Europe Heatwave 2026: ਯੂਰਪ ਵਿੱਚ ਗਰਮੀ ਦਾ ਕਹਿਰ; ਸਕੈਂਡੇਨੇਵੀਆ ਦੇਸ਼ਾਂ ਵਿੱਚ ਤਾਪਮਾਨ ਦੇ ਰਿਕਾਰਡ ਟੁੱਟੇ
ਕਈ ਥਾਵਾਂ ’ਤੇ ਤਾਪਮਾਨ 40 ਡਿਗਰੀ ਤੋਂ ਪਾਰ; ਜਰਮਨੀ ਦੀ ਰੇਲ ਸੇਵਾ ਕੰਪਨੀ ਨੇ ਲੋਕਾਂ ਨੂੰ ਯਾਤਰਾ ਰੱਦ ਕਰਨ ਦਾ ਵਿਕਲਪ ਦਿੱਤਾ
ਯੂਰਪ ਵਿੱਚ ਹੀਟਵੇਵ ਅੱਜ ਵੀ ਜਾਰੀ ਰਹੀ ਤੇ ਇਹ ਪੂਰਬੀ ਦੇਸ਼ਾਂ ਵੱਲ ਵੀ ਫੈਲ ਗਈ, ਜਿਸ ਕਾਰਨ ਸਕੈਂਡੇਨੇਵੀਆ ਤੋਂ ਲੈ ਕੇ ਐਲਪਸ ਪਹਾੜੀ ਖੇਤਰ ਤੱਕ ਲੋਕ ਅਤਿ ਦੀ ਗਰਮੀ ਨਾਲ ਜੂਝਦੇ ਰਹੇ। ਕਈ ਇਲਾਕਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੀ ਉੱਪਰ ਪਹੁੰਚ ਗਿਆ ਅਤੇ ਕਈ ਦੇਸ਼ਾਂ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਤਾਪਮਾਨ ਦੇ ਰਿਕਾਰਡ ਟੁੱਟ ਗਏ। ਇਸ ਹੀਟਵੇਵ ਕਾਰਨ ਦਰਜਨਾਂ ਲੋਕਾਂ ਦੀ ਮੌਤ ਹੋਣ ਦੀ ਵੀ ਖ਼ਬਰ ਹੈ।
ਸ਼ਨਿਚਰਵਾਰ ਨੂੰ ਜਰਮਨੀ, ਡੈਨਮਾਰਕ ਅਤੇ ਚੈੱਕ ਗਣਰਾਜ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ, ਜਦਕਿ ਸਵਿਟਜ਼ਰਲੈਂਡ ਵਿੱਚ ਜੂਨ ਮਹੀਨੇ ਦਾ ਨਵਾਂ ਰਿਕਾਰਡ ਬਣਿਆ। ਇਸ ਤੋਂ ਪਹਿਲਾਂ ਹਫ਼ਤੇ ਦੌਰਾਨ ਫਰਾਂਸ ਅਤੇ ਬ੍ਰਿਟੇਨ ਵਿੱਚ ਵੀ ਤਾਪਮਾਨ ਦੇ ਰਿਕਾਰਡ ਟੁੱਟੇ ਸਨ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਹੀਟਵੇਵ ਮਨੁੱਖੀ ਗਤੀਵਿਧੀਆਂ ਕਾਰਨ ਹੋ ਰਹੀ ਹੈ।
ਜਰਮਨੀ ਦੀ ਸੰਸਦ ਮੈਂਬਰ ਅਤੇ ਗ੍ਰੀਨ ਪਾਰਟੀ ਦੀ ਸਾਬਕਾ ਆਗੂ ਕੈਟਰਿਨ ਗੋਇਰਿੰਗ-ਏਕਾਰਟ ਨੇ ਕਿਹਾ, "ਇਹ ਆਮ ਗਰਮੀਆਂ ਦਾ ਮੌਸਮ ਨਹੀਂ, ਸਗੋਂ ਇੱਕ ਸਿਹਤ ਸੰਕਟ ਹੈ।"
ਬਰਲਿਨ ਵਿੱਚ ਤਾਪਮਾਨ 39 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਗਰਮੀ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਪੁਲੀਸ ਨੇ ਸ਼ਹਿਰ ਵਿੱਚ ਦੋ ਵਾਟਰ ਕੈਨਨ ਤਾਇਨਾਤ ਕੀਤੇ, ਜਿਨ੍ਹਾਂ ਰਾਹੀਂ ਲੋਕਾਂ 'ਤੇ ਪਾਣੀ ਦੀ ਫੁਹਾਰ ਮਾਰੀ ਗਈ।
ਡੈਨਮਾਰਕ ਦੇ ਮੌਸਮ ਵਿਭਾਗ ਨੇ ਆਰਹੂਸ ਸ਼ਹਿਰ ਦੇ ਉੱਤਰ ਵਿੱਚ 37 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ, ਜੋ 1874 ਤੋਂ ਰਿਕਾਰਡ ਰੱਖੇ ਜਾਣ ਤੋਂ ਬਾਅਦ ਸਭ ਤੋਂ ਵੱਧ ਹੈ।
