Arsh Dalla Goldy Brar War: ਨਿੱਜਰ ਦੇ ਕਤਲ ਦੇ ਦਾਅਵੇ ਤੋਂ ਬਾਅਦ ਗੈਂਗਸਟਰਾਂ ’ਚ ਛਿੜੀ ਜੰਗ: ਅਰਸ਼ ਡੱਲਾ ਨੇ ਗੋਲਡੀ ਬਰਾੜ ਨੂੰ ਦਿੱਤੀ ਬਦਲਾ ਲੈਣ ਦੀ ਧਮਕੀ
ਡੱਲਾ ਨੇ ਗੋਲਡੀ ’ਤੇ ਏਜੰਸੀਆਂ ਲਈ ਕੰਮ ਕਰਨ ਦੇ ਲਾਏ ਦੋਸ਼
ਕੈਨੇਡਾ ਵਿੱਚ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਵੱਲੋਂ ਲਏ ਜਾਣ ਦੇ ਕੁਝ ਹੀ ਘੰਟਿਆਂ ਬਾਅਦ, ਕੈਨੇਡਾ ਬੈਠੇ ਗੈਂਗਸਟਰ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡੱਲਾ ਨੇ ਸੋਸ਼ਲ ਮੀਡੀਆ ’ਤੇ ਆ ਕੇ ਬਦਲਾ ਲੈਣ ਦੀ ਚਿਤਾਵਨੀ ਦਿੱਤੀ ਹੈ। ਸੋਸ਼ਲ ਮੀਡੀਆ ਚੈਨਲਾਂ ’ਤੇ ਸਾਂਝੀ ਕੀਤੀ 15 ਮਿੰਟ ਲੰਬੀ ਵੀਡੀਓ ਵਿੱਚ ਡੱਲਾ ਨੇ ਗੋਲਡੀ ਬਰਾੜ ਦੇ ਸਾਰੇ ਦਾਅਵਿਆਂ ਨੂੰ ਖਾਰਜ ਕੀਤਾ ਅਤੇ ਪੰਜਾਬੀ ਗਾਇਕਾਂ ਦੀ ਗੈਂਗਸਟਰਾਂ ਦੁਆਰਾ ਕੀਤੀ ਜਾਂਦੀ ਵਰਤੋਂ ਦਾ ਵੀ ਪਰਦਾਫਾਸ਼ ਕੀਤਾ। ਉਸਨੇ ਦੋਸ਼ ਲਾਇਆ ਕਿ ਗੈਂਗਸਟਰ ਪੰਜਾਬੀ ਗਾਇਕਾਂ ਤੋਂ ਮੁਫ਼ਤ ਵਿੱਚ ਸ਼ੋਅ ਕਰਵਾਉਂਦੇ ਹਨ ਅਤੇ ਸਾਰੀ ਕਮਾਈ ਆਪ ਹੜੱਪ ਜਾਂਦੇ ਹਨ। ਹਾਲਾਂਕਿ ਪੰਜਾਬੀ ਟ੍ਰਿਬਿਊਨ ਇਸ ਆਡੀਓ/ਵੀਡੀਓ ਦੀ ਪੁਸ਼ਟੀ ਨਹੀਂ ਕਰਦਾ
ਵੀਡੀਓ ਵਿੱਚ ਅਰਸ਼ ਡੱਲਾ ਨੇ ਸਪੱਸ਼ਟ ਕੀਤਾ ਕਿ ਕਤਲ ਵਾਲੇ ਦਿਨ ਉਹ ਨਿੱਜਰ ਦੇ ਨਾਲ ਨਹੀਂ ਸੀ ਅਤੇ ਨਾ ਹੀ ਉਹ ਕਤਲ ਤੋਂ ਸਾਲ ਪਹਿਲਾਂ ਨਿੱਜਰ ਨੂੰ ਮਿਲਿਆ ਸੀ। 