El Nino ਕਾਰਨ 2027 ਤੱਕ ਵਧੇਗੀ ਗਰਮੀ; ਭਾਰਤ ਵਿੱਚ ਸੋਕੇ ਦਾ ਮੰਡਰਾਇਆ ਖ਼ਤਰਾ: WMO
ਆਉਣ ਵਾਲੇ ਮਹੀਨਿਆਂ ਵਿੱਚ ਅਲ ਨੀਨੋ ਕਾਰਨ ਮੀਂਹ, ਤਾਪਮਾਨ ਅਤੇ ਹਾੜ੍ਹੀ ਦੀਆਂ ਫ਼ਸਲਾਂ ’ਤੇ ਪਵੇਗਾ ਡੂੰਘਾ ਅਸਰ
ਭੂ-ਮੱਧ ਰੇਖਾ ਪ੍ਰਸ਼ਾਂਤ ਮਹਾਸਾਗਰ ਉੱਤੇ ਬਣੇ ਅਲ ਨੀਨੋ ਦੇ ਹਾਲਾਤਾਂ ਦੇ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਜ਼ਿਆਦਾ ਤਾਕਤਵਰ ਹੋਣ ਅਤੇ ਫ਼ਰਵਰੀ 2027 ਤੱਕ ਬਰਕਰਾਰ ਰਹਿਣ ਦੀ ਪੂਰੀ ਸੰਭਾਵਨਾ ਹੈ, ਇਹ ਗੱਲ ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂ.ਐੱਮ.ਓ.) ਨੇ ਕਹੀ ਹੈ।
ਸੰਗਠਨ ਨੇ ਕਿਹਾ ਕਿ ਇਸ ਦਾ ਮੀਂਹ ਅਤੇ ਤਾਪਮਾਨ ਦੇ ਪੈਟਰਨ ਉੱਤੇ ਵੱਡਾ ਪ੍ਰਭਾਵ ਪੈ ਸਕਦਾ ਹੈ ਅਤੇ ਇਸ ਨਾਲ ਹੜ੍ਹ, ਸੋਕਾ ਤੇ ਭਿਆਨਕ ਗਰਮੀ ਦੇ ਖ਼ਤਰੇ ਵਧ ਸਕਦੇ ਹਨ।
ਵੀਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਡਬਲਯੂ.ਐੱਮ.ਓ. ਦੇ ਸਕੱਤਰ-ਜਨਰਲ ਸੇਲੇਸ ਸਾਉਲੋ ਨੇ ਕਿਹਾ, “ਸਪੇਨੀ ਭਾਸ਼ਾ ਵਿੱਚ ਅਲ ਨੀਨੋ ਦਾ ਮਤਲਬ ਬੱਚਾ ਹੁੰਦਾ ਹੈ—ਪਰ ਇਸ ਵਿੱਚ ਦੁਨੀਆ ਭਰ ਦੇ ਭਾਈਚਾਰਿਆਂ ਅਤੇ ਅਰਥਚਾਰਿਆਂ ਨੂੰ ਭਾਰੀ ਝਟਕਾ ਦੇਣ ਦੀ ਸਮਰੱਥਾ ਹੈ।
ਅਸੀਂ ਪਹਿਲਾਂ ਹੀ ਸੋਕਿਆਂ ਅਤੇ ਹੜ੍ਹਾਂ ਕਾਰਨ ਤਬਾਹੀ ਤੇ ਉਥਲ-ਪੁਥਲ ਦੇਖ ਰਹੇ ਹਾਂ ਅਤੇ ਸਾਨੂੰ ਉਮੀਦ ਹੈ ਕਿ ਜਿਵੇਂ-ਜਿਵੇਂ ਅਲ ਨੀਨੋ ਹੋਰ ਤਾਕਤਵਰ ਹੋਵੇਗਾ, ਇਨ੍ਹਾਂ ਪ੍ਰਭਾਵਾਂ ਵਿੱਚ ਵੀ ਵਾਧਾ ਹੋਵੇਗਾ।”
ਡਬਲਯੂ.ਐੱਮ.ਓ. ਦੇ ਇਹ ਅੰਦਾਜ਼ੇ ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਵੱਲੋਂ ਸਤੰਬਰ ਲਈ ਜਾਰੀ ਉਸ ਭਵਿੱਖਬਾਣੀ ਤੋਂ ਕੁਝ ਦਿਨ ਬਾਅਦ ਆਏ ਹਨ, ਜਿਸ ਵਿੱਚ ਕਿਹਾ ਗਿਆ ਸੀ ਕਿ ਅਲ ਨੀਨੋ ਦੇ ਹਾਲਾਤ ਅਗਲੇ ਸਾਲ ਫ਼ਰਵਰੀ ਤੱਕ ਜਾਰੀ ਰਹਿ ਸਕਦੇ ਹਨ।
