ਦਵਾਈ ਲੈਣ ਗਈ ਬਜ਼ੁਰਗ ਔਰਤ 18 ਘੰਟੇ ਬਾਥਰੂਮ ’ਚ ਰਹੀ ਬੰਦ; ਮਲੋਟ ’ਚ ਸਰਕਾਰੀ ਕਲੀਨਿਕ ਸਟਾਫ਼ ਦੀ ਲਾਪਰਵਾਹੀ
ਰਾਤ ਭਰ ਭਾਲਦੇ ਰਹੇ ਪਰਿਵਾਰਕ ਮੈਂਬਰ: ਜਾਂਚ ਦੇ ਹੁਕਮ
ਮਲੋਟ ਸ਼ਹਿਰ ਦੇ ਫਾਇਰ ਬ੍ਰਿਗੇਡ ਦਫ਼ਤਰ ਨੇੜੇ ਸਥਿਤ ਆਯੁਸ਼ਮਾਨ ਆਰੋਗਿਆ ਕੇਂਦਰ ਦੇ ਸਟਾਫ਼ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਮੰਗਲਵਾਰ ਦੁਪਹਿਰ ਤੋਂ ਗਾਇਬ ਇੱਕ ਬਜ਼ੁਰਗ ਔਰਤ ਬੁੱਧਵਾਰ ਸਵੇਰੇ ਇਸ ਸਿਹਤ ਕੇਂਦਰ ਦੇ ਬਾਥਰੂਮ ਵਿੱਚੋਂ ਮਿਲੀ। ਸਟਾਫ਼ ਵੱਲੋਂ ਅੰਦਰ ਜਾਂਚ ਕੀਤੇ ਬਿਨਾਂ ਹੀ ਕਲੀਨਿਕ ਨੂੰ ਜਿੰਦਾ ਲਗਾ ਕੇ ਚਲੇ ਜਾਣ ਕਾਰਨ ਇਹ ਔਰਤ ਲਗਭਗ 18 ਘੰਟੇ ਅੰਦਰ ਹੀ ਫਸੀ ਰਹੀ।
ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰਬਰ 10 ਦੀ ਰਹਿਣ ਵਾਲੀ ਕ੍ਰਿਸ਼ਨਾ ਰਾਣੀ, ਜੋ ਕਿ ਘਰਾਂ ’ਚ ਕੰਮ ਕਰਦੀ ਹੈ, ਦਵਾਈ ਲੈਣ ਲਈ ਸਿਹਤ ਕੇਂਦਰ ਆਈ ਸੀ। ਉਹ ਕੇਂਦਰ ਦੇ ਬਾਥਰੂਮ ਵਿੱਚ ਗਈ ਸੀ, ਪਰ ਸਟਾਫ਼ ਦੁਪਹਿਰ ਕਰੀਬ 2 ਵਜੇ ਕੇਂਦਰ ਬੰਦ ਕਰਕੇ ਚਲਾ ਗਿਆ। ਅਣਜਾਣ ਪਰਿਵਾਰਕ ਮੈਂਬਰ ਰਾਤ ਭਰ ਉਸ ਦੀ ਭਾਲ ਕਰਦੇ ਰਹੇ ਅਤੇ ਪੁਲੀਸ ਨੂੰ ਵੀ ਸੂਚਿਤ ਕੀਤਾ। ਔਰਤ ਦਾ ਪਤਾ ਬੁੱਧਵਾਰ ਸਵੇਰੇ 8 ਵਜੇ ਦੇ ਕਰੀਬ ਉਦੋਂ ਲੱਗਿਆ ਜਦੋਂ ਸਿਹਤ ਕੇਂਦਰ ਮੁੜ ਖੁੱਲ੍ਹਿਆ। ਪਰਿਵਾਰ ਦੇ ਇੱਕ ਜਾਣਕਾਰ ਜੈ ਪ੍ਰਕਾਸ਼ ਨੇ ਦੱਸਿਆ ਕਿ ਬਜ਼ੁਰਗ ਔਰਤ ਲਗਭਗ 18 ਘੰਟੇ ਅੰਦਰ ਹੀ ਬੰਦ ਰਹੀ।
ਮਲੋਟ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ (SMO) ਡਾ. ਰਾਜਿੰਦਰ ਕੁਮਾਰ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਆਯੁਸ਼ਮਾਨ ਆਰੋਗਿਆ ਕੇਂਦਰ ਦੇ ਸਟਾਫ਼ ਤੋਂ ਲਿਖਤੀ ਜਵਾਬ ਮੰਗਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉੱਥੇ ਤਾਇਨਾਤ ਡਾਕਟਰ ਨੂੰ ਹਦਾਇਤ ਕੀਤੀ ਗਈ ਹੈ ਕਿ ਸਟਾਫ਼ ਔਰਤ ਦੇ ਘਰ ਜਾ ਕੇ ਉਸ ਦੀ ਸਿਹਤ ਦੀ ਜਾਂਚ ਕਰੇ ਅਤੇ ਜ਼ਰੂਰਤ ਪੈਣ ’ਤੇ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਜਾਵੇ।

