Chest ਅਤੇ Breast ਸਮਾਨਾਰਥੀ: ਲਿੰਗੀ ਮਨਸ਼ਾ ਨਾਲ ਬੱਚੇ ਦੀ ਛਾਤੀ ਨੂੰ ਛੂਹਣਾ ਯੌਨ ਹਮਲਾ( Sexual Assault)
HC ਨੇ ਨਾਬਾਲਗ ਲੜਕੇ ਨਾਲ ਛੇੜਛਾੜ ਦੇ ਮਾਮਲੇ ’ਚ ਦੋਸ਼ੀ ਦੀ ਸਜ਼ਾ ਰੱਖੀ ਬਰਕਰਾਰ
ਕੇਰਲ ਹਾਈ ਕੋਰਟ ਨੇ ਇੱਕ ਮਹੱਤਵਪੂਰਨ ਫੈਸਲਾ ਸੁਣਾਉਂਦਿਆਂ ਸਪੱਸ਼ਟ ਕੀਤਾ ਹੈ ਕਿ ਕਿਸੇ ਬੱਚੇ ਦੀ ਛਾਤੀ ਨੂੰ ਲਿੰਗੀ ਮਨਸ਼ਾ (Sexual intent) ਨਾਲ ਛੂਹਣਾ ਜਾਂ ਫੜਨਾ 'ਯੌਨ ਹਮਲੇ' (Sexual assault) ਦੇ ਦਾਇਰੇ ਵਿੱਚ ਆਉਂਦਾ ਹੈ। ਅਦਾਲਤ ਨੇ ਟਿੱਪਣੀ ਕੀਤੀ ਕਿ ਯੌਨ ਸ਼ੋਸ਼ਣ ਦੇ ਮਾਮਲਿਆਂ ਵਿੱਚ ਆਮ ਤੌਰ ’ਤੇ Chest (ਛਾਤੀ) ਸ਼ਬਦ ਦੀ ਵਰਤੋਂ Breast ਦੇ ਸਮਾਨਾਰਥੀ ਵਜੋਂ ਕੀਤੀ ਜਾਂਦੀ ਹੈ। ਹਾਲਾਂਕਿ, ਹਾਈ ਕੋਰਟ ਨੇ ਦੋਸ਼ੀ ਦੀ ਸਜ਼ਾ ਨੂੰ ‘ਗੰਭੀਰ ਯੌਨ ਹਮਲੇ’ (Aggravated sexual assault) ਤੋਂ ਬਦਲ ਕੇ ‘ਯੌਨ ਹਮਲੇ’ ਵਿੱਚ ਤਬਦੀਲ ਕਰ ਦਿੱਤਾ ਅਤੇ ਉਸ ਦੀ 7 ਸਾਲ ਦੀ ਕੈਦ ਦੀ ਸਜ਼ਾ ਘਟਾ ਕੇ 3 ਸਾਲ ਦੀ ਸਖ਼ਤ ਕੈਦ ਕਰ ਦਿੱਤੀ।
ਜਸਟਿਸ ਏ. ਬਦਰੂਦੀਨ ਨੇ 10 ਜੁਲਾਈ ਦੇ ਆਪਣੇ ਹੁਕਮ ਵਿੱਚ ਕਿਹਾ ਕਿ ਜੇਕਰ ਕੋਈ ਵਿਅਕਤੀ ਲਿੰਗੀ ਮਨਸ਼ਾ ਨਾਲ ਬੱਚੇ ਦੇ ਸਰੀਰ ਦੇ ਇਸ ਹਿੱਸੇ ਨੂੰ ਛੂਹੰਦਾ ਹੈ ਜਾਂ ਬਿਨਾਂ ਪੈਨੇਟ੍ਰੇਸ਼ਨ (Penetration) ਤੋਂ ਸਰੀਰਕ ਸੰਪਰਕ ਬਣਾਉਂਦਾ ਹੈ, ਤਾਂ ਇਹ ਪੋਕਸੋ (POCSO) ਐਕਟ ਦੇ ਤਹਿਤ ਯੌਨ ਹਮਲੇ ਦਾ ਅਪਰਾਧ ਹੈ। ਅਦਾਲਤ ਨੇ ਡਿਕਸ਼ਨਰੀ ਦੀਆਂ ਪਰਿਭਾਸ਼ਾਵਾਂ ਦਾ ਹਵਾਲਾ ਦਿੰਦਿਆਂ ਮੰਨਿਆ ਕਿ ਡਾਕਟਰੀ ਅਤੇ ਸਰੀਰਕ ਬਣਤਰ (Medical and anatomical) ਦੇ ਹਿਸਾਬ ਨਾਲ ਦੋਵਾਂ ਸ਼ਬਦਾਂ ਵਿੱਚ ਅੰਤਰ ਹੈ, ਪਰ ਸ਼ੋਸ਼ਣ ਦੇ ਮਾਮਲਿਆਂ ਵਿੱਚ ਪੀੜਤ ਵੱਲੋਂ ‘ਛਾਤੀ’ ਸ਼ਬਦ ਦੀ ਵਰਤੋਂ ਨੂੰ ‘ਬ੍ਰੈਸਟ’ ਹੀ ਮੰਨਿਆ ਜਾਵੇਗਾ।
ਕੀ ਹੈ ਪੂਰਾ ਮਾਮਲਾ?
