Yudh Nasheyan Virudh: ਯੁੱਧ ਨਸ਼ਿਆਂ ਵਿਰੁੱਧ ਸਮਾਗਮ ’ਚ ਨਸ਼ੇ ਖ਼ਤਮ ਨਾ ਹੋਣ ਦਾ ਮੁੱਦਾ ਭਾਰੂ
ਛੋਟੇ-ਮੋਟੇ ਤਸਕਰਾਂ ਦੀ ਥਾਂ ਮੁੱਖ ਚੇਨ ਨੂੰ ਤੋਡ਼ਨ ਦੀ ਅਪੀਲ
ਮਲਸੀਆਂ ਦੇ ਪੈਲੇਸ ਵਿੱਚ ਯੁੱਧ ਨਸ਼ਿਆਂ ਵਿਰੁੱਧ ਕਰਵਾਏ ਗਏ ਸਮਾਗਮ ’ਚ ਨਸ਼ਿਆਂ ਦੇ ਖਤਮ ਨਾ ਹੋਣ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉੱਠਿਆ। ਪੰਜਾਬ ਪੁਲੀਸ ਦੇ ਸੇਵਾਮੁਕਤ ਅਧਿਕਾਰੀ (‘ਆਪ’ ਵਰਕਰ) ਨਿਰਮਲ ਸਿੰਘ ਮਹਿਤਪੁਰ ਨੇ ਸਮਾਗਮ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਮਲੀਆਂ ਤੇ ਛੋਟੇ-ਮੋਟੇ ਬਲੈਕੀਆਂ ਖ਼ਿਲਾਫ਼ ਕੇਸ ਦਰਜ ਕਰਨ ਨਾਲ ਨਸ਼ਿਆਂ ਦਾ ਖਾਤਮਾ ਨਹੀਂ ਹੋਣਾ। ਇਸ ਦਾ ਖਾਤਮਾ ਕਰਨ ਲਈ ਇਸ ਨਾਲ ਜੁੜੀ ਚੇਨ ਨੂੰ ਤੋੜਨਾ ਪਵੇਗਾ। ਨਿਰਮਲ ਸਿੰਘ ਸਰਾਭਾ ਮਲਸੀਆਂ ਅਤੇ ਗੋਰਾ ਬਾਬਾ ਨੇ ਕਿਹਾ ਕਿ ਪੁਲੀਸ ਅਜੇ ਤੱਕ ਨਸਿਆਂ ਉੱਪਰ ਮੁਕੰਮਲ ਕਾਬੂ ਪਾਉਣ ’ਚ ਕਾਮਯਾਬ ਨਹੀਂ ਹੋ ਸਕੀ। ਨਸ਼ਾ ਮੁਕਤੀ ਮੋਰਚਾ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਅਜੇ ਭੀਲ ਨੇ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਸਰਕਾਰ ਤੇ ਪੁਲੀਸ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਐੱਸ ਡੀ ਐੱਮ ਅਦਿੱਤਿਆ ਗੁਪਤਾ ਅਤੇ ਡੀ ਐੱਸ ਪੀ ਸਰਵਨ ਸਿੰਘ ਬੱਲ ਨੇ ਨਸ਼ਿਆਂ ਖ਼ਿਲਾਫ਼ ਛੇੜੀ ਮੁਹਿੰਮ ਦੇ ਸਾਰਥਿਕ ਸਿੱਟੇ ਨਿਕਲਣ ਦੀ ਗੱਲ ਕੀਤੀ। ‘ਆਪ’ ਦੇ ਸ਼ਾਹਕੋਟ ਦੇ ਹਲਕਾ ਇੰਚਾਰਜ ਬਲਵੀਰ ਸਿੰਘ (ਪਾਲਾ ਜਲਾਲਪੁਰੀ) ਨੇ ਕਿਹਾ ਕਿ ਨਸ਼ਿਆਂ ਨੂੰ ਖਤਮ ਕਰਨ ਲਈ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਿਆ ਜਾਵੇਗਾ। ਇਸ ਕਾਰਜ ਲਈ ਪੰਜਾਬ ਸਰਕਾਰ ਨੇ ਸੂਬੇ ਵਿਚ 3000 ਖੇਡ ਮੈਦਾਨ ਤਿਆਰ ਕੀਤੇ ਹਨ। ਨਸ਼ਾ ਮੁਕਤੀ ਮੋਰਚਾ ਹਲਕਾ ਸ਼ਾਹਕੋਟ ਦੇ ਕੋਆਰਡੀਨੇਟਰ ਜਗਜੋਤ ਸਿੰਘ ਆਹਲੂਵਾਲੀਆ, ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਸਵਿੰਦਰ ਸੋਨੂੰ, ‘ਆਪ’ ਆਗੂ ਪਰਵੀਨ ਗਰੋਵਰ ਅਤੇ ਕੁਲਦੀਪ ਸਿੰਘ ਦੀਦ ਨੇ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ।