ਚੈੱਕ ਗਣਰਾਜ ਵਿੱਚ ਵੀ ਪਰਾਗ ਦੇ ਉੱਤਰ ਵਿੱਚ 40.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜਦਕਿ ਸਲੋਵਾਕੀਆ ਦੀ ਰਾਜਧਾਨੀ ਬ੍ਰਾਤਿਸਲਾਵਾ ਵਿੱਚ ਸ਼ੁੱਕਰਵਾਰ ਰਾਤ ਹੁਣ ਤੱਕ ਦੀ ਸਭ ਤੋਂ ਗਰਮ ਰਾਤ ਰਹੀ।
ਫਰਾਂਸ ਵਿੱਚ ਇਸ ਹੀਟਵੇਵ ਕਾਰਨ ਨੌਜਵਾਨਾਂ ਅਤੇ ਬਜ਼ੁਰਗਾਂ ਸਮੇਤ ਦਰਜਨਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। 40 ਡਿਗਰੀ ਤੋਂ ਵੱਧ ਤਾਪਮਾਨ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ, ਬਿਜਲੀ ਉਤਪਾਦਨ ਵਿੱਚ ਰੁਕਾਵਟ ਆਈ ਹੈ, ਕਈ ਥਾਵਾਂ 'ਤੇ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਲਗਾਈ ਗਈ ਹੈ, ਸਕੂਲਾਂ ਦੀਆਂ ਕਲਾਸਾਂ ਰੱਦ ਕੀਤੀਆਂ ਗਈਆਂ ਹਨ ਅਤੇ ਬਾਹਰੀ ਸਮਾਗਮ ਮੁਲਤਵੀ ਕਰਨੇ ਪਏ ਹਨ।
ਇਟਲੀ ਦੇ ਸਿਹਤ ਮੰਤਰਾਲੇ ਨੇ ਮਿਲਾਨ, ਰੋਮ, ਟਿਊਰਿਨ, ਵੇਨਿਸ, ਜੇਨੋਆ, ਫਲੋਰੈਂਸ ਅਤੇ ਬੋਲੋਨੀਆ ਸਮੇਤ 18 ਸ਼ਹਿਰਾਂ ਲਈ ਸ਼ਨਿਚਰਵਾਰ ਅਤੇ ਐਤਵਾਰ ਨੂੰ ਰੈੱਡ ਅਲਰਟ ਜਾਰੀ ਕੀਤਾ ਹੈ।
ਐਲਪਸ ਖੇਤਰ ਵਿੱਚ ਵੀ ਰਾਤ ਸਮੇਂ ਗਰਮੀ ਤੋਂ ਕੋਈ ਖ਼ਾਸ ਰਾਹਤ ਨਹੀਂ ਮਿਲੀ। ਇਟਲੀ ਦੇ ਦੱਖਣੀ ਟਾਇਰੋਲ ਦੇ ਬੋਲਜ਼ਾਨੋ ਸ਼ਹਿਰ ਵਿੱਚ ਰਾਤ ਦਾ ਤਾਪਮਾਨ 25.4 ਡਿਗਰੀ ਸੈਲਸੀਅਸ ਤੋਂ ਹੇਠਾਂ ਨਹੀਂ ਗਿਆ, ਜੋ ਜੂਨ ਮਹੀਨੇ ਦਾ ਨਵਾਂ ਰਿਕਾਰਡ ਹੈ। ਵਾਤਾਵਰਨ ਮਾਹਿਰਾਂ ਨੇ ਯੂਰਪ ਦੇ ਗਲੇਸ਼ੀਅਰਾਂ 'ਤੇ ਵੀ ਗੰਭੀਰ ਖ਼ਤਰਾ ਜਤਾਇਆ ਹੈ।
ਅਤਿ ਦੀ ਗਰਮੀ ਕਾਰਨ ਸੜਕਾਂ ਅਤੇ ਰੇਲ ਪਟੜੀਆਂ ਨੂੰ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਇਸ ਨੂੰ ਦੇਖਦੇ ਹੋਏ ਜਰਮਨੀ ਦੀ ਰਾਸ਼ਟਰੀ ਰੇਲਵੇ ਕੰਪਨੀ ਡੌਸ਼ ਬਾਨ ਨੇ ਯਾਤਰੀਆਂ ਨੂੰ ਅਗਲੇ ਹਫ਼ਤੇ ਦੀ ਸ਼ੁਰੂਆਤ ਤੱਕ ਆਪਣੀਆਂ ਲੰਬੀ ਦੂਰੀ ਦੀਆਂ ਯਾਤਰਾਵਾਂ ਰੱਦ ਕਰਨ ਦੀ ਇਜਾਜ਼ਤ ਦਿੱਤੀ ਹੈ। ਇੱਕ ਹੋਰ ਰੇਲ ਆਪਰੇਟਰ ਨੈਸ਼ਨਲ ਐਕਸਪ੍ਰੈੱਸ ਨੇ ਵੀ ਸੁਰੱਖਿਆ ਦੇ ਮੱਦੇਨਜ਼ਰ ਕੁਝ ਰੇਲ ਸੇਵਾਵਾਂ ਅਸਥਾਈ ਤੌਰ 'ਤੇ ਰੋਕ ਦਿੱਤੀਆਂ ਹਨ।

