ਤਕਨੀਕੀ ਖ਼ਰਾਬੀ ਕਾਰਨ Air India ਦਾ ਲੰਡਨ ਜਾ ਰਿਹਾ ਜਹਾਜ਼ ਦਿੱਲੀ ਪਰਤਿਆ
ਸੱਤ ਘੰਟੇ ਹਵਾ ਵਿੱਚ ਰਹਿਣ ਮਗਰੋਂ ਹੋਈ ਸੁਰੱਖਿਅਤ ਲੈਂਡਿੰਗ; ਸਾਊਦੀ ਅਰਬ ਦੇ ਅਸਮਾਨ ਤੋਂ ਮੋੜਿਆ ਜਹਾਜ਼
Air India ਦੇ ਅਤਿ-ਆਧੁਨਿਕ ਏ350 (A350) ਜਹਾਜ਼ ਨੂੰ ਵੀਰਵਾਰ ਦੁਪਹਿਰ ਤਕਨੀਕੀ ਖ਼ਰਾਬੀ ਕਾਰਨ ਲੰਡਨ ਦੇ ਰਸਤੇ ਤੋਂ ਵਾਪਸ ਦਿੱਲੀ ਮੋੜਨਾ ਪਿਆ। ਜਹਾਜ਼ ਲਗਭਗ ਸੱਤ ਘੰਟੇ ਹਵਾ ਵਿੱਚ ਰਹਿਣ ਤੋਂ ਬਾਅਦ ਕੌਮੀ ਰਾਜਧਾਨੀ ਦੇ ਹਵਾਈ ਅੱਡੇ ’ਤੇ ਸੁਰੱਖਿਅਤ ਉਤਰਿਆ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਵਿੱਚੋਂ ਅਜੀਬ ਆਵਾਜ਼ਾਂ ਸੁਣਾਈ ਦੇਣ ਕਾਰਨ ਇਹ ਫੈਸਲਾ ਲਿਆ ਗਿਆ।
ਜਾਣਕਾਰੀ ਅਨੁਸਾਰ ਉਡਾਣ ‘ਏਆਈ-111’ ਨੇ ਵੀਰਵਾਰ ਸਵੇਰੇ ਕਰੀਬ 6 ਵਜੇ ਦਿੱਲੀ ਤੋਂ ਲੰਡਨ ਲਈ ਉਡਾਣ ਭਰੀ ਸੀ। ਜਦੋਂ ਜਹਾਜ਼ ਸਾਊਦੀ ਅਰਬ ਦੀ ਹਵਾਈ ਸੀਮਾ ਵਿੱਚ ਸੀ, ਤਾਂ ਤਕਨੀਕੀ ਖ਼ਰਾਬੀ ਦਾ ਸ਼ੱਕ ਪਿਆ। ਚਾਰ ਘੰਟੇ ਦੀ ਉਡਾਣ ਤੋਂ ਬਾਅਦ ਜਹਾਜ਼ ਨੂੰ ਵਾਪਸ ਮੋੜਨ ਦਾ ਫੈਸਲਾ ਕੀਤਾ ਗਿਆ ਅਤੇ ਦੁਪਹਿਰ ਕਰੀਬ 12:30 ਵਜੇ ਇਹ ਵਾਪਸ ਦਿੱਲੀ ਉਤਰਿਆ। ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਸੁਰੱਖਿਆ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ Precautionary Air-Return (ਸਾਵਧਾਨੀ ਵਜੋਂ ਵਾਪਸੀ) ਸੀ।
ਹੈਰਾਨੀ ਦੀ ਗੱਲ ਇਹ ਹੈ ਕਿ ਇਹੀ ਜਹਾਜ਼ (VT-JRF) 15 ਮਾਰਚ ਨੂੰ ਵੀ ਤਕਨੀਕੀ ਦਿੱਕਤ ਦਾ ਸਾਹਮਣਾ ਕਰ ਚੁੱਕਾ ਹੈ। ਉਸ ਸਮੇਂ ਨਿਊਯਾਰਕ ਤੋਂ ਦਿੱਲੀ ਆ ਰਹੀ ਫਲਾਈਟ ਨੂੰ ਆਇਰਲੈਂਡ ਦੇ ਸ਼ੈਨਨ ਸ਼ਹਿਰ ਵੱਲ ਮੋੜਨਾ ਪਿਆ ਸੀ। ਏਅਰ ਇੰਡੀਆ ਨੇ ਜਨਵਰੀ 2024 ਵਿੱਚ ਹੀ ਇਨ੍ਹਾਂ ਨਵੇਂ ਏ350-900 ਜਹਾਜ਼ਾਂ ਦਾ ਸੰਚਾਲਨ ਸ਼ੁਰੂ ਕੀਤਾ ਸੀ, ਪਰ ਵਾਰ-ਵਾਰ ਆ ਰਹੀਆਂ ਖ਼ਰਾਬੀਆਂ ਨੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਏਅਰਲਾਈਨ ਨੇ ਮੁਸਾਫ਼ਰਾਂ ਨੂੰ ਹੋਈ ਅਸੁਵਿਧਾ ਲਈ ਅਫਸੋਸ ਪ੍ਰਗਟਾਇਆ ਹੈ। ਬੁਲਾਰੇ ਨੇ ਕਿਹਾ ਕਿ ਜਹਾਜ਼ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਸਾਫ਼ਰਾਂ ਨੂੰ ਜਲਦੀ ਤੋਂ ਜਲਦੀ ਦੂਜੇ ਜਹਾਜ਼ ਰਾਹੀਂ ਲੰਡਨ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਜਹਾਜ਼ ਵਿੱਚ ਸਵਾਰ ਮੁਸਾਫ਼ਰਾਂ ਦੀ ਸਹੀ ਗਿਣਤੀ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ।

