Canada Immigration: ਪ੍ਰੋਵਿੰਸ਼ੀਅਲ ਨੌਮਿਨੀ ਉਮੀਦਵਾਰਾਂ ਲਈ ਵਰਕ ਪਰਮਿਟ ਹਾਸਲ ਕਰਨਾ ਹੋਵੇਗਾ ਆਸਾਨ
Canada Work Permit Update: ਵਿਦੇਸ਼ੀ ਨਾਗਰਿਕਾਂ ਅਤੇ ਉਨ੍ਹਾਂ ਦੇ ਜੀਵਨ ਸਾਥੀਆਂ ਨੂੰ ਵਰਕ ਪਰਮਿਟ ਪ੍ਰਾਪਤ ਕਰਨ ਵਿੱਚ ਆ ਰਹੀਆਂ ਮੁਸ਼ਕਲਾਂ ਘਟਾਉਣ ਲਈ ਨਵੀਆਂ ਰਿਆਇਤਾਂ ਦਾ ਐਲਾਨ ਕੀਤਾ
Canada Work Permit Update: ਕੈਨੇਡਾ ਸਰਕਾਰ ਨੇ ਪ੍ਰੋਵਿੰਸ਼ੀਅਲ ਨੌਮਿਨੀ ਪ੍ਰੋਗਰਾਮ (ਪੀ ਐਨ ਪੀ) ਅਧੀਨ ਸਥਾਈ ਨਿਵਾਸ ਲਈ ਅਰਜ਼ੀ ਦੇ ਚੁੱਕੇ ਵਿਦੇਸ਼ੀ ਨਾਗਰਿਕਾਂ ਅਤੇ ਉਨ੍ਹਾਂ ਦੇ ਜੀਵਨ ਸਾਥੀਆਂ ਨੂੰ ਵਰਕ ਪਰਮਿਟ ਪ੍ਰਾਪਤ ਕਰਨ ਵਿੱਚ ਆ ਰਹੀਆਂ ਮੁਸ਼ਕਲਾਂ ਘਟਾਉਣ ਲਈ ਨਵੀਆਂ ਅਸਥਾਈ ਰਿਆਇਤਾਂ ਦਾ ਐਲਾਨ ਕੀਤਾ ਹੈ। ਇਸ ਨਾਲ ਉਮੀਦਵਾਰਾਂ ਨੂੰ ਸਥਾਈ ਨਿਵਾਸ ਅਰਜ਼ੀ ਦੀ ਪ੍ਰਕਿਰਿਆ ਦੌਰਾਨ ਕੰਮ ਕਰਨ ਦੀ ਆਪਣੀ ਕਾਨੂੰਨੀ ਮਨਜ਼ੂਰੀ ਵਿੱਚ ਮਦਦ ਮਿਲੇਗੀ।
ਇਮੀਗ੍ਰੇਸ਼ਨ, ਰਿਫ਼ਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ ਆਰ ਸੀ ਸੀ) ਵੱਲੋਂ 9 ਜੂਨ 2026 ਤੋਂ ਲਾਗੂ ਕੀਤੀਆਂ ਗਈਆਂ ਇਨ੍ਹਾਂ ਵਿਵਸਥਾਵਾਂ ਤਹਿਤ ਹੁਣ ਪੀ ਐਨ ਪੀ ਉਮੀਦਵਾਰਾਂ ਨੂੰ ਵਰਕ ਪਰਮਿਟ ਲਈ ਅਰਜ਼ੀ ਦੇਣ ਸਮੇਂ ਸਥਾਈ ਨਿਵਾਸ ਅਰਜ਼ੀ ਦੀ "ਐਕਨਾਲੇਜਮੈਂਟ ਆਫ਼ ਰਿਸੀਪਟ" (ਏ ਓ ਆਰ) ਪ੍ਰਾਪਤ ਹੋਣ ਦੀ ਉਡੀਕ ਨਹੀਂ ਕਰਨੀ ਪਵੇਗੀ। ਨਵੇਂ ਨਿਯਮ ਬਰਿੱਜ ਓਪਨ ਵਰਕ ਪਰਮਿਟ, ਮਿਆਦ ਪੁੱਗ ਚੁੱਕੀ ਨਾਮਜ਼ਦਗੀ ਵਾਲੇ ਪੀ ਐਨ ਪੀ ਨਿਰਯੋਗਤਾ-ਵਿਸ਼ੇਸ਼ ਵਰਕ ਪਰਮਿਟ ਅਤੇ ਯੋਗ ਜੀਵਨ ਸਾਥੀਆਂ ਲਈ ਓਪਨ ਵਰਕ ਪਰਮਿਟ ਅਰਜ਼ੀਆਂ 'ਤੇ ਲਾਗੂ ਹੋਣਗੇ।
AOR ਦੀ ਥਾਂ ਉਮੀਦਵਾਰ ਹੁਣ ਔਨਲਾਈਨ ਪੋਰਟਲ ਰਾਹੀਂ ਸਥਾਈ ਨਿਵਾਸ ਅਰਜ਼ੀ ਜਮ੍ਹਾਂ ਕਰਵਾਉਣ ਦੀ ਪੁਸ਼ਟੀ ਕਰਨ ਵਾਲੀ ਈ-ਮੇਲ ਅਤੇ ਫ਼ੀਸ ਭੁਗਤਾਨ ਦਾ ਸਬੂਤ ਪੇਸ਼ ਕਰ ਸਕਣਗੇ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਅਧਿਕਾਰੀ ਆਪਣੇ ਰਿਕਾਰਡਾਂ ਰਾਹੀਂ ਵੀ ਇਹ ਪੁਸ਼ਟੀ ਕਰ ਸਕਣਗੇ ਕਿ ਸਥਾਈ ਨਿਵਾਸ ਲਈ ਅਰਜ਼ੀ ਪ੍ਰਾਪਤ ਹੋ ਚੁੱਕੀ ਹੈ ਅਤੇ ਹਾਲੇ ਵਿਚਾਰ ਅਧੀਨ ਹੈ।