ਅਲ ਨੀਨੋ, ਅਲ ਨੀਨੋ ਸਦਰਨ ਔਸਿਲੇਸ਼ਨ (ਈ.ਐੱਨ.ਐੱਸ.ਓ.) ਦੇ ਤਿੰਨ ਪੜਾਵਾਂ ਵਿੱਚੋਂ ਇੱਕ ਹੈ—ਜੋ ਕਿ ਕੇਂਦਰੀ ਅਤੇ ਪੂਰਬੀ ਤਪਤ-ਖੰਡੀ ਪ੍ਰਸ਼ਾਂਤ ਮਹਾਸਾਗਰ ਦੇ ਨਾਲ-ਨਾਲ ਸਮੁੰਦਰੀ ਤਾਪਮਾਨ ਵਿੱਚ ਆਉਂਦੀਆਂ ਤਬਦੀਲੀਆਂ ਅਤੇ ਉੱਪਰਲੇ ਵਾਯੂਮੰਡਲ ਵਿੱਚ ਉਤਰਾਅ-ਚੜ੍ਹਾਅ ਰਾਹੀਂ ਦਰਸਾਇਆ ਜਾਣ ਵਾਲਾ ਇੱਕ ਜਲਵਾਯੂ ਵਰਤਾਰਾ ਹੈ।
ਜਿੱਥੇ ਅਲ ਨੀਨੋ ਧਰਤੀ ਉੱਤੇ ਤਾਪਮਾਨ ਵਧਾਉਣ ਦਾ ਪ੍ਰਭਾਵ ਪਾਉਣ ਲਈ ਜਾਣਿਆ ਜਾਂਦਾ ਹੈ, ਉੱਥੇ ਹੀ ਇਸ ਦਾ ਉਲਟਾ ਪੜਾਅ, ਜਿਸ ਨੂੰ ਲਾ ਨੀਨਾ ਕਿਹਾ ਜਾਂਦਾ ਹੈ, ਆਮ ਤੌਰ ’ਤੇ ਠੰਢਕ ਦਾ ਅਸਰ ਪੈਦਾ ਕਰਦਾ ਹੈ। ਈ.ਐੱਨ.ਐੱਸ.ਓ. ਦਾ ਇੱਕ ਨਿਊਟਰਲ (ਨਿਰਪੱਖ) ਪੜਾਅ ਵੀ ਹੁੰਦਾ ਹੈ।
ਅਲ ਨੀਨੋ ਦੇ ਹਾਲਾਤਾਂ ਕਾਰਨ ਆਮ ਤੌਰ ’ਤੇ ਭਾਰਤ ਵਿੱਚ ਘੱਟ ਮੀਂਹ ਪੈਂਦਾ ਹੈ। ਇਹੀ ਕਾਰਨ ਹੈ ਕਿ ਜਦੋਂ ਆਈ.ਐੱਮ.ਡੀ. ਨੇ 31 ਅਗਸਤ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਲ ਨੀਨੋ ਦੇ ਚਲਦਿਆਂ ਮਹੀਨੇ ਦੌਰਾਨ ਭਾਰਤ ਵਿੱਚ ਸਮੁੱਚਾ ਮੀਂਹ ਘੱਟ ਰਿਹਾ ਹੈ, ਤਾਂ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ।
ਆਈ.ਐੱਮ.ਡੀ. ਮੁਤਾਬਕ ਅਗਸਤ ਮਹੀਨੇ ਦੌਰਾਨ ਪੂਰੇ ਭਾਰਤ ਵਿੱਚ ਮੀਂਹ ਦੀ ਘਾਟ 16 ਫ਼ੀਸਦੀ ਰਹੀ। ਵਿਭਾਗ ਨੇ ਇਹ ਵੀ ਕਿਹਾ ਕਿ ਇਹ ਮਹੀਨਾ 1901 ਤੋਂ ਬਾਅਦ ਭਾਰਤ ਵਿੱਚ ਸਭ ਤੋਂ ਵੱਧ ਗਰਮ ਅਗਸਤ ਰਿਹਾ ਹੈ ਅਤੇ ਇਸ ਦਾ ਇੱਕ ਕਾਰਨ ਅਲ ਨੀਨੋ ਵੀ ਸੀ।
ਸਤੰਬਰ ਲਈ, ਆਈ.ਐੱਮ.ਡੀ. ਨੇ ਭਵਿੱਖਬਾਣੀ ਕੀਤੀ ਹੈ ਕਿ ਮੀਂਹ ਲੰਬੇ ਸਮੇਂ ਦੀ ਔਸਤ (ਐੱਲ.ਪੀ.ਏ.) ਦੇ 91 ਫ਼ੀਸਦੀ ਤੋਂ ਘੱਟ ਰਹੇਗਾ। ਐੱਲ.ਪੀ.ਏ. ਤੋਂ ਭਾਵ ਲੰਬੇ ਸਮੇਂ ਯਾਨੀ ਆਮ ਤੌਰ ’ਤੇ 30 ਤੋਂ 50 ਸਾਲਾਂ ਦੇ ਹਿਸਾਬ ਨਾਲ ਕੱਢੀ ਗਈ ਕਿਸੇ ਖ਼ਾਸ ਖੇਤਰ ਦੀ, ਜਿਵੇਂ ਕਿ ਮਹੀਨੇ ਜਾਂ ਰੁੱਤ ਦੀ, ਮੀਂਹ ਦੀ ਔਸਤ ਮਾਤਰਾ ਤੋਂ ਹੈ।
