ਬੈਂਕ ਯੂਨੀਅਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 11 ਸਤੰਬਰ ਨੂੰ ਦੇਸ਼ ਵਿਆਪੀ ਹੜਤਾਲ ਦਾ ਐਲਾਨ
28 ਸਤੰਬਰ ਤੋਂ ਤਿੰਨ ਦਿਨਾਂ ਦੀ ਦੇਸ਼ ਵਿਆਪੀ ਹੜਤਾਲ ਦੀ ਵੀ ਧਮਕੀ
ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (ਯੂ ਐੱਫ਼ ਬੀ ਯੂ) ਨੇ ਹਫ਼ਤੇ ਵਿੱਚ ਸਿਰਫ਼ 5 ਦਿਨ ਬੈਂਕ ਖੋਲ੍ਹਣ ਦੀ ਮੰਗ ਨੂੰ ਲਾਗੂ ਕਰਨ ਵਿੱਚ ਹੋ ਰਹੀ ਦੇਰੀ, ਕੰਮ ਦੇ ਆਧਾਰ ਉੱਤੇ ਇਨਸੈਂਟਿਵ (ਬੋਨਸ) ਦੇਣ ਦੀ ਯੋਜਨਾ ਨੂੰ ਲੈ ਕੇ ਮਤਭੇਦਾਂ ਅਤੇ ਪੈਨਸ਼ਨ ਨਾਲ ਜੁੜੀਆਂ ਸਮੱਸਿਆਵਾਂ ਸਮੇਤ ਕਈ ਲੰਬਿਤ ਮੰਗਾਂ ਨੂੰ ਲੈ ਕੇ 11 ਸਤੰਬਰ ਨੂੰ ਦੇਸ਼ ਵਿਆਪੀ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਹੈ।
ਜੇਕਰ ਹੜਤਾਲ ਹੁੰਦੀ ਹੈ, ਤਾਂ ਦੇਸ਼ ਦੇ ਕਈ ਹਿੱਸਿਆਂ ਵਿੱਚ ਬੈਂਕਿੰਗ ਸੇਵਾਵਾਂ, ਖ਼ਾਸਕਰ ਜਨਤਕ ਖੇਤਰ ਦੇ ਬੈਂਕਾਂ ਵਿੱਚ, ਚਾਰ ਦਿਨਾਂ ਲਈ ਪ੍ਰਭਾਵਿਤ ਹੋਣਗੀਆਂ।
11 ਸਤੰਬਰ ਨੂੰ ਸ਼ੁੱਕਰਵਾਰ ਹੈ ਅਤੇ ਇਸ ਤੋਂ ਬਾਅਦ ਦੇ ਦੋ ਦਿਨ ਬੈਂਕਾਂ ਦੀ ਛੁੱਟੀ ਹੈ।
ਉੱਥੇ ਹੀ 14 ਸਤੰਬਰ ਨੂੰ ਗਣੇਸ਼ ਚਤੁਰਥੀ ਮੌਕੇ ਕੁਝ ਸੂਬਿਆਂ ਵਿੱਚ ਛੁੱਟੀ ਹੈ।
ਯੂ ਐੱਫ਼ ਬੀ ਯੂ (UFBU), ਜੋ ਕਿ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਨੌਂ ਯੂਨੀਅਨਾਂ ਦਾ ਇੱਕ ਸੰਗਠਨ ਹੈ, ਨੇ 28 ਸਤੰਬਰ ਤੋਂ ਤਿੰਨ ਦਿਨਾਂ ਦੀ ਦੇਸ਼ ਵਿਆਪੀ ਹੜਤਾਲ ਦੀ ਵੀ ਧਮਕੀ ਦਿੱਤੀ ਹੈ।
ਉਨ੍ਹਾਂ ਨੇ ਸਰਕਾਰ ਅਤੇ ਬੈਂਕ ਪ੍ਰਬੰਧਨ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦੇਣ ਦੀ ਸੂਰਤ ਵਿੱਚ 26 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣ ਦਾ ਫ਼ੈਸਲਾ ਵੀ ਕੀਤਾ ਹੈ।
ਯੂ ਐੱਫ ਬੀ ਯੂ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਫ਼ੈਸਲਾ ਐਤਵਾਰ ਨੂੰ ਹੋਈ ਇੱਕ ਮੀਟਿੰਗ ਵਿੱਚ ਯੂਨੀਅਨਾਂ ਵੱਲੋਂ ਸਰਕਾਰ ਦੇ ‘ਨਕਾਰਾਤਮਕ ਰਵੱਈਏ’ ਨੂੰ ਲੈ ਕੇ ਲਿਆ ਗਿਆ ਹੈ।
ਯੂਨੀਅਨਾਂ ਮੁਤਾਬਕ, 8 ਮਾਰਚ 2024 ਨੂੰ ਹੋਏ 12ਵੇਂ ਦੋ-ਪੱਖੀ ਸਮਝੌਤੇ ਅਤੇ 9ਵੇਂ ਸੰਯੁਕਤ ਨੋਟ ਵਿੱਚ ਪੰਜ ਦਿਨ ਦੀ ਬੈਂਕਿੰਗ ਵਿਵਸਥਾ 'ਤੇ ਸਹਿਮਤੀ ਬਣੀ ਸੀ। ਇਸ ਤਹਿਤ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਕੰਮ ਦੇ ਸਮੇਂ ਵਿੱਚ ਰੋਜ਼ਾਨਾ 40 ਮਿੰਟ ਦਾ ਵਾਧਾ ਕਰਨ ਦਾ ਪ੍ਰਸਤਾਵ ਸੀ। ਯੂਨੀਅਨਾਂ ਦਾ ਕਹਿਣਾ ਹੈ ਕਿ ਇਸ ਪ੍ਰਸਤਾਵ ਨੂੰ ਸਰਕਾਰ ਕੋਲ ਭੇਜੇ ਜਾਣ ਦੇ ਬਾਵਜੂਦ ਦੋ ਸਾਲ ਤੋਂ ਵੱਧ ਸਮੇਂ ਤੋਂ ਮਨਜ਼ੂਰੀ ਨਹੀਂ ਮਿਲੀ ਹੈ।