ਇਹ ਮਾਮਲਾ 15 ਮਈ 2022 ਦਾ ਹੈ, ਜਦੋਂ ਦੋਸ਼ੀ ਨੇ ਇੱਕ 12 ਸਾਲਾ ਲੜਕੇ ਦੀ ਛਾਤੀ ਨੂੰ ਨੱਪਿਆ ਅਤੇ ਪਿੱਛੋਂ ਉਸ ਦਾ ਪੇਟ ਫੜ ਲਿਆ। ਦੋਸ਼ੀ ਨੇ ਬੱਚੇ ਦਾ ਹੱਥ ਫੜ ਕੇ ਉਸ ਨੂੰ 50 ਰੁਪਏ ਦਾ ਲਾਲਚ ਦਿੱਤਾ ਅਤੇ ਨੇੜੇ ਦੇ ਇੱਕ ਖਾਲੀ ਮਕਾਨ ’ਚ ਚੱਲਣ ਲਈ ਕਿਹਾ। ਬੱਚਾ ਕਿਸੇ ਤਰ੍ਹਾਂ ਭੱਜ ਕੇ ਘਰ ਪਹੁੰਚਿਆ ਅਤੇ ਆਪਣੇ ਮਾਪਿਆਂ ਨੂੰ ਆਪਬੀਤੀ ਦੱਸੀ, ਜਿਸ ਤੋਂ ਬਾਅਦ ਪੁਲੀਸ ਨੇ ਮਾਮਲਾ ਦਰਜ ਕੀਤਾ ਸੀ।
ਦੋਸ਼ੀ ਦੇ ਵਕੀਲਾਂ ਨੇ ਅਦਾਲਤ ’ਚ ਦਲੀਲ ਦਿੱਤੀ ਸੀ ਕਿ ਸਿਰਫ਼ ਛਾਤੀ ਨੂੰ ਛੂਹਣਾ ਯੌਨ ਹਮਲਾ ਨਹੀਂ ਅਖਵਾਉਂਦਾ ਅਤੇ Chest ਤੇ Breast ਦੋ ਅਲੱਗ-ਅਲੱਗ ਅੰਗ ਹਨ। ਹਾਲਾਂਕਿ, ਹਾਈ ਕੋਰਟ ਨੇ ਇਸ ਦਲੀਲ ਨੂੰ ਰੱਦ ਕਰਦਿਆਂ ਕਿਹਾ ਕਿ ਸ਼ਬਦਾਂ ਦਾ ਇਹ ਅੰਤਰ ਅਪਰਾਧ ਦੀ ਗੰਭੀਰਤਾ ਨੂੰ ਘੱਟ ਨਹੀਂ ਕਰ ਸਕਦਾ। ਵਿਸ਼ੇਸ਼ ਅਦਾਲਤ ਵੱਲੋਂ ਸੁਣਾਈ ਗਈ ਪਹਿਲੀ ਸਜ਼ਾ ’ਚ ਸੋਧ ਕਰਦਿਆਂ ਹਾਈ ਕੋਰਟ ਨੇ ਦੋਸ਼ੀ ਨੂੰ 3 ਸਾਲ ਦੀ ਕੈਦ ਅਤੇ 5,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ’ਚ ਦੋਸ਼ੀ ਨੂੰ ਦੋ ਹਫ਼ਤੇ ਵਾਧੂ ਕੈਦ ਭੁਗਤਣੀ ਪਵੇਗੀ।
‘ਛਾਤੀ ਬਨਾਮ ਬ੍ਰੈਸਟ’ (Chest vs Breast)
