CM Bhagwant Mann ਨੇ ਰਾਜੋਮਾਜਰਾ ’ਚ ਨੌਜਵਾਨਾਂ ਨਾਲ ਖੇਡੀ ਵਾਲੀਬਾਲ
ਮੁੰਡਿਆਂ ਦੀ ਐਨਰਜੀ ਤੇ ਜੋਸ਼ ਦੇਖ ਕੇ ਦਿਲ ਖੁਸ਼ ਹੋਇਆ: ਭਗਵੰਤ ਮਾਨ; ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਤਸਵੀਰਾਂ
Bhagwant Mann plays volleyball with youth: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਵਿਧਾਨ ਸਭਾ ਹਲਕੇ ਧੂਰੀ ਦੇ ਪਿੰਡ ਰਾਜੋਮਾਜਰਾ ਵਿਚ ਕੁਝ ਸਮਾਂ ਰੁਕੇ ਤੇ ਨੌਜਵਾਨਾਂ ਨਾਲ ਵਾਲੀਬਾਲ ਖੇਡੀ।
View this post on Instagram
ਦੱਸਿਆ ਜਾ ਰਿਹਾ ਹੈ ਕਿ ਕਿਸੇ ਸਮਾਗਮ ਵਿਚ ਜਾ ਰਹੇ ਸਨ ਤੇ ਉਹ ਰਸਤੇ ਵਿੱਚ ਇੱਥੇ ਰੁਕੇ ਅਤੇ ਮੈਦਾਨ ਵਿੱਚ ਖੇਡ ਰਹੇ ਨੌਜਵਾਨਾਂ ਨਾਲ ਵਾਲੀਬਾਲ ਖੇਡਣ ਲੱਗ ਪਏ।
ਮੁੱਖ ਮੰਤਰੀ ਨੇ ਇਸ ਮੌਕੇ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਸਾਂਝੀਆਂ ਕੀਤੀਆਂ। ਉਨ੍ਹਾਂ ਲਿਖਿਆ, ‘‘ਅੱਜ ਆਪਣੇ ਹਲਕੇ ਧੂਰੀ ਦੇ ਪਿੰਡ ਰਾਜੋਮਾਜਰਾ ਵਿਚ ਨੌਜਵਾਨਾਂ ਨਾਲ ਵਾਲੀਬਾਲ ਖੇਡ ਕੇ ਬਹੁਤ ਵਧੀਆ ਲੱਗਿਆ.. ਮੁੰਡਿਆਂ ਦੀ ਐਨਰਜੀ ਤੇ ਜੋਸ਼ ਦੇਖ ਕੇ ਦਿਲ ਖੁਸ਼ ਹੋਇਆ।’’
ਭਗਵੰਤ ਮਾਨ ਵੱਲੋਂ ਅਚਾਨਕ ਰੁਕ ਕੇ ਨੌਜਵਾਨਾਂ ਨਾਲ ਖੇਡਣ ਦਾ ਇਹ ਪਲ ਮੌਕੇ ’ਤੇ ਮੌਜੂਦ ਲੋਕਾਂ ਲਈ ਵੀ ਖਿੱਚ ਦਾ ਕੇਂਦਰ ਬਣਿਆ। ਮੁੱਖ ਮੰਤਰੀ ਨੇ ਨੌਜਵਾਨਾਂ ਨਾਲ ਵਾਲੀਬਾਲ ਖੇਡਦਿਆਂ ਕੁਝ ਸਮਾਂ ਮੈਦਾਨ ਵਿੱਚ ਬਿਤਾਇਆ ਅਤੇ ਇਸ ਦੌਰਾਨ ਖੇਡ ਪ੍ਰਤੀ ਨੌਜਵਾਨਾਂ ਦੇ ਉਤਸ਼ਾਹ ਨੂੰ ਨੇੜਿਓਂ ਦੇਖਿਆ।
Punjab Assembly elections 2027: ‘ਆਪ’ ਨੇ ਲੁਧਿਆਣਾ ਤੋਂ ਚੋਣ ਮੁਹਿੰਮ ਦੀ ਕੀਤੀ ਸ਼ੁਰੂਆਤ
ਮੁੱਖ ਮੰਤਰੀ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਉਹ ਨੌਜਵਾਨਾਂ ਨਾਲ ਵਾਲੀਬਾਲ ਖੇਡਦੇ ਨਜ਼ਰ ਆ ਰਹੇ ਹਨ। ਭਗਵੰਤ ਮਾਨ ਪਹਿਲਾਂ ਵੀ ਵੱਖ-ਵੱਖ ਮੌਕਿਆਂ ’ਤੇ ਖੇਡਾਂ ਨਾਲ ਜੁੜੇ ਪ੍ਰੋਗਰਾਮਾਂ ਵਿੱਚ ਖੁਦ ਖੇਡਦੇ ਰਹੇ ਹਨ। ਸਾਲ 2022 ਵਿੱਚ ਵੀ ਉਨ੍ਹਾਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਉਦਘਾਟਨ ਮੌਕੇ ਵਾਲੀਬਾਲ ਖੇਡੀ ਸੀ।