2023 ਵਿੱਚ ਸਰੇ ਦੇ ਗੁਰਦੁਆਰਾ ਸਾਹਿਬ ਬਾਹਰ ਹੋਏ ਨਿੱਜਰ ਦੇ ਕਤਲ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਵੱਡਾ ਤਣਾਅ ਆ ਗਿਆ ਸੀ। ਡੱਲਾ ਨੇ ਗੋਲਡੀ ਦੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਨਿੱਜਰ ਨੇ ਕਦੇ ਵੀ ਉਸਨੂੰ ਪੈਸੇ, ਆਸਰਾ ਜਾਂ ਹਥਿਆਰ ਨਹੀਂ ਦਿੱਤੇ। ਡੱਲਾ ਨੇ ਗੋਲਡੀ ’ਤੇ ਪਲਟਵਾਰ ਕਰਦਿਆਂ ਦੋਸ਼ ਲਾਇਆ ਕਿ ਗੋਲਡੀ ਖੁਦ ਏਜੰਸੀਆਂ ਲਈ ਕੰਮ ਕਰ ਰਿਹਾ ਹੈ ਅਤੇ ਉਸਦੇ ਮਾਪਿਆਂ ’ਤੇ ਦਰਜ ਹੋਏ ਕੇਸ ਵੀ ਗੋਲਡੀ ਦੀ ਆਪਣੀ ਸਾਜ਼ਿਸ਼ ਦਾ ਹਿੱਸਾ ਸਨ।
ਡੱਲਾ ਨੇ ਦਾਅਵਾ ਕੀਤਾ ਕਿ ਉਹ ਆਪਣੀ ਕੌਮ ਨਾਲ ਧੋਖਾ ਨਹੀਂ ਕਰ ਰਿਹਾ। ਇਸ ਦੇ ਨਾਲ ਹੀ ਉਸਨੇ ਨਵੰਬਰ 2020 ਵਿੱਚ ਬਠਿੰਡਾ ਵਿੱਚ ਡੇਰਾ ਸੱਚਾ ਸੌਦਾ ਸਮਰਥਕ ਮਨੋਹਰ ਲਾਲ ਦੇ ਹੋਏ ਕਤਲ ਵਿੱਚ ਆਪਣਾ ਹੱਥ ਹੋਣ ਦੀ ਪੁਸ਼ਟੀ ਕੀਤੀ ਅਤੇ ਇਸਨੂੰ ਬੇਅਦਬੀ ਕਾਂਡ ਦਾ ਬਦਲਾ ਦੱਸਿਆ।
ਦੂਜੇ ਪਾਸੇ, ਲੀਕ ਹੋਈ ਇੱਕ ਆਡੀਓ ਕਲਿੱਪ ਵਿੱਚ ਗੋਲਡੀ ਬਰਾੜ ਨੇ ਵੱਖਵਾਦੀ ਅਤਿਵਾਦੀ ਪਰਮਜੀਤ ਸਿੰਘ ਪੰਮਾ ਨਾਲ ਗੱਲਬਾਤ ਦੌਰਾਨ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁੱਖ ਮੁਲਜ਼ਮ ਗੋਲਡੀ ਬਰਾੜ ਨੇ ਦਾਅਵਾ ਕੀਤਾ ਸੀ ਕਿ ਉਸਨੇ ਨਿੱਜਰ ਦਾ ਕਤਲ ਇਸ ਲਈ ਕਰਵਾਇਆ ਕਿਉਂਕਿ ਉਹ ਨਸ਼ਿਆਂ ਦੇ ਪ੍ਰਚਾਰ ਵਿੱਚ ਸ਼ਾਮਲ ਸੀ ਅਤੇ 16-17 ਸਾਲ ਦੇ ਨੌਜਵਾਨਾਂ ਨੂੰ ਨਸ਼ੇ ਵੇਚਣ ਲਈ ਵਰਤਦਾ ਸੀ। ਗੋਲਡੀ ਅਨੁਸਾਰ ਨਿੱਜਰ ਨੇ ਉਸਦੇ ਵਿਰੋਧੀ ਅਰਸ਼ ਡੱਲਾ ਨੂੰ ਆਸਰਾ, ਹਥਿਆਰ ਅਤੇ ਵਿੱਤੀ ਮਦਦ ਦਿੱਤੀ ਸੀ।

