ ਇਹ ਤਿਉਹਾਰ ਖ਼ੁਸ਼ੀਆਂ ਦੀ ਬਜਾਏ ਦੁੱਖ ਅਤੇ ਮਾਤਮ ਵਿੱਚ ਬਦਲ ਗਿਆ।