ਰਾਜੋਮਾਜਰਾ ਵਿੱਚ ਮੁੱਖ ਮੰਤਰੀ ਦਾ ਇਹ ਰੁਕਣਾ ਉਸ ਸਮੇਂ ਹੋਇਆ ਜਦੋਂ ਉਹ ਪਿਛਲੇ ਦੋ ਦਿਨਾਂ ਤੋਂ ਲੁਧਿਆਣਾ ਵਿੱਚ ਚੱਲ ਰਹੀਆਂ ਆਪਣੀਆਂ ਸਰਗਰਮੀਆਂ ਕਾਰਨ ਚਰਚਾ ਵਿੱਚ ਹਨ। 18 ਸਤੰਬਰ ਨੂੰ ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਦੋ ਰੋਜ਼ਾ ਕਿਸਾਨ ਮੇਲੇ ਦਾ ਉਦਘਾਟਨ ਕੀਤਾ ਸੀ। ਇਸ ਮੌਕੇ ਅਗਾਂਹਵਧੂ ਕਿਸਾਨਾਂ ਅਤੇ ਖੇਤੀ ਖੇਤਰ ਵਿੱਚ ਯੋਗਦਾਨ ਪਾਉਣ ਵਾਲੇ ਮਾਹਿਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਕਿਸਾਨ ਮੇਲੇ ਦੌਰਾਨ ਮੁੱਖ ਮੰਤਰੀ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਖੇਤੀ, ਪਾਣੀ ਅਤੇ ਪਰਾਲੀ ਦੇ ਮੁੱਦਿਆਂ ’ਤੇ ਵੀ ਆਪਣੀ ਸਰਕਾਰ ਦਾ ਪੱਖ ਰੱਖਿਆ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਖ਼ਿਲਾਫ਼ ਪਰਚੇ ਦਰਜ ਕਰਨ ਦੀ ਥਾਂ ਸਮੱਸਿਆ ਦਾ ਵਿਹਾਰਕ ਹੱਲ ਚਾਹੁੰਦੀ ਹੈ। ਉਨ੍ਹਾਂ ਪਰਾਲੀ ਪ੍ਰਬੰਧਨ ਲਈ ਪ੍ਰਤੀ ਏਕੜ ਕਰੀਬ 1,500 ਰੁਪਏ ਦੀ ਸਿੱਧੀ ਸਹਾਇਤਾ ਦੀ ਗੱਲ ਵੀ ਕੀਤੀ।
ਇਸ ਤੋਂ ਬਾਅਦ ਅੱਜ ਲੁਧਿਆਣਾ ਵਿੱਚ ਮੁੱਖ ਮੰਤਰੀ ਦੀ ਆਮਦ ਮੌਕੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਵੱਲੋਂ ਉਨ੍ਹਾਂ ਦੇ ਕਾਫ਼ਲੇ ਦੇ ਨੇੜੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ, ਜਿਸ ਮਗਰੋਂ ਪੰਜਾਬ ਪੁਲੀਸ ਨੇ ਬਿੱਟੂ ਅਤੇ ਕੁਝ ਹੋਰ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ।
ਇਨ੍ਹਾਂ ਸਿਆਸੀ ਅਤੇ ਸਰਕਾਰੀ ਸਰਗਰਮੀਆਂ ਤੋਂ ਵੱਖਰਾ ਮੁੱਖ ਮੰਤਰੀ ਦਾ ਰਾਜੋਮਾਜਰਾ ਵਿੱਚ ਨੌਜਵਾਨਾਂ ਨਾਲ ਵਾਲੀਬਾਲ ਖੇਡਣ ਦਾ ਪਲ ਸੋਸ਼ਲ ਮੀਡੀਆ ’ਤੇ ਸਾਹਮਣੇ ਆਇਆ ਹੈ। ਕੁਝ ਮਿੰਟਾਂ ਲਈ ਮੈਦਾਨ ਵਿੱਚ ਰੁਕ ਕੇ ਨੌਜਵਾਨਾਂ ਨਾਲ ਖੇਡਣ ਅਤੇ ਉਨ੍ਹਾਂ ਦੇ ਜੋਸ਼ ਨੂੰ ਨੇੜਿਓਂ ਦੇਖਣ ਦੀਆਂ ਤਸਵੀਰਾਂ ਮੁੱਖ ਮੰਤਰੀ ਨੇ ਖੁਦ ਸਾਂਝੀਆਂ ਕੀਤੀਆਂ ਹਨ।