ਅਦਾਲਤ ਨੇ ਕਿਹਾ ਕਿ ਆਕਸਫੋਰਡ ਡਿਕਸ਼ਨਰੀ ‘ਬ੍ਰੈਸਟ’ (Breast) ਨੂੰ ਔਰਤ ਦੇ ਸਰੀਰ ਦੇ ਅਜਿਹੇ ਅੰਗ ਵਜੋਂ ਪਰਿਭਾਸ਼ਿਤ ਕਰਦੀ ਹੈ ਜੋ ਦੁੱਧ ਪੈਦਾ ਕਰਦੇ ਹਨ ਜਾਂ ਮਰਦ ਦੇ ਸਰੀਰ ’ਤੇ ਮੌਜੂਦ ਇਸੇ ਤਰ੍ਹਾਂ ਦੇ ਛੋਟੇ ਅਤੇ ਘੱਟ ਵਿਕਸਤ ਅੰਗ। ਦੂਜੇ ਪਾਸੇ, ਵੈਬਸਟਰ ਡਿਕਸ਼ਨਰੀ 'ਚੈਸਟ' (Chest) ਸ਼ਬਦ ਨੂੰ ‘ਮਨੁੱਖਾਂ’ ਅਤੇ ਕੁਝ ਜਾਨਵਰਾਂ ਦੇ ਸਰੀਰ ਦਾ ਉਪਰਲਾ ਅਗਲਾ ਹਿੱਸਾ, ਜੋ ਪੇਟ ਅਤੇ ਧੌਣ ਦੇ ਵਿਚਕਾਰ ਹੁੰਦਾ ਹੈ ਅਤੇ ਜਿਸ ਵਿੱਚ ਦਿਲ ਤੇ ਫੇਫੜੇ ਹੁੰਦੇ ਹਨ, ਵਜੋਂ ਪਰਿਭਾਸ਼ਿਤ ਕਰਦੀ ਹੈ।
ਹਾਈ ਕੋਰਟ ਨੇ ਟਿੱਪਣੀ ਕੀਤੀ ਕਿ ਭਾਵੇਂ ਡਾਕਟਰੀ ਅਤੇ ਸਰੀਰਕ ਬਣਤਰ ਦੇ ਹਿਸਾਬ ਨਾਲ Chest ਅਤੇ Breast ਸ਼ਬਦਾਂ ਵਿੱਚ ਅੰਤਰ ਹੈ, ਪਰ ਯੌਨ ਛੇੜਛਾੜ ਦੇ ਮਾਮਲਿਆਂ ਵਿੱਚ Chest ਸ਼ਬਦ ਦੀ ਵਰਤੋਂ ਆਮ ਤੌਰ ’ਤੇ ‘Breast’ ਦੇ ਸਮਾਨਾਰਥੀ ਵਜੋਂ ਕੀਤੀ ਜਾਂਦੀ ਹੈ। ਅਦਾਲਤ ਨੇ ਫੈਸਲਾ ਸੁਣਾਇਆ ਕਿ ਬੱਚੇ ਦਾ ਇਹ ਬਿਆਨ ਕਿ ਮੁਲਜ਼ਮ ਨੇ ਲਿੰਗੀ ਮਨਸ਼ਾ ਨਾਲ ਉਸ ਦੀ ਛਾਤੀ (Chest) ਨੂੰ ਫੜਿਆ ਸੀ, ‘ਬ੍ਰੈਸਟ’ (Breast) ਹਿੱਸੇ ਨੂੰ ਹੀ ਫੜਨ ਵੱਲ ਇਸ਼ਾਰਾ ਕਰਦਾ ਹੈ, ਅਤੇ ਇਨ੍ਹਾਂ ਦੋਵਾਂ ਸ਼ਬਦਾਂ ਦਾ ਅੰਤਰ ਇਲਜ਼ਾਮ ਨੂੰ ਖਾਰਜ ਨਹੀਂ ਕਰ ਸਕਦਾ।

