Air India ਨੇ Phuket-Delhi Flight ਦੇ ਮੁੱਖ ਪਾਇਲਟ ਨੂੰ ਨੌਕਰੀ ਤੋਂ ਕੱਢਿਆ
ਡਰੱਗ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਕੀਤੀ ਵੱਡੀ ਕਾਰਵਾਈ; ਏ ਏ ਆਈ ਬੀ ਦੀ ਰਿਪੋਰਟ ਵਿਚ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦੀ ਹੋਈ ਸੀ ਪੁਸ਼ਟੀ
Air India pilot fired drug test: ਏਅਰ ਇੰਡੀਆ ਨੇ ਫੁਕੇਟ ਤੋਂ ਦਿੱਲੀ ਆਉਣ ਵਾਲੀ ਉਡਾਣ ਏਆਈ 2379 (AI2379) ਦੇ ਮੁੱਖ ਪਾਇਲਟ (ਪਾਇਲਟ-ਇਨ-ਕਮਾਂਡ) ਨੂੰ ਅੱਜ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਇਹ ਸਖ਼ਤ ਕਾਰਵਾਈ ਉਸ ਸਮੇਂ ਕੀਤੀ ਗਈ ਜਦੋਂ ਪਾਇਲਟ ਦਾ ਨਸ਼ੀਲੇ ਪਦਾਰਥ (ਸਾਈਕੋਐਕਟਿਵ ਸਬਸਟੈਂਸ) ਦਾ ਟੈਸਟ ਪੌਜ਼ੀਟਿਵ ਆ ਗਿਆ। 4 ਅਗਸਤ ਨੂੰ ਵਾਪਰੇ ਹਾਦਸੇ ਦੀ ਮੁਢਲੀ ਜਾਂਚ ਰਿਪੋਰਟ ਵਿੱਚ ਇਸ ਟੈਸਟ ਦੇ ਨਤੀਜੇ ਨੂੰ "ਗੰਭੀਰ ਚਿੰਤਾ" ਦਾ ਵਿਸ਼ਾ ਦੱਸਿਆ ਗਿਆ ਸੀ ਅਤੇ ਹਵਾਬਾਜ਼ੀ ਰੈਗੂਲੇਟਰ ਨੂੰ ਇਸ ਉੱਤੇ ਤਰਜੀਹੀ ਆਧਾਰ ਉੱਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਸੀ। ਏਅਰ ਇੰਡੀਆ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਹੈ ਕਿ ਸੁਰੱਖਿਆ ਏਅਰ ਇੰਡੀਆ ਦੀ ਸਭ ਤੋਂ ਪਹਿਲੀ ਤਰਜੀਹ ਹੈ ਅਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਪ੍ਰਤੀ ਕੰਪਨੀ ਦੀ ਨੀਤੀ ਬਿਲਕੁਲ ਸਖ਼ਤ ਹੈ, ਜਿਸ ਦੇ ਚਲਦਿਆਂ ਪਾਇਲਟ ਦੀ ਸੇਵਾ ਤੁਰੰਤ ਖ਼ਤਮ ਕਰ ਦਿੱਤੀ ਗਈ ਹੈ।
ਹਾਦਸੇ ਦੇ ਤਕਨੀਕੀ ਕਾਰਨ ਅਤੇ ਹਾਈਡ੍ਰੌਲਿਕ ਸਿਸਟਮ ਵਿੱਚ ਅਚਾਨਕ ਆਈ ਖਰਾਬੀ
ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਦੀ ਰਿਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ 36,000 ਫੁੱਟ ਦੀ ਉਚਾਈ 'ਤੇ ਉੱਡ ਰਿਹਾ ਏਅਰ ਇੰਡੀਆ ਦਾ ਏ320 ਜਹਾਜ਼, ਜਿਸ ਵਿੱਚ 145 ਲੋਕ ਸਵਾਰ ਸਨ, ਸਿਰਫ਼ ਚਾਰ ਸਕਿੰਟਾਂ ਦੇ ਅੰਦਰ ਆਪਣੇ ਤਿੰਨੇ ਹਾਈਡ੍ਰੌਲਿਕ ਸਿਸਟਮਾਂ ਵਿੱਚੋਂ ਦਬਾਅ ਗੁਆ ਬੈਠਾ ਸੀ। ਇਸ ਤਕਨੀਕੀ ਖਰਾਬੀ ਕਾਰਨ ਜਹਾਜ਼ ਦਾ ਆਟੋਪਾਇਲਟ ਡਿਸਕਨੈਕਟ ਹੋ ਗਿਆ, ਸਟਾਲ ਵਾਰਨਿੰਗ ਵੱਜਣ ਲੱਗੀ ਅਤੇ ਜਹਾਜ਼ ਹਵਾ ਵਿੱਚ ਖਤਰਨਾਕ ਤਰੀਕੇ ਨਾਲ ਹਿੱਲ ਗਿਆ। ਇਸ ਘਟਨਾ ਕਾਰਨ ਜਹਾਜ਼ ਵਿੱਚ ਸਵਾਰ 24 ਲੋਕ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਵਿੱਚ 20 ਯਾਤਰੀ ਅਤੇ 4 ਕੈਬਿਨ ਕਰਿਊ ਮੈਂਬਰ ਸ਼ਾਮਲ ਸਨ।
ਹਾਲਾਂਕਿ ਰਿਪੋਰਟ ਵਿੱਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਪਾਇਲਟ ਦਾ ਨਸ਼ਾ ਕਰਨ ਦਾ ਟੈਸਟ ਪਾਜ਼ੇਟਿਵ ਆਉਣਾ ਹੀ ਇਸ ਹਾਦਸੇ ਦਾ ਸਿੱਧਾ ਕਾਰਨ ਸੀ, ਪਰ ਤਿੰਨਾਂ ਹਾਈਡ੍ਰੌਲਿਕ ਪ੍ਰਣਾਲੀਆਂ ਦਾ ਇੱਕੋ ਸਮੇਂ ਦਬਾਅ ਗੁਆਉਣਾ ਆਪਣੇ ਆਪ ਵਿੱਚ ਇੱਕ ਵੱਡੀ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਫਰੈਂਚ ਏਜੰਸੀ BEA ਦੇ ਤਕਨੀਕੀ ਮਾਹਰ ਇਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ।