ਸਤੰਬਰ ਮਹੀਨੇ ਲਈ, 1971 ਅਤੇ 2020 ਦੇ ਵਿਚਕਾਰ ਦੇ ਅੰਕੜਿਆਂ ਦੇ ਆਧਾਰ ’ਤੇ ਐੱਲ.ਪੀ.ਏ. ਲਗਪਗ 167.9 ਮਿਲੀਮੀਟਰ ਹੈ। ਭਾਵੇਂ ਆਈ.ਐੱਮ.ਡੀ. ਨੇ ਅਜੇ ਮੌਨਸੂਨ ਤੋਂ ਬਾਅਦ ਦੀ ਰੁੱਤ ਲਈ ਕੋਈ ਭਵਿੱਖਬਾਣੀ ਨਹੀਂ ਕੀਤੀ ਹੈ, ਪਰ ਵਧ ਰਹੇ ਅਲ ਨੀਨੋ ਦਾ ਮਤਲਬ ਸਰਦੀਆਂ ਦੀ ਰੁੱਤ ਦੌਰਾਨ ਉੱਚਾ ਤਾਪਮਾਨ ਹੋਣਾ ਹੈ, ਜੋ ਸਥਿਤੀ ਨੂੰ ਹੋਰ ਵਿਗਾੜ ਸਕਦਾ ਹੈ ਕਿਉਂਕਿ ਭਾਰਤ ਪਹਿਲਾਂ ਹੀ ਨਿੱਘੀਆਂ ਸਰਦੀਆਂ ਦੇਖ ਰਿਹਾ ਹੈ।
ਦਿੱਲੀ ਸਥਿਤ ਜਲਵਾਯੂ ਥਿੰਕ ਟੈਂਕ 'ਕਲਾਈਮੇਟ ਟਰੈਂਡਜ਼' ਦੇ ਇੱਕ ਤਾਜ਼ਾ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਉੱਤਰੀ ਭਾਰਤ ਵਿੱਚ ਸਰਦੀਆਂ ਛੋਟੀਆਂ ਹੋ ਰਹੀਆਂ ਹਨ ਅਤੇ ਫ਼ਰਵਰੀ-ਮਾਰਚ ਦੌਰਾਨ ਤਾਪਮਾਨ ਵਧਣਾ ਆਮ ਹੁੰਦਾ ਜਾ ਰਿਹਾ ਹੈ।
ਕਲਾਈਮੇਟ ਟਰੈਂਡਜ਼ ਮੁਤਾਬਕ, ਫ਼ਰਵਰੀ ਮਹੀਨੇ ਵਿੱਚ ਸਭ ਤੋਂ ਤੇਜ਼ੀ ਨਾਲ ਤਾਪਮਾਨ ਵਧਿਆ ਹੈ, ਜਿਸ ਵਿੱਚ ਪ੍ਰਤੀ ਦਹਾਕਾ 0.69 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਮਾਰਚ ਅਤੇ ਅਪਰੈਲ ਵਿੱਚ ਵੀ ਕ੍ਰਮਵਾਰ 0.58 ਡਿਗਰੀ ਸੈਲਸੀਅਸ ਅਤੇ 0.66 ਡਿਗਰੀ ਸੈਲਸੀਅਸ ਦਾ ਮਹੱਤਵਪੂਰਨ ਵਾਧਾ ਦੇਖਣ ਨੂੰ ਮਿਲਦਾ ਹੈ।
ਇਸ ਨਾਲ ਕਣਕ ਵਰਗੀਆਂ ਹਾੜ੍ਹੀ ਫ਼ਸਲਾਂ ਉੱਤੇ ਟਰਮੀਨਲ ਹੀਟ ਸਟ੍ਰੈੱਸ (ਗਰਮੀ ਦੇ ਦਬਾਅ) ਦਾ ਖ਼ਤਰਾ ਵਧ ਰਿਹਾ ਹੈ।
ਅਧਿਐਨ ਵਿੱਚ ਕਿਹਾ ਗਿਆ ਹੈ, “ਤਾਪਮਾਨ ਵਿੱਚ ਇਹ ਤਬਦੀਲੀਆਂ ਕਣਕ ਦੇ ਦਾਣੇ ਬਣਨ ਅਤੇ ਪੱਕਣ ਦੇ ਪੜਾਵਾਂ ਨਾਲ ਮੇਲ ਖਾਂਦੀਆਂ ਹਨ ਅਤੇ ਕਣਕ ਪੈਦਾ ਕਰਨ ਵਾਲੇ ਪ੍ਰਮੁੱਖ ਖੇਤਰਾਂ ਵਿੱਚ ਉਤਪਾਦਨ ਨੂੰ ਪਹਿਲਾਂ ਹੀ ਪ੍ਰਭਾਵਿਤ ਕਰ ਰਹੀਆਂ ਹਨ।”