IRCC ਅਨੁਸਾਰ ਇਹ ਕਦਮ ਸਥਾਈ ਨਿਵਾਸ ਅਰਜ਼ੀਆਂ ਦੀ ਜਾਂਚ ਪ੍ਰਕਿਰਿਆ ਵਿੱਚ ਹੋ ਰਹੀ ਦੇਰੀ ਅਤੇ AOR ਜਾਰੀ ਹੋਣ ਲਈ ਲੰਬੇ ਇੰਤਜ਼ਾਰ ਕਾਰਨ ਚੁੱਕੇ ਗਏ ਹਨ। ਲੰਬੀ ਉਡੀਕ ਕਰਕੇ ਕਈ ਉਮੀਦਵਾਰਾਂ ਦੇ ਵਰਕ ਪਰਮਿਟ ਦੀ ਮਿਆਦ ਖ਼ਤਮ ਹੋਣ ਦਾ ਖ਼ਤਰਾ ਪੈਦਾ ਹੋ ਰਿਹਾ ਸੀ। ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਇਹ ਅਸਥਾਈ ਰਿਆਇਤ ਸਿਰਫ਼ ਉਨ੍ਹਾਂ ਉਮੀਦਵਾਰਾਂ ਲਈ ਹੈ ਜਿਨ੍ਹਾਂ ਨੂੰ ਹਾਲੇ ਤੱਕ ਏਓਆਰ ਪ੍ਰਾਪਤ ਨਹੀਂ ਹੋਈ ਜਿਨ੍ਹਾਂ ਨੂੰ ਏਓਆਰ ਮਿਲ ਚੁੱਕੀ ਹੈ, ਉਨ੍ਹਾਂ ਨੂੰ ਵਰਕ ਪਰਮਿਟ ਅਰਜ਼ੀ ਦੇ ਨਾਲ ਉਹ ਦਸਤਾਵੇਜ਼ ਪੇਸ਼ ਕਰਨਾ ਲਾਜ਼ਮੀ ਹੋਵੇਗਾ। ਇਹ ਵਿਸ਼ੇਸ਼ ਵਿਵਸਥਾ 31 ਦਸੰਬਰ 2026 ਤੱਕ ਲਾਗੂ ਰਹੇਗੀ।
ਇਸ ਤੋਂ ਇਲਾਵਾ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ 10 ਜੂਨ 2026 ਤੱਕ ਕੈਨੇਡਾ ਅੰਦਰੋਂ ਕੀਤੀਆਂ ਵਰਕ ਪਰਮਿਟ ਅਤੇ ਐਕਸਟੈਂਸ਼ਨ ਅਰਜ਼ੀਆਂ ਦੀ ਪ੍ਰੋਸੈਸਿੰਗ ਮਿਆਦ 186 ਦਿਨ ਰਹਿ ਗਈ ਹੈ, ਜਦਕਿ 6 ਮਈ 2026 ਨੂੰ ਇਹ 212 ਦਿਨ ਸੀ। ਇਸ ਤਰ੍ਹਾਂ ਉਡੀਕ ਸਮੇਂ ਵਿੱਚ 26 ਦਿਨਾਂ ਦੀ ਕਮੀ ਦਰਜ ਕੀਤੀ ਗਈ ਹੈ।
ਵਿਭਾਗ ਦਾ ਟੀਚਾ ਹੈ ਕਿ ਕੈਨੇਡਾ ਅੰਦਰੋਂ ਆਉਣ ਵਾਲੀਆਂ 80 ਫ਼ੀਸਦੀ ਵਰਕ ਪਰਮਿਟ ਅਰਜ਼ੀਆਂ ਦਾ ਨਿਪਟਾਰਾ ਚਾਰ ਮਹੀਨਿਆਂ ਦੇ ਅੰਦਰ ਕੀਤਾ ਜਾਵੇ। ਉੱਚ ਪ੍ਰੋਸੈਸਿੰਗ ਸਮੇਂ ਕਾਰਨ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਕੈਨੇਡਾ ਸਰਕਾਰ ਨੇ ਅਪਰੈਲ 2026 ਵਿੱਚ ਵਰਕ ਪਰਮਿਟ ਸਪੋਰਟ ਲੈਟਰਾਂ ਦੀ ਵੈਧਤਾ ਮਿਆਦ ਛੇ ਮਹੀਨਿਆਂ ਤੋਂ ਵਧਾ ਕੇ ਇੱਕ ਸਾਲ ਕਰ ਦਿੱਤੀ ਸੀ।
